ਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
Sep25,2026
| Gurvinder Singh Mohali | Chandigarh
ਚੰਡੀਗੜ, 25 ਸਤੰਬਰ (ਗੁਰਵਿੰਦਰ ਸਿੰਘ) ਚੰਡੀਗੜ੍ਹ ਦੇ ਸੈਕਟਰ-22 ਵਿਚ ਚੰਡੀਗੜ੍ਹ ਪੁਲੀਸ ਦੇ ਇੱਕ ਹੈਡ ਕਾਂਸਟੇਬਲ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹੈਡ ਕਾਂਸਟੇਬਲ ਨਿਤਿਨ ਨੂੰ ਉਸਦੇ ਘਰ ਵਿੱਚ ਹੀ ਗੋਲੀ ਮਾਰੀ ਗਈ। ਗੋਲ਼ੀ ਚੱਲਣ ਦੀ ਆਵਾਜ਼ ਸੁਣ ਕੇ ਗੁਆਂਢੀਆਂ ਨੇ ਪੁਲੀਸ ਕੰਟੋਰਲ ਰੂਮ ਨੂੰ ਸੂਚਨਾ ਦਿੱਤੀ । ਜਦੋਂ ਪੁਲੀਸ ਮੌਕੇ ਤੇ ਪਹੁੰਚੀ ਤਾਂ ਹੈਡ ਕਾਂਸਟੇਬਲ ਜ਼ਖ਼ਮੀ ਹਾਲਤ ਵਿਚ ਬੈਡ ਤੇ ਪਿਆ ਮਿਲਿਆ। ਨਿਤਿਨ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੇ ਮੌਕੇ ਤੋਂ ਦੇਸੀ ਕੱਟਾ ਬਰਾਮਦ ਕੀਤਾ ਹੈ। ਸ਼ੁਰੂਆਤੀ ਜਾਂਚ ਵਿਚ ਨਿਤਿਨ ਦੇ ਨਾਬਾਲਗ ਬੇਟੇ ਨੇ ਕਿਸੇ ਵਿਅਕਤੀ ਤੇ ਗੋਲ਼ੀ ਮਾਰਨ ਦਾ ਦੋਸ਼ ਲਗਾਇਆ ਪਰ ਪੁਲੀਸ ਨੂੰ ਉਸ ਦੇ ਬਿਆਨ ਤੇ ਸ਼ੱਕ ਹੋਇਆ। ਪੁਲੀਸ ਨੇ ਨਾਬਾਲਗ ਬੇਟੇ ਨੂੰ ਹਿਰਾਸਤ ਵਿਚ ਲਿਆ ਹੈ। ਵਾਰਦਾਤ ਦੌਰਾਨ ਮਾਂ-ਪੁੱਤ ਘਰ ਵਿਚ ਹੀ ਮੌਜੂਦ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਸਵੇਰੇ 9 ਵਜੇ ਦੇ ਕਰੀਬ ਵਾਪਰੀ। ਹੈਡ ਕਾਂਸਟੇਬਲ ਨਿਤਿਨ (ਉਮਰ 42 ਸਾਲ) ਸੈਕਟਰ-9 ਵਿੱਚ ਸਥਿਤ ਪੁਲੀਸ ਹੈਡਕੁਆਰਟਰ ਵਿੱਚ ਅਕਾਊਂਟਸ ਬਰਾਂਚ ਵਿੱਚ ਤਾਇਨਾਤ ਸੀ।
ਗੁਆਂਢੀਆਂ ਮੁਤਾਬਕ ਸ਼ੁਰੂ ਵਿੱਚ ਨਿਤਿਨ ਦੇ ਘਰੋਂ ਰੌਲੇ ਦੀਆਂ ਆਵਾਜ਼ਾਂ ਆ ਰਹੀਆਂ ਸਨ । ਥੋੜ੍ਹੀ ਦੇਰ ਬਾਅਦ ਅਚਾਨਕ ਗੋਲ਼ੀ ਚੱਲਣ ਦੀ ਆਵਾਜ਼ ਆਈ। ਗੁਆਂਢੀਆਂ ਨੇ ਪੁਲੀਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਸੈਕਟਰ-17 ਦੀ ਪੁਲੀਸ ਤੁਰੰਤ ਮੌਕੇ ਤੇ ਪਹੁੰਚੀ ਘਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਘਟਨਾ ਉਪਰੰਤ ਪੁਲੀਸ ਨੇ ਨਿਤਿਨ ਦੇ 17 ਸਾਲਾ ਪੁੱਤਰ ਤੋਂ ਪੁੱਛਗਿੱਛ ਕੀਤੀ। ਆਪਣੇ ਸ਼ੁਰੂਆਤੀ ਬਿਆਨ ਵਿੱਚ ਪੁੱਤਰ ਨੇ ਪੁਲੀਸ ਨੂੰ ਦੱਸਿਆ ਕਿ ਬਾਹਰੋਂ ਆ ਕੇ ਕਿਸੇ ਵਿਅਕਤੀ ਨੇ ਉਸ ਦੇ ਪਿਤਾ ਨੂੰ ਗੋਲ਼ੀ ਮਾਰ ਦਿੱਤੀ ਅਤੇ ਮੌਕੇ ਤੋਂ ਭੱਜ ਗਿਆ। ਜਦੋਂ ਪੁਲੀਸ ਨੇ ਉਸ ਤੋਂ ਘਟਨਾ ਬਾਰੇ ਦੋਬਾਰਾ ਪੁੱਛਗਿੱਛ ਕੀਤੀ ਤਾਂ ਉਸ ਦੇ ਬਿਆਨ ਵਿੱਚ ਸ਼ੱਕ ਸਾਹਮਣੇ ਆਇਆ। ਪੁਲੀਸ ਨੂੰ ਪੁੱਤਰ ਦੇ ਬਿਆਨ ਤੇ ਸ਼ੱਕ ਹੋਣ ਤੋਂ ਬਾਅਦ ਉਸ ਤੋਂ ਵਾਰ-ਵਾਰ ਪੁੱਛਗਿੱਛ ਕੀਤੀ ਗਈ। ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਗੋਲ਼ੀ ਕਿਸਨੇ ਚਲਾਈ। ਪੁਲੀਸ ਘਟਨਾ ਸਥਾਨ ਤੋਂ ਬਰਾਮਦ ਕੀਤੇ ਗਏ ਸਬੂਤਾਂ, ਦੇਸੀ ਪਿਸਤੌਲ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਨੂੰ ਜੋੜ ਕੇ ਘਟਨਾਵਾਂ ਦੇ ਕ੍ਰਮ ਨੂੰ ਜੋੜ ਰਹੀ ਹੈ। ਪੁਲੀਸ ਮੁਤਾਬਕ ਕੁਝ ਦਿਨ ਪਹਿਲਾਂ ਮਨੀਮਾਜਰਾ ਵਿਚ ਨਿਤਿਨ ਦੇ ਨਾਬਾਲਗ ਬੇਟੇ ਦਾ ਥਾਰ ਗੱਡੀ ਨਾਲ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲੀਸ ਇਸ ਘਟਨਾ ਬਾਰੇ ਵੀ ਜਾਣਕਾਰੀ ਇਕੱਠੀ ਕਰ ਰਹੀ ਹੈ। ਉਹ ਜਾਂਚ ਕਰ ਰਹੇ ਹਨ ਕਿ ਕੀ ਇਸ ਪੁਰਾਣੇ ਮਾਮਲੇ ਅਤੇ ਅੱਜ ਸਵੇਰੇ ਵਾਪਰੀ ਗੋਲੀਬਾਰੀ ਦੀ ਘਟਨਾ ਵਿਚਕਾਰ ਕੋਈ ਸਬੰਧ ਹੈ।
ਘਟਨਾ ਦੀ ਸੂਚਨਾ ਮਿਲਣ ਤੇ ਐਸ. ਐਸ. ਪੀ. ਕੰਵਰਦੀਪ ਕੌਰ ਨੇ ਵੀ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਉਹਨਾਂ ਕਿਹਾ ਕਿ ਦੱਸਿਆ ਕਿ ਪੁਲੀਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਹਨ। ਇਕ ਦੇਸੀ ਪਿਸਤੌਲ ਬਰਾਮਦ ਹੋਇਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨਾਬਾਲਗ ਤੋਂ ਪੁੱਛਗਿੱਛ ਅਤੇ ਘਟਨਾ ਸਥਾਨ ਤੋਂ ਬਰਾਮਦ ਹੋਏ ਸਬੂਤਾਂ ਦੇ ਆਧਾਰ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
-chandigarhnews-sector22-chandigarhpolice-headconstable-crimenews