ਈ ਡੀ ਵੱਲੋਂ ਗਮਾਡਾ ਦਫ਼ਤਰ ਵਿੱਚ ਛਾਪੇਮਾਰੀ ਜਾਰੀ ਪੰਜਾਬ ਦੇ ਮਕਾਨ ਉਸਾਰੀ ਸਕੱਤਰ ਵਿਕਾਸ ਗਰਗ ਦੇ ਚੰਡੀਗੜ੍ਹ ਸਥਿਤ ਘਰ ਤੇ ਵੀ ਪਹੁੰਚੀ ਟੀਮ
Sep23,2026
| Gurvinder Singh Mohali | Sas Nagar (mohali)
ਮੋਹਾਲੀ , 23 ਸਤੰਬਰ (ਗੁਰਵਿੰਦਰ ਸਿੰਘ)
ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਬੀਤੇ ਦਿਨ ਫੇਜ਼ 8 ਵਿੱਚ ਸਥਿਤ ਗਮਾਡਾ ਦਫ਼ਤਰ ਵਿੱਚ ਸ਼ੁਰੂ ਕੀਤੀ ਛਾਪੇਮਾਰੀ ਰਾਤ ਭਰ ਜਾਰੀ ਰਹੀ ਹੈ। ਇਸ ਦੌਰਾਨ ਈ ਡੀ ਦੇ ਅਧਿਕਾਰੀਆਂ ਵੱਲੋਂ ਸਾਰੀ ਰਾਤ ਗਮਾਡਾ ਦਫ਼ਤਰ ਵਿੱਚ ਬੈਠ ਕੇ ਵੱਖ-ਵੱਖ ਫ਼ਾਈਲਾਂ ਦੀ ਪੜਤਾਲ ਕੀਤੀ ਗਈ ਅਤੇ ਹੋਰ ਦਸਤਾਵੇਜ਼ ਖੰਗਾਲੇ ਗਏ ਹਨ। ਖਬਰ ਲਿਖੇ ਜਾਣ ਤਕ ਛਾਪੇਮਾਰੀ ਦੀ ਇਹ ਕਾਰਵਾਈ ਜਾਰੀ ਸੀ ਅਤੇ ਈ ਡੀ ਵਲੋਂ ਗਮਾਡਾ ਦਫਤਰ ਦੇ ਬਾਹਰ ਦਫਤਰ ਬੰਦ ਰਹਿਣ ਦਾ ਨੋਟਿਸ ਲਗਾ ਦਿੱਤਾ ਗਿਆ ਸੀ। ਜਿਕਰਯੋਗ ਹੈ ਕਿ ਬੀਤੇ ਕੱਲ ਸਵੇਰੇ ਸਾਢੇ ਗਿਆਰਾ ਵਜੇ ਦੇ ਕਰੀਬ ਈ ਡੀ ਦੀਆਂ ਟੀਮਾਂ ਵਲੋਂ ਗਮਾਡਾ ਦਫਤਰ ਵਿੱਚ ਪਹੁੰਚ ਕੇ ਛਾਪੇਮਾਰੀ ਦੀ ਕਾਰਵਾਈ ਆਰੰਭ ਕੀਤੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਈ ਡੀ ਦੀ ਟੀਮ ਗਮਾਡਾ ਅਧਿਕਾਰੀਆਂ ਵਲੋਂ ਨਿੱਜੀ ਬਿਲਡਰਾਂ ਨੂੰ ਫਾਇਦਾ ਪਹੁੰਚਾਉਣ ਲਈ ਨਿਯਮਾਂ ਦੀ ਉਲੰਘਣਾ ਕਰਕੇ ਸਰਕਾਰ ਨੂੰ ਲਗਭਗ 150 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਇਆ ਗਿਆ ਹੈ ਅਤੇ ਈ ਡੀ ਵੱਲੋਂ ਇਸ ਮਾਮਲੇ ਵਿੱਚ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ।
ਇਸ ਦੌਰਾਨ ਗਮਾਡਾ ਵਿੱਚ ਹੋਈਆਂ ਕਥਿਤ ਵਿੱਤੀ ਬੇਨਿਯਮੀਆਂ ਅਤੇ ਘਪਲਿਆਂ ਦੀ ਜਾਂਚ ਕਰ ਰਹੀ ਈ ਡੀ ਦੀ ਟੀਮ ਨੇ ਪੰਜਾਬ ਦੇ ਹਾਊਸਿੰਗ ਸਕੱਤਰ ਵਿਕਾਸ ਗਰਗ ਦੇ ਚੰਡੀਗੜ੍ਹ ਸਥਿਤ ਘਰ ਵਿੱਚ ਛਾਪੇਮਾਰੀ ਕੀਤੀ ਹੈ। ਕੇਂਦਰੀ ਜਾਂਚ ਏਜੰਸੀ ਵੱਲੋਂ ਬੀਤੀ ਰਾਤ ਕਰੀਬ 11 ਵਜੇ ਉਹਨਾਂ ਦੇ ਘਰ ਪਹੁੰਚ ਕੇ ਇਹ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜੋ ਦੇਰ ਰਾਤ ਤੱਕ ਜਾਰੀ ਰਹੀ। ਇਸ ਜਾਂਚ ਦੌਰਾਨ ਹੁਣ ਅਥਾਰਟੀ ਲਈ ਲੈਂਡ ਐਗਰੀਗੇਟਰ ਵਜੋਂ ਕੰਮ ਕਰਨ ਵਾਲੀ ਕੰਪਨੀ 'ਟਿਲਾ ਕੰਸਲਟੈਂਟਸ ਐਂਡ ਕੰਟਰੈਕਟਰਜ਼ ਪ੍ਰਾਈਵੇਟ ਲਿਮਟਿਡ' ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿੱਚ ਆ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗਮਾਡਾ ਵਲੋਂ ਜ਼ਮੀਨ ਐਕਵਾਇਰ ਕਰਨ ਅਤੇ ਨਿੱਜੀ ਰੀਅਲਟਰਾਂ ਨੂੰ ਜ਼ਮੀਨ ਦੀ ਵਰਤੋਂ ਤਬਦੀਲੀ ਦੀਆਂ ਮਨਜ਼ੂਰੀਆਂ ਦੇਣ ਵਿੱਚ ਕਥਿਤ ਗੜਬੜੀਆਂ ਹੋਈਆਂ ਹਨ। ਇਹਨਾਂ ਵਿੱਚ ਕੀਰਤੀ ਸਾਧੂ ਬਾਸ ਦੀ ਮਲਕੀਅਤ ਵਾਲੀ ਇਸ ਕੰਪਨੀ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਕੰਸਲਟੈਂਸੀ ਕੰਪਨੀ ਕਈ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਦੀਆਂ ਅਥਾਰਟੀਆਂ ਲਈ ਕੰਮ ਕਰਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਈ ਡੀ ਵੱਲੋਂ ਉਨ੍ਹਾਂ ਵਿਅਕਤੀਆਂ ਦੇ ਰਿਕਾਰਡਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਜ਼ਮੀਨ ਹਾਲ ਹੀ ਵਿੱਚ ਗਮਾਡਾ ਵੱਲੋਂ ਨਿਊ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਐਕਵਾਇਰ ਕੀਤੀ ਗਈ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਈਡੀ ਵੱਲੋਂ ਮੁਹਾਲੀ ਵਿੱਚ ਗਮਾਡਾ ਮੁੱਖ ਦਫ਼ਤਰ ਸਮੇਤ ਦਿੱਲੀ, ਚੰਡੀਗੜ੍ਹ, ਪੰਚਕੂਲਾ ਅਤੇ ਲੁਧਿਆਣਾ ਸਮੇਤ ਕੁੱਲ 27 ਠਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਹੈ। ਈ ਡੀ ਦੀਆਂ ਟੀਮਾਂ ਨੇ ਸੀ.ਆਰ.ਪੀ.ਐਫ. ਦੇ ਜਵਾਨਾਂ ਦੀ ਮਦਦ ਨਾਲ ਗਮਾਡਾ ਦਫ਼ਤਰ ਨੂੰ ਸੀਲ ਕਰ ਦਿੱਤਾ ਗਿਆ ਹੈ। ਮੁੱਖ ਇੰਜੀਨੀਅਰ ਦੇ ਕਮਰੇ ਨੂੰ ਵੀ ਆਪਣੇ ਘੇਰੇ ਵਿੱਚ ਲਿਆ।
ਜਾਂਚ ਦੌਰਾਨ ਪ੍ਰਾਈਵੇਟ ਬਿਲਡਰਾਂ ਨੂੰ ਗ਼ਲਤ ਤਰੀਕੇ ਨਾਲ ਜ਼ਮੀਨ ਦੀ ਵਰਤੋਂ ਤਬਦੀਲੀ ਦੀ ਮਨਜ਼ੂਰੀ ਦੇਣ ਨਾਲ ਜੁੜੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਐਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਵੱਲੋਂ ਗਮਾਡਾ ਵਿੱਚ ਕਥਿਤ ਤੌਰ ਤੇ ਗ਼ਲਤ ਢੰਗ ਨਾਲ ਜ਼ਮੀਨਾਂ ਦੀ ਸੀਐਲਯੂ ਦੇਣ ਨੂੰ ਲੈ ਕੇ ਗਮਾਡਾ ਦੇ ਮੌਜੂਦਾ ਅਧਿਕਾਰੀਆਂ ਅਤੇ ਸਾਬਕਾ ਅਧਿਕਾਰੀਆਂ ਨੂੰ ਨਿਸ਼ਾਨੇ ਉੱਤੇ ਲਿਆ ਜਾ ਰਿਹਾ ਹੈ।
-ed-gmada-mohali-vikasgarg-edraid