ਚੰਡੀਗੜ੍ਹ ਦੇ ਸੈਕਟਰ 52 ਦੇ ਪੈਟਰੋਲ ਪੰਪ ਤੇ ਮੋਹਾਲੀ ਪੁਲੀਸ ਦਾ ਫੇਜ਼ 10 ਦੇ ਫਿਰੌਤੀ ਮਾਮਲੇ ਦੇ ਮੁਲਜਮ ਨਾਲ ਹੋਇਆ ਮੁਕਾਬਲਾ?
Sep13,2026
| Gurvinder Singh | Mohali
ਮੁਕਾਬਲੇ ਵਿੱਚ ਜਖਮੀ ਵਿਅਕਤੀ ਪੀ ਜੀ ਆਈ ਵਿੱਚ ਦਾਖਿਲ
ਮੋਹਾਲੀ 12 ਸਤੰਬਰ
ਗੁਰਵਿੰਦਰ ਸਿੰਘ
ਮੋਹਾਲੀ ਦੇ ਇੱਕ ਪ੍ਰਮੁੱਖ ਸ਼ਾਪਿੰਗ ਮਾਲ ਦੇ ਭਾਈਵਾਲ ਦੇ ਫੇਜ਼-10 ਸਥਿਤ ਘਰ ਤੇ ਹੋਈ ਗੋਲੀਬਾਰੀ ਦੀ ਘਟਨਾ ਦੇ ਮੁਲਜਮ ਦਾ ਪਿੱਛਾ ਕਰਦਿਆਂ ਮੁਹਾਲੀ ਪੁਲੀਸ ਵੱਲੋਂ ਬੀਤੀ ਦੇਰ ਰਾਤ ਸੈਕਟਰ 52 ਦੇ ਪੈਟਰੋਲ ਪੰਪ ਤੇ ਮੁਲਜਮ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਮੁਲਜਮ ਵਲੋਂ ਕਥਿਤ ਤੌਰ ਤੇ ਪੁਲੀਸ ਮੁਲਾਜਮਾਂ ਉੱਪਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕਰਦਿਆਂ ਗੱਡੀ ਭਜਾ ਲਈ ਗਈ ਅਤੇ ਬਾਅਦ ਵਿੱਚ ਗੋਲੀਆਂ ਲੱਗਣ ਨਾਲ ਜਖਮੀ ਇਹ ਵਿਅਕਤੀ ਪੀ ਜੀ ਆਈ ਵਿੱਚ ਦਾਖਿਲ ਹੋ ਗਿਆ ਜਿੱਥੇ ਚੰਡੀਗੜ੍ਹ ਪੁਲੀਸ ਉਸਦੀ ਨਿਗਰਾਨੀ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੀ ਆਈ ਏ ਸਟਾਫ ਦੀ ਟੀਮ ਵਲੋਂ ਇਸ ਸ਼ੱਕੀ ਵਿਅਕਤੀ ਦਾ ਸੈਕਟਰ 79 ਤੋਂ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਜਦੋਂ ਉਹ ਸੈਕਟਰ 52 ਵਿੱਚ ਚੰਡੀਗੜ੍ਹ ਵਿੱਚ ਦਾਖਲ ਹੋਇਆ ਤਾਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਦੌਰਾਨ ਉਸਤੇ ਗੋਲੀ ਚਲਾਈ ਗਈ।
ਪੁਲੀਸ ਸੂਤਰਾਂ ਅਨੁਸਾਰ ਪੈਟਰੋਲ ਪੰਪ ਤੇ ਪੁਲੀਸ ਮੁਲਾਜਮ ਵਲੋਂ ਉਸਨੂੰ ਆਪਣੀ ਆਈ ਡੀ ਵਿਖਾਉਂਦਿਆਂ ਗੱਡੀ ਤੋਂ ਬਾਹਰ ਆਉਣ ਲਈ ਕਿਹਾ ਗਿਆ ਪਰੰਤੂ ਉਸਨੇ ਆਪਣੀ ਗੱਡੀ ਭਜਾ ਲਈ ਅਤੇ ਪੁਲੀਸ ਮੁਲਾਜਮ ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਜਿਸਤੋਂ ਬਾਅਦ ਪੁਲੀਸ ਵਲੋਂ ਗੋਲੀ ਚਲਾ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਸ਼ੱਕੀ ਨੂੰ ਦੋ ਗੋਲੀਆਂ ਲੱਗੀਆਂ, ਪਰ ਉਹ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਅਤੇ ਪੀ ਜੀ ਆਈ ਚੰਡੀਗੜ੍ਹ ਵਿੱਚ ਦਾਖਿਲ ਹੋ ਗਿਆ। ਉਸ ਵਿਅਕਤੀ ਵਲੋਂ ਫਰਾਰ ਹੋਣ ਦੌਰਾਨ ਸੈਕਟਰ 52 ਪੈਟਰੋਲ ਪੰਪ ਦੇ ਨੇੜੇ ਇੱਕ ਵਾਹਨ ਨੂੰ ਟੱਕਰ ਮਾਰ ਕੇ ਉਸਦਾ ਵੀ ਨੁਕਸਾਨ ਕੀਤਾ ਗਿਆ।
ਇਸ ਸੰਬੰਧੀ ਚੰਡੀਗੜ੍ਹ ਪੁਲੀਸ ਵਲੋਂ ਵੀ ਇਸ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਹਸਪਤਾਲ ਤੋਂ ਛੁੱਟੀ ਮਿਲਣ ਤੇ ਉਸ ਨੂੰ ਹਿਰਾਸਤ ਵਿੱਚ ਲਿਆ ਜਾਵੇਗਾ।
ਸੂਤਰਾਂ ਨੇ ਦੱਸਿਆ ਕਿ ਸੋਮਵਾਰ ਨੂੰ ਫਿਰੌਤੀ ਦੀ ਮੰਗ ਨੂੰ ਲੈ ਕੇ ਇੱਕ ਫੇਜ਼ 10 ਘਰ ਵਿੱਚ ਇੱਕ ਘਰ ਤੇ ਛੇ ਗੋਲੀਆਂ ਚਲਾਈਆਂ ਗਈਆਂ ਸਨ। ਤਿੰਨ ਦਿਨ ਪਹਿਲਾਂ, ਕਾਰੋਬਾਰੀ ਦੇ ਸਾਂਝੇਦਾਰ ਨੂੰ ਵੀ ਗੋਲੀਆਂ ਚਲਾ ਕੇ ਡਰਾਇਆ ਧਮਕਾਇਆ ਗਿਆ ਸੀ।
ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਸੀ ਸੀ ਟੀ ਵੀ ਫੁਟੇਜ ਦੌਰਾਨ ਇਸ ਗੱਡੀ ਦਾ ਨੰਬਰ ਮਿਲਿਆ ਸੀ ਅਤੇ ਗੱਡੀ ਦੀ ਪਹਿਚਾਨ ਹੋ ਗਈ ਸੀ। ਪਹਿਲਾਂ ਇਸ ਵਿਅਕਤੀ ਦੀ ਲੋਕੇਸ਼ਨ ਖਰੜ ਨੇੜੇ ਦੀ ਆ ਰਹੀ ਸੀ ਅਤੇ ਪੁਲੀਸ ਇਸਦਾ ਪਿੱਛਾ ਕਰ ਰਹੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮਨੀਸ਼ ਨਾਮ ਦੇ ਇਸ ਵਿਅਕਤੀ ਦੇ ਖਿਲਾਫ ਪਹਿਲਾਂ ਵੀ ਐਨ ਡੀ ਪੀ ਐਸ ਦਾ ਇੱਕ ਮਾਮਲਾ ਦਰਜ ਹੈ ਅਤੇ ਉਹ ਬੀਤੀ 18 ਤਰੀਕ ਨੂੰ ਹੀ ਰਿਹਾ ਹੋਇਆ ਸੀ।
-mohalinews-mohalipolice-chandigarhnews-firingincident-extortioncase