ਫੇਜ਼ 7 ’ਚ ਪੁਲੀਸ ਸਟਿਕਰ ਲੱਗੀ ਗੱਡੀ ’ਚੋਂ ਸ਼ਰਾਬ ਦਾ ਜ਼ਖੀਰਾ ਬਰਾਮਦ, ਪਿਸਤੌਲ ਵਿਖਾ ਕੇ ਭੱਜਿਆ ਇੱਕ ਵਿਅਕਤੀ
May24,2026
| Gurwinder Singh | Sas Nagar (mohali)
ਰੂਬੀ ਸਿੱਧੂ ਅਤੇ ਸਮਰਥਕਾਂ ਨੇ ਘੇਰੀ ਕਾਲੀ ਗੱਡੀ; 5 ਪੇਟੀਆਂ ਸ਼ਰਾਬ, ਚਾਕੂ ਅਤੇ ਪੁਲੀਸ ਵਰਦੀ ਮਿਲੀ, ਪੁਲੀਸ ਜਾਂਚ ’ਚ ਜੁਟੀ
ਮੋਹਾਲੀ , 24 ਮਈ (ਗੁਰਵਿੰਦਰ ਸਿੰਘ ) ਸਥਾਨਕ ਫੇਜ਼ 7 ਦੇ ਵਾਰਡ ਨੰਬਰ 10 ਦੇ ਖੇਤਰ ਵਿੱਚ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੇ ਉਮੀਦਵਾਰ ਅਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਪੁੱਤਰ ਕੰਵਨਬੀਰ ਸਿੰਘ ਰੂਬੀ ਸਿੱਧੂ ਵਲੋਂ ਆਪਣੇ ਸਮਰਥਕਾਂ ਦੇ ਨਾਲ 10 ਮਰਲਾ ਕੋਠੀਆਂ ਦੇ ਖੇਤਰ ਵਿੱਚ ਇੱਕ ਕਾਲੀ ਗੱਡੀ ਨੂੰ ਕਾਬੂ ਕੀਤਾ ਜਿਸ ਵਿੱਚ 5 ਪੇਟੀਆਂ ਸ਼ਰਾਬ ਲੱਦੀ ਹੋਈ ਸੀ। ਕੰਵਰਬੀਰ ਰੂਬੀ ਅਨੁਸਾਰ ਉਹਨਾਂ ਨੂੰ ਪਤਾ ਲੱਗਿਆ ਕਿ ਇੱਕ ਕਾਲੀ ਗੱਡੀ ਵਿੱਚ ਸ਼ਰਾਬ ਲਿਆ ਕੇ ਉਤਾਰੀ ਜਾ ਰਹੀ ਹੈ ਅਤੇ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਵੇਖਿਆ ਕਿ ਗੱਡੀ ਵਿੱਚ ਸ਼ਰਾਬ ਦੀਆਂ ਪੇਟੀਆਂ ਪਈਆਂ ਸਨ ਅਤੇ ਦੋ ਵਿਅਕਤੀ ਬੈਠੇ ਸਨ। ਉਹਨਾਂ ਇਲਜਾਮ ਲਗਾਇਆ ਕਿ ਇੱਕ ਵਿਅਕਤੀ ਵਲੋਂ ਉਹਨਾਂ ਨੂੰ ਪਿਸਤੌਲ ਵਿਖਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਜਦੋਂ ਉਹਨਾਂ ਦੇ ਸਮਰਥਕ ਇਕੱਠੇ ਹੋਣ ਲੱਗੇ ਤਾਂ ਉਹ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ ਜਦੋਂਕਿ ਦੂਜੇ ਵਿਅਕਤੀ ਨੂੰ ਕਾਬੂ ਕਰਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ| ਗੱਡੀ ਵਿੱਚੋਂ 5 ਪੇਟੀਆਂ ਸ਼ਰਾਬ ਇੱਕ ਚਾਕੂ ਅਤੇ ਇੱਕ ਪੁਲੀਸ ਦੀ ਵਰਦੀ ਵੀ ਬਰਾਮਦ ਹੋਈ ਹੈ।
ਮੌਕੇ ਤੇ ਪਹੁੰਚੀ ਪੁਲੀਸ ਵਲੋਂ ਗੱਡੀ ਨੂੰ ਜਬਤ ਕਰ ਲਿਆ ਗਿਆ ਅਤੇ ਥਾਣੇ ਲਿਜਾਇਆ ਗਿਆ। ਮੌਕੇ ਤੇ ਪਹੁੰਚੇ ਡੀ ਐਸ ਪੀ ਗੁਰਚਰਨ ਸਿੰਘ ਨੇ ਕਿਹਾ ਕਿ ਪੁਲੀਸ ਵਲੋਂ ਪੂਰੇ ਮਾਮਲੇ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
Liquor-Recovered-From-Vehicle-With-Police-Sticker