*• 2 ਕਰੋੜ ਰੁਪਏ ਦੀ ਲਾਗਤ ਨਾਲ ਜਲਦ ਬਣੇਗੀ ਸੀਡ ਟੈਸਟਿੰਗ ਲੈਬ: ਖੁੱਡੀਆਂ*
*• ਖੇਤੀਬਾੜੀ ਵਸਤਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਮਾਨ ਸਰਕਾਰ ਵੱਲੋਂ 3.5 ਕਰੋੜ ਦੀ ਲਾਗਤ ਨਾਲ ਵਿਸ਼ੇਸ਼ ਉਪਰਾਲਾ: ਖੇਤੀਬਾੜੀ ਮੰਤਰੀ*
*• ਹੁਣ ਸੈਂਪਲ ਬਾਹਰ ਭੇਜਣ ਦੀ ਲੋੜ ਨਹੀਂ: ਸਥਾਨਕ ਲੈਬਾਂ ਸਮੇਂ ਤੇ ਪੈਸੇ ਦੀ ਬਚਤ ਦੇ ਨਾਲ ਗੁਣਵੱਤਾ ਦੇ ਮਿਆਰਾਂ ਨੂੰ ਯਕੀਨੀ ਬਣਾਉਣਗੀਆਂ: ਖੁੱਡੀਆਂ*
ਸੂਬੇ ਵਿੱਚ ਖੇਤੀਬਾੜੀ ਸਬੰਧੀ ਵਸਤਾਂ ਦੀ ਗੁਣਵੱਤਾ ਕੰਟਰੋਲ ਨੂੰ ਯਕੀਨੀ ਬਣਾਉਣ ਅਤੇ ਖੇਤੀਬਾੜੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਬਠਿੰਡਾ ਵਿਖੇ ਸੂਬੇ ਦੀ ਪਹਿਲੀ ਬਾਇਓ-ਫ਼ਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬਾਟਰੀ ਦਾ ਉਦਘਾਟਨ ਕੀਤਾ ਅਤੇ ਡੱਬਵਾਲੀ ਰੋਡ ਸਥਿਤ ਖੇਤੀ ਭਵਨ ਵਿਖੇ ਸੀਡ ਟੈਸਟਿੰਗ ਲੈਬ ਦਾ ਨੀਂਹ ਪੱਥਰ ਰੱਖਿਆ।
ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ 1.5 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੀ ਗਈ ਇਸ ਬਾਇਓ-ਫ਼ਰਟੀਲਾਈਜ਼ਰ ਲੈਬ ਦੀ ਸਾਲਾਨਾ ਜਾਂਚ ਸਮਰੱਥਾ ਘੱਟੋ-ਘੱਟ 1,000 ਸੈਂਪਲਾਂ ਦੀ ਹੈ। ਇਹ ਲੈਬ ਬਹੁਤ ਮਹੱਤਵਪੂਰਨ ਹੈ ਕਿਉਂਕਿ ਪੰਜਾਬ ਦੇ ਕਿਸਾਨ ਰਸਾਇਣਕ ਖਾਦਾਂ ਨੂੰ ਛੱਡ ਕੇ ਬਾਇਓ-ਫ਼ਰਟੀਲਾਈਜ਼ਰ (ਜੈਵਿਕ ਖਾਦਾਂ) ਵੱਲ ਰੁਖ ਕਰ ਰਹੇ ਹਨ ਅਤੇ ਇਹ ਲੈਬ ਬਾਜ਼ਾਰ ਵਿੱਚ ਉਪਲਬਧ ਉਤਪਾਦਾਂ ਦੀ ਗੁਣਵੱਤਾ ਦਾ ਪਤਾ ਲਗਾਉਣ ਵਿੱਚ ਉਨ੍ਹਾਂ ਦੀ ਮਦਦ ਕਰੇਗੀ।
ਉਨ੍ਹਾਂ ਕਿਹਾ ਕਿ 2 ਕਰੋੜ ਰੁਪਏ ਦੀ ਲਾਗਤ ਵਾਲੀ ਸੀਡ ਟੈਸਟਿੰਗ ਲੈਬ ਵਿਗਿਆਨਕ ਤਰੀਕੇ ਨਾਲ ਗੁਣਵੱਤਾ ਜਾਂਚ ਦੀ ਸਹੂਲਤ ਪ੍ਰਦਾਨ ਕਰੇਗੀ ਅਤੇ ਕਿਸਾਨਾਂ ਨੂੰ ਪ੍ਰਮਾਣਿਤ (ਸਰਟੀਫਾਈਡ) ਬੀਜ ਮਿਲਣਾ ਯਕੀਨੀ ਬਣਾਏਗੀ। ਬਾਇਓ-ਫ਼ਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬ ਦੇ ਨਾਲ ਮਿਲ ਕੇ ਇਹ ਸੀਡ ਟੈਸਟਿੰਗ ਲੈਬ, ਖੇਤੀ ਸਮੱਗਰੀ ਲਈ ਸਖ਼ਤ ਮਿਆਰ ਲਾਗੂ ਕਰੇਗੀ ਅਤੇ ਨਕਲੀ ਜਾਂ ਗੈਰ-ਮਿਆਰੀ ਉਤਪਾਦਾਂ ਦੀ ਵਿਕਰੀ ‘ਤੇ ਰੋਕ ਲਾਏਗੀ।
ਖੇਤੀਬਾੜੀ ਮੰਤਰੀ ਨੇ ਕਿਹਾ, “ਇਹ ਲੈਬਾਟਰੀਆਂ ਟੈਸਟਿੰਗ ਲਈ ਦੂਜੇ ਰਾਜਾਂ ਵਿੱਚ ਸੈਂਪਲ ਭੇਜਣ ਸਬੰਧੀ ਕਿਸਾਨਾਂ ਦੀ ਖੱਜਲ-ਖੁਆਰੀ ਨੂੰ ਖਤਮ ਕਰਨਗੀਆਂ। ਹੁਣ ਇਹ ਸਾਰੀ ਪ੍ਰਕਿਰਿਆ ਪੰਜਾਬ ਵਿੱਚ ਹੀ ਮੁਕੰਮਲ ਹੋਵੇਗੀ, ਜਿਸ ਨਾਲ ਸਮੇਂ ਅਤੇ ਪੈਸੇ ਦੋਵਾਂ ਦੀ ਬਚਤ ਹੋਵੇਗੀ।” ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ ਬੀਜ, ਖਾਦਾਂ ਅਤੇ ਹੋਰ ਖੇਤੀ ਸਮੱਗਰੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਖੇਤੀਬਾੜੀ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਨੇ ਕਿਹਾ ਕਿ ਇਹ ਦੋਵੇਂ ਲੈਬਾਟਰੀਆਂ ਵਿਭਾਗ ਦੀ ਤਕਨੀਕੀ ਸਮਰੱਥਾ ਨੂੰ ਮਜ਼ਬੂਤ ਕਰਨਗੀਆਂ ਅਤੇ ਬੀਜਾਂ ਤੇ ਜੈਵਿਕ ਖਾਦਾਂ ਦੀ ਸਮੇਂ ਸਿਰ ਅਤੇ ਭਰੋਸੇਮੰਦ ਜਾਂਚ ਨੂੰ ਯਕੀਨੀ ਬਣਾਉਣਗੀਆਂ। ਉਨ੍ਹਾਂ ਕਿਹਾ ਕਿ ਰਾਜ ਦੇ ਅੰਦਰ ਹੀ ਟੈਸਟਿੰਗ ਉਪਲਬਧ ਹੋਣ ਨਾਲ ਗੁਣਵੱਤਾ ਦੇ ਮਿਆਰਾਂ ਨੂੰ ਲਾਗੂ ਕਰਨ, ਨਤੀਜਿਆਂ ਵਿੱਚ ਹੋਣ ਵਾਲੀ ਦੇਰੀ ਨੂੰ ਘਟਾਉਣ ਅਤੇ ਕਿਸਾਨਾਂ ਨੂੰ ਬਿਜਾਈ ਤੋਂ ਪਹਿਲਾਂ ਸਹੀ ਫੈਸਲੇ ਲੈਣ ਵਿੱਚ ਮਦਦ ਮਿਲੇਗੀ।
ਇਸ ਮੌਕੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਮਾਸਟਰ ਜਗਸੀਰ ਸਿੰਘ, ਜਾਇੰਟ ਡਾਇਰੈਕਟਰ (ਪਲਾਂਟ ਪ੍ਰੋਟੈਕਸ਼ਨ) ਨਰਿੰਦਰ ਪਾਲ ਸਿੰਘ ਬੈਨੀਪਾਲ ਅਤੇ ਖੇਤੀਬਾੜੀ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
Gurmeet-Singh-Khudian-Inaugurates-Punjab-s-First-Bio-fertiliser-Quality-Control-Lab-In-Bathinda
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)