ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਦੀ ਮਦਦ ਲਈ ਪੁੱਜੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਚੰਡੀਗੜ੍ਹ/ਪਟਿਆਲਾ, 12 ਜੁਲਾਈ: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਹਾਂਸੀ-ਬੁਟਾਣਾ ਨਹਿਰ ਹੇਠਾਂ ਘੱਗਰ ਉਪਰ ਬਣੇ ਸਾਈਫ਼ਨਾਂ ਦੀ ਸਮੇਂ ਸਿਰ ਸਫ਼ਾਈ ਨਾ ਕਰਵਾਏ ਜਾਣ ਕਰਕੇ ਡਾਫ਼ ਲੱਗੀ ਹੈ ਜਿਸ ਨਾਲ ਪੰਜਾਬ ਵਾਲੇ ਇਲਾਕੇ ਦੇ ਪਿੰਡ ਪਾਣੀ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ। ਕੈਬਨਿਟ ਮੰਤਰੀ ਨੇ ਵੱਖ-ਵੱਖ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਸਮੇਂ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਇਹ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੂੰ ਚਾਹੀਦਾ ਸੀ ਕਿ ਸਾਈਫ਼ਨਾਂ ਦੀ ਅਗਾਊਂ ਸਫ਼ਾਈ ਕਰਵਾਈ ਜਾਂਦੀ। ਉਨ੍ਹਾਂ ਕਿਹਾ ਕਿ ਜੇ ਸਾਈਫ਼ਨ ਦੀ ਸਫ਼ਾਈ ਹੋਈ ਹੁੰਦੀ ਤਾਂ ਇਹ ਨੌਬਤ ਨਾ ਆਉਂਦੀ। ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਮੁੱਦੇ ਸਬੰਧੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਕੈਥਲ ਦੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਨ ਲਈ ਕਿਹਾ ਹੈ। ਉਨ੍ਹਾਂ ਸਮਾਣਾ ਹਲਕੇ ਦੇ ਪ੍ਰਭਾਵਿਤ ਪਿੰਡਾਂ ਧਰਮਹੇੜੀ, ਘਿਉਰਾ, ਕਮਾਸਪੁਰ, ਧਨੌਰੀ, ਨਵਾਂ ਗਾਉਂ, ਬੀਬੀਪੁਰ, ਗਾਜੀਸਲਾਰ, ਰਾਜਲਾ, ਡਰੌਲਾ, ਡਰੌਲੀ, ਭਾਨਰਾ, ਭਾਨਰੀ, ਮੈਣ, ਸੱਸਾ ਗੁੱਜਰਾਂ, ਸੱਸਾ ਥੇਹ, ਮਾਂਗਟਾਂ, ਸਮਸਪੁਰ ਦਾ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਇੱਥੇ ਲੋੜੀਂਦੀਆਂ ਕਿਸ਼ਤੀਆਂ ਤੇ ਹੋਰ ਰਾਹਤ ਸਮੱਗਰੀ ਭਿਜਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਆਮਦ ਕਰਕੇ ਸੁਰੱਖਿਅਤ ਥਾਵਾਂ ਉਤੇ ਜਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਅਪੀਲ ਤੇ ਜ਼ਰੂਰ ਅਮਲ ਕਰਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕਰਹਾਲੀ ਸਾਹਿਬ ਵਿਖੇ ਠਹਿਰਾਅ ਦੇ ਪਬ੍ਰੰਧ ਕੀਤੇ ਗਏ ਹਨ ਤੇ ਹੋਰ ਵੀ ਲੋੜੀਂਦੀ ਰਾਹਤ ਸਮੱਗਰੀ ਪੁੱਜਦੀ ਕਰਵਾਈ ਜਾ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸਰਕਾਰ ਅਤੇ ਉਹ ਆਪ ਖ਼ੁਦ ਸੰਕਟ ਦੀ ਇਸ ਘੜੀ ਵਿੱਚ ਆਪਣੇ ਹਲਕੇ ਦੇ ਪਾਣੀ ਦੇ ਤੇਜ਼ ਵਹਾਅ ਤੋਂ ਪ੍ਰਭਾਵਿਤ 50 ਤੋਂ ਵਧੇਰੇ ਪਿੰਡਾਂ ਦਾ ਨਿਰੰਤਰ ਦੌਰਾ ਕਰ ਰਹੇ ਹਨ ਅਤੇ ਪਿੰਡ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾ ਰਹੇ ਹਨ। ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪਹਾੜੀ ਖੇਤਰਾਂ ਵਿੱਚ ਹੋਈ ਭਾਰੀ ਬਰਸਾਤ ਕਰਕੇ ਰੋਪੜ ਤੋਂ ਇਲਾਵਾ, ਡੇਰਾ ਬੱਸੀ, ਰਾਜਪੁਰਾ, ਘਨੌਰ, ਸਨੌਰ, ਸਮਾਣਾ, ਸ਼ੁਤਰਾਣਾ, ਨਾਭਾ ਸਮੇਤ ਸੰਗਰੂਰ ਵਿੱਚੋਂ ਲੰਘਦੇ ਘੱਗਰ ਤੇ ਹੋਰ ਨਦੀਆਂ ਵਿਚ ਆਏ ਬੇਹਿਸਾਬੇ ਪਾਣੀ ਨੇ ਬਹੁਤ ਭਾਰੀ ਨੁਕਸਾਨ ਕੀਤਾ ਹੈ। ਇਸ ਮੌਕੇ ਉਨ੍ਹਾਂ ਨਾਲ ਗੁਰਦੇਵ ਸਿੰਘ ਟਿਵਾਣਾ, ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਬਲਕਾਰ ਸਿੰਘ ਗੱਜੂਮਾਜਰਾ, ਸੁਰਜੀਤ ਸਿੰਘ ਫ਼ੌਜੀ ਤੇ ਅਮਰਦੀਪ ਸਿੰਘ ਸੋਨੂੰ ਥਿੰਦ, ਮਨਿੰਦਰ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।
Chetan-Singh-Jauramajra-Information-And-Public-Relations-Minister-Punjab-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)