ਸੀ. ਬੀ. ਆਈ ਅਦਾਲਤ ਨੇ ਸ਼ੱਕ ਦੇ ਅਧਾਰ ਤੇ ਸਾਬਕਾ ਐਸ. ਪੀ ਅਤੇ ਤਤਕਾਲੀ ਡੀ. ਐਸ. ਪੀ ਨੂੰ ਕੀਤਾ ਬਰੀ
1992 ਵਿੱਚ ਪੰਜਾਬ ਪੁਲੀਸ ਵਲੋਂ ਦੋ ਨੌਜਵਾਨਾਂ ਬਲਦੇਵ ਸਿੰਘ ਦੇਬਾ ਅਤੇ ਲਖਵਿੰਦਰ ਸਿੰਘ ਲੱਖਾ ਉਰਫ ਫੋਰਡ ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਦੇ ਮਾਮਲੇ ਵਿੱਚ ਮੁਹਾਲੀ ਵਿਚਲੀ ਸੀ. ਬੀ. ਆਈ ਦੀ ਅਦਾਲਤ ਦੇ ਵਿਸ਼ੇਸ਼ ਜੱਜ ਰਾਕੇਸ਼ ਕੁਮਾਰ ਗੁਪਤਾ ਦੀ ਅਦਾਲਤ ਵਲੋਂ ਉਸ ਸਮੇਂ ਦੇ ਐਸ. ਐਚ. ਓ ਮਜੀਠਾ ਰਹੇ ਗੁਰਭਿੰਦਰ ਸਿੰਘ ਅਤੇ ਸਾਬਕਾ ਏ. ਐਸ. ਆਈ ਪਰਸ਼ੋਤਮ ਸਿੰਘ ਨੂੰ ਕਤਲ ਦੀ ਧਾਰਾ 302, 120-ਬੀ ਅਤੇ ਧਾਰਾ 218 ਵਿੱਚ ਦੋਸ਼ੀ ਠਹਿਰਾਉਂਦਿਆਂ ਹਿਰਾਸਤ ਵਿੱਚ ਲੈਣ ਦੇ ਹੁਕਮ ਦਿੱਤੇ ਹਨ। ਅਦਾਲਤ ਵਲੋਂ ਉਕਤ ਦੋਵਾਂ ਦੋਸ਼ੀਆਂ ਨੂੰ ਸਜਾ ਸੁਣਾਉਣ ਲਈ 4 ਫਰਵਰੀ ਦੀ ਤਰੀਕ ਨਿਸ਼ਚਿਤ ਕੀਤੀ ਹੈ। ਅਦਾਲਤ ਨੇ ਸਾਬਕਾ ਐਸ. ਪੀ. ਚਮਨ ਲਾਲ ਅਤੇ ਉਸ ਸਮੇਂ ਰਹੇ ਡੀ. ਐਸ. ਪੀ. ਐਸ. ਐਸ. ਸਿੱਧੂ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 13.9.1992 ਨੂੰ ਮਜੀਠਾ ਅਤੇ ਅੰਮ੍ਰਿਤਸਰ ਦੀ ਪੁਲੀਸ ਪਾਰਟੀ ਨੇ ਦੋ ਨੌਜਵਾਨਾਂ ਨੂੰ ਪੁਲੀਸ ਮੁਕਾਬਲੇ ਵਿਚ ਮਾਰੇ ਗਏ ਦਿਖਾਇਆ ਸੀ। ਉਸ ਸਮੇਂ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਦੋਵੇਂ ਕੱਟੜ ਅੱਤਵਾਦੀ ਸਨ, ਜਿਨ੍ਹਾਂ ਦੇ ਸਿਰ ਤੇ ਇਨਾਮ ਸੀ ਅਤੇ ਉਹ ਕਤਲ, ਜਬਰੀ ਵਸੂਲੀ, ਲੁੱਟ-ਖਸੁੱਟ ਆਦਿ ਦੇ ਸੈਂਕੜੇ ਮਾਮਲਿਆਂ ਵਿਚ ਸ਼ਾਮਲ ਸਨ। ਉਕਤ ਨੌਜਵਾਨਾਂ ਉੱਤੇ ਹਰਭਜਨ ਸਿੰਘ ਉਰਫ਼ ਸ਼ਿੰਡੀ ਤੇ ਪੰਜਾਬ ਦੀ ਬੇਅੰਤ ਸਿੰਘ ਸਰਕਾਰ ਵਿਚ ਤਤਕਾਲੀ ਕੈਬਨਿਟ ਮੰਤਰੀ ਗੁਰਮੇਜ ਸਿੰਘ ਦੇ ਪੁੱਤਰ ਦੇ ਕਤਲ ਦਾ ਦੋਸ਼ ਸੀ।
1995 ਵਿਚ ਸੀ.ਬੀ.ਆਈ ਵਲੋਂ ਸੁਪਰੀਮ ਕੋਰਟ ਦੇ ਹੁਕਮਾਂ ਤੇ ਇਸ ਮਾਮਲੇ ਦੀ ਜਾਂਚ ਕੀਤੀ ਗਈ ਸੀ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਬਲਦੇਵ ਸਿੰਘ ਉਰਫ਼ ਦੇਬਾ (ਜੋ ਭਾਰਤੀ ਫੌਜ ਵਿਚ ਬਤੌਰ ਸਿਪਾਹੀ ਸ਼੍ਰੀਨਗਰ ਸਟੇਸ਼ਨ ਵਿਖੇ ਤੈਨਾਤ ਸੀ) ਕੁਝ ਦਿਨਾਂ ਦੀ ਛੁੱਟੀ ਤੇ ਆਪਣੇ ਘਰ ਆਇਆ ਹੋਇਆ ਸੀ ਅਤੇ ਉਸਨੂੰ ਐਸ. ਆਈ ਮਹਿੰਦਰ ਸਿੰਘ ਅਤੇ ਹਰਭਜਨ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ 6.9.1992 ਨੂੰ ਪਿੰਡ ਬਾਸਰਕੇ ਭੈਣੀ ਵਿਖੇ ਉਸਦੇ ਘਰ ਤੋਂ ਚੁੱਕਿਆ ਸੀ। ਲਖਵਿੰਦਰ ਸਿੰਘ ਉਰਫ਼ ਲੱਖਾ ਫੋਰਡ ਵਾਸੀ ਪਿੰਡ ਸੁਲਤਾਨਵਿੰਡ ਨੂੰ ਵੀ 12.9.1992 ਨੂੰ ਅੰਮ੍ਰਿਤਸਰ ਦੇ ਪ੍ਰੀਤ ਨਗਰ ਵਿਖੇ ਉਸਦੇ ਕਿਰਾਏ ਦੇ ਘਰ ਤੋਂ ਥਾਣਾ ਮਜੀਠਾ ਦੇ ਐਸ. ਆਈ ਗੁਰਭਿੰਦਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਕੁਲਵੰਤ ਸਿੰਘ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ, ਪਰ ਬਾਅਦ ਵਿਚ ਕੁਲਵੰਤ ਸਿੰਘ ਨੂੰ ਛੱਡ ਦਿੱਤਾ ਗਿਆ।
ਜਾਂਚ ਦੌਰਾਨ ਸੀ.ਬੀ.ਆਈ ਨੇ ਪਾਇਆ ਕਿ ਥਾਣਾ ਛੇਹਰਟਾ ਦੀ ਪੁਲੀਸ ਨੇ ਦੇਬਾ ਅਤੇ ਲੱਖਾ ਨੂੰ ਮੰਤਰੀ ਦੇ ਪੁੱਤਰ (ਜਿਸਦੀ 23.7.1992 ਨੂੰ ਹੱਤਿਆ ਕੀਤੀ ਗਈ ਸੀ) ਦੇ ਕਤਲ ਕੇਸ ਵਿਚ ਝੂਠਾ ਫਸਾਇਆ ਸੀ ਅਤੇ 12.9.1992 ਨੂੰ ਉਸ ਕਤਲ ਕੇਸ ਵਿਚ ਬਲਦੇਵ ਸਿੰਘ ਉਰਫ ਦੇਬਾ ਦੀ ਗ੍ਰਿਫ਼ਤਾਰੀ ਦਿਖਾਈ ਸੀ ਅਤੇ 13.9.1992 ਨੂੰ ਦੋਵਾਂ ਨੂੰ ਮਾਰ ਮੁਕਾਇਆ ਸੀ।
ਪੁਲੀਸ ਨੇ ਕਹਾਣੀ ਘੜੀ ਸੀ ਕਿ ਬਲਦੇਵ ਸਿੰਘ ਉਰਫ ਦੇਬਾ ਨੂੰ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਲਈ ਲਿਜਾਂਦੇ ਸਮੇਂ ਪਿੰਡ ਸੰਸਾਰਾ ਨੇੜੇ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ, ਜਿਸ ਵਿੱਚ ਬਲਦੇਵ ਸਿੰਘ ਉਰਫ ਦੇਬਾ ਅਤੇ ਇਕ ਹੋਰ ਹਮਲਾਵਰ ਮਾਰਿਆ ਗਿਆ, ਜਿਸਦੀ ਪਛਾਣ ਲਖਵਿੰਦਰ ਸਿੰਘ ਉਰਫ ਲੱਖਾ ਉਰਫ ਫੋਰਡ ਵਜੋਂ ਹੋਈ। ਸੀ. ਬੀ. ਆਈ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਪਹਿਲਾਂ ਦੋਵਾਂ ਨੌਜਵਾਨਾਂ ਨੂੰ ਚੁੱਕ ਕੇ ਗੈਰਕਾਨੂੰਨੀ ਹਿਰਾਸਤ ਵਿਚ ਰੱਖਿਆ ਗਿਆ ਅਤੇ ਫਿਰ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ ਗਿਆ। ਸੀ. ਬੀ. ਆਈ ਨੇ ਇਹ ਵੀ ਪਾਇਆ ਕਿ ਪੁਲੀਸ ਵਲੋਂ ਦਿਖਾਏ ਗਏ ਮੁਕਾਬਲੇ ਦੀ ਕਥਿਤ ਘਟਨਾ ਸਮੇਂ ਪੁਲੀਸ ਵਾਹਨਾਂ ਦੇ ਦੌਰੇ ਸੰਬੰਧੀ ਲਾਗ ਬੁੱਕਾਂ ਵਿਚ ਕੋਈ ਐਂਟਰੀ ਨਹੀਂ ਸੀ।
ਪੁਲੀਸ ਵਲੋਂ ਇਹ ਵੀ ਦਿਖਾਇਆ ਗਿਆ ਸੀ ਕਿ ਮੁਕਾਬਲੇ ਦੌਰਾਨ ਮਾਰੇ ਗਏ ਅਣਪਛਾਤੇ ਹਮਲਾਵਰ ਅੱਤਵਾਦੀ ਦੀ ਪਛਾਣ ਜ਼ਖਮੀ ਬਲਦੇਵ ਸਿੰਘ ਦੇਬਾ ਨੇ ਕੀਤੀ ਸੀ, ਹਾਲਾਂਕਿ ਦੇਬਾ ਦੀ ਪੋਸਟਮਾਰਟਮ ਰਿਪੋਰਟ ਅਨੁਸਾਰ ਉਸਦੀ ਤੁਰੰਤ ਮੌਤ ਹੋ ਗਈ, ਇਸ ਲਈ ਉਸਦੀ ਪਛਾਣ ਦੀ ਦਲੀਲ ਨਹੀਂ ਬਣਦੀ।
ਇਸ ਸੰਬੰਧੀ ਹਰਭਜਨ ਸਿੰਘ, ਮਹਿੰਦਰ ਸਿੰਘ, ਪਰਸ਼ੋਤਮ ਲਾਲ, ਚਮਨ ਲਾਲ, ਗੁਰਭਿੰਦਰ ਸਿੰਘ, ਮੋਹਨ ਸਿੰਘ, ਪਰਸ਼ੋਤਮ ਸਿੰਘ ਅਤੇ ਜੱਸਾ ਸਿੰਘ ਵਿਰੁੱਧ ਅਗਵਾ, ਅਪਰਾਧਿਕ ਸਾਜ਼ਿਸ਼, ਕਤਲ, ਝੂਠਾ ਰਿਕਾਰਡ ਤਿਆਰ ਕਰਨ ਦੇ ਦੋਸ਼ਾਂ ਤਹਿਤ ਚਾਰਜਸ਼ੀਟ ਦਾਇਰ ਕੀਤੀ ਸੀ, ਪਰ ਗਵਾਹਾਂ ਦੇ ਬਿਆਨ 2022 ਤੋਂ ਬਾਅਦ ਦਰਜ ਕੀਤੇ ਗਏ ਸਨ ਕਿਉਂਕਿ ਉਸ ਸਮੇਂ ਦੌਰਾਨ ਉੱਚ ਅਦਾਲਤਾਂ ਦੇ ਹੁਕਮਾਂ ਤੇ ਕੇਸ ਤੇ ਰੋਕ ਲੱਗੀ ਰਹੀ।
ਪੀੜਤ ਪਰਿਵਾਰ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਕਿਹਾ ਕਿ ਭਾਵੇਂ ਸੀ. ਬੀ. ਆਈ. ਨੇ ਇਸ ਮਾਮਲੇ ਵਿਚ 37 ਗਵਾਹਾਂ ਦਾ ਹਵਾਲਾ ਦਿੱਤਾ ਸੀ ਪਰ ਮੁਕੱਦਮੇ ਦੌਰਾਨ ਸਿਰਫ਼ 19 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ ਕਿਉਂਕਿ ਮੁਕੱਦਮੇ ਦੌਰਾਨ ਸੀ. ਬੀ. ਆਈ. ਵੱਲੋਂ ਦੱਸੇ ਗਏ ਜ਼ਿਆਦਾਤਰ ਗਵਾਹਾਂ ਦੀ ਮੌਤ ਹੋ ਗਈ ਸੀ ਅਤੇ ਅੰਤ ਵਿਚ 32 ਸਾਲਾਂ ਬਾਅਦ ਇਨਸਾਫ਼ ਮਿਲਿਆ। ਇਸ ਦੌਰਾਨ ਮੁਲਜ਼ਮ ਹਰਭਜਨ ਸਿੰਘ, ਮਹਿੰਦਰ ਸਿੰਘ, ਪਰਸ਼ੋਤਮ ਲਾਲ, ਮੋਹਨ ਸਿੰਘ ਅਤੇ ਜੱਸਾ ਸਿੰਘ ਦੀ ਵੀ ਮੌਤ ਹੋ ਗਈ ਸੀ ਅਤੇ ਮੁਲਜ਼ਮ ਐਸ. ਐਸ. ਸਿੱਧੂ ਤਤਕਾਲੀ ਡੀ. ਐਸ. ਪੀ ਅੰਮ੍ਰਿਤਸਰ, ਚਮਨ ਲਾਲ ਤਤਕਾਲੀ ਸੀ. ਆਈ. ਏ ਇੰਚਾਰਜ ਅੰਮ੍ਰਿਤਸਰ, ਗੁਰਭਿੰਦਰ ਸਿੰਘ ਤਤਕਾਲੀ ਐਸ.ਐਚ.ਓ ਮਜੀਠਾ ਅਤੇ ਏ. ਐਸ. ਆਈ ਪਰਸ਼ੋਤਮ ਸਿੰਘ ਇਸ ਮਾਮਲੇ ਵਿਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਸਨ।