•ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਹਰਜੋਤ ਬੈਂਸ ਨੇ ਮਾਂ-ਬੋਲੀ ਨੂੰ ਪਛਾਣ ਤੇ ਸੱਭਿਆਚਾਰ ਦੀ ਜੀਵਨ ਰੇਖਾ ਕਿਹਾ ** ਚੰਡੀਗੜ੍ਹ, 21 ਫਰਵਰੀ:* ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਲੋਕਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਪੰਜਾਬੀ ਭਾਸ਼ਾ ਨੂੰ ਪੂਰੀ ਤਰ੍ਹਾਂ ਅਪਣਾਉਣ ਦੀ ਪੁਰਜ਼ੋਰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਂ ਬੋਲੀ ਪਛਾਣ, ਸਿੱਖਿਆ, ਸੱਭਿਆਚਾਰ ਅਤੇ ਟਿਕਾਊ ਵਿਕਾਸ ਲਈ ਬੇਹੱਦ ਅਹਿਮ ਹੈ ਕਿਉਂਕਿ ਇਹ ਗਿਆਨ ਸਾਂਝਾ ਕਰਨ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਸੰਚਾਰ ਦੇ ਮੁੱਖ ਸਾਧਨ ਵਜੋਂ ਕੰਮ ਕਰਦੀ ਹੈ। ਪੰਜਾਬੀ ਭਾਸ਼ਾ ਦੀ ਅਮੀਰ ਵਿਰਾਸਤ ਦਾ ਜ਼ਿਕਰ ਕਰਦਿਆਂ ਕੈਬਨਿਟ ਮੰਤਰੀ ਨੇ ਭਾਸ਼ਾ ਵਿਭਾਗ ਨੂੰ ਪੰਜਾਬੀ ਭਾਸ਼ਾ ਨੂੰ ਹੋਰ ਬੁਲੰਦ ਕਰਨ ਦੇ ਉਦੇਸ਼ ਨਾਲ ਹੋਰ ਪਹਿਲਕਦਮੀਆਂ ਸ਼ੁਰੂ ਕਰਨ ਲਈ ਵੀ ਕਿਹਾ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਮਾਂ ਬੋਲੀ ਵਿੱਚ ਹਾਸਲ ਕੀਤਾ ਗਿਆਨ ਸਮਝਣ ਵਿੱਚ ਆਸਾਨ ਅਤੇ ਚਿਰਸਥਾਈ ਹੁੰਦਾ ਹੈ, ਜੋ ਕਿ ਪ੍ਰਭਾਵਸ਼ਾਲੀ ਸਿੱਖਿਆ ਲਈ ਅਹਿਮ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਭਾਸ਼ਾ ਅਤੇ ਸੱਭਿਆਚਾਰ ਦਰਮਿਆਨ ਡੂੰਘੇ ਸਬੰਧਾਂ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਮਾਂ ਬੋਲੀ ਰਿਵਾਜ਼ਾਂ, ਕਹਾਣੀਆਂ ਅਤੇ ਅਜਿਹੀ ਪਛਾਣ ਲਈ ਅਤਿ ਮਹੱਤਵਪੂਰਨ ਹੈ, ਜੋ ਕਿਸੇ ਵੀ ਭਾਈਚਾਰੇ ਦੀ ਸਾਂਝ ਤੇ ਏਕੇ ਦੀ ਮੁੱਖ ਲੋੜ ਹੈ। ਮਾਂ ਬੋਲੀ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਦੀਆਂ ਪਹਿਲਕਦਮੀਆਂ ਬਾਰੇ ਦੱਸਦਿਆਂ ਸ. ਬੈਂਸ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ, ਜਿਹਨਾਂ ਵਿੱਚ ਸਰਵੋਤਮ ਸਾਹਿਤਕ ਪੰਜਾਬੀ ਪੁਸਤਕ ਪੁਰਸਕਾਰ ਸਕੀਮ ਵੀ ਸ਼ਾਮਲ ਹੈ, ਜਿਸ ਤਹਿਤ 2020-2024 ਤੱਕ ਵੱਖ-ਵੱਖ ਸ਼੍ਰੇਣੀਆਂ ਵਿੱਚ 48 ਪੁਰਸਕਾਰ ਵੰਡੇ ਗਏ। ਉਨ੍ਹਾਂ ਦੱਸਿਆ ਕਿ 23 ਪੰਜਾਬੀ ਸਾਹਿਤਕ ਸਭਾਵਾਂ ਨੂੰ ਸਾਹਿਤਕ ਸਮਾਗਮ ਕਰਵਾਉਣ ਲਈ ਵਿੱਤੀ ਸਹਾਇਤਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਦਫ਼ਤਰਾਂ ਵਿਖੇ ਪੰਜਾਬੀ ਸਾਹਿਤ ਸਿਰਜਣ/ਕਵਿਤਾ ਗਾਇਨ ਮੁਕਾਬਲੇ ਅਤੇ ਸਮਾਗਮ ਵੀ ਕਰਵਾਏ ਗਏ ਅਤੇ ਜਲੰਧਰ ਤੇ ਲੁਧਿਆਣਾ ਵਿਖੇ ਸੂਬਾ ਪੱਧਰੀ ਮੁਕਾਬਲੇ ਕਰਵਾਏ ਗਏ। ਕੈਬਨਿਟ ਮੰਤਰੀ ਨੇ ਦੱਸਿਆ ਕਿ ਲਗਭਗ 164 ਸਾਹਿਤਕ ਅਤੇ ਸੱਭਿਆਚਾਰਕ ਸਮਾਗਮ ਕਰਵਾਏ ਗਏ, ਜਿਨ੍ਹਾਂ ਵਿੱਚ ਸਾਹਿਤਕ ਵਰਕਸ਼ਾਪਾਂ, ਰੂ-ਬ-ਰੂ ਸਮਾਗਮ ਅਤੇ ਤ੍ਰੈ-ਭਾਸ਼ੀ ਕਵੀ ਦਰਬਾਰ ਸ਼ਾਮਲ ਹਨ। ਸੂਬਾ ਸਰਕਾਰ ਨੇ ਨਵੰਬਰ 2023 ਅਤੇ 2024 ਵਿੱਚ ਪੰਜਾਬੀ ਮਾਹ ਵੀ ਮਨਾਇਆ, ਜਿਸ ਵਿੱਚ ਸੂਬੇ ਭਰ ਵਿੱਚ 50 ਸਮਾਗਮਾਂ ਦੀ ਮੇਜ਼ਬਾਨੀ ਕੀਤੀ ਗਈ। ਇਸ ਤੋਂ ਇਲਾਵਾ, ਜ਼ਿਲ੍ਹਾ ਭਾਸ਼ਾ ਦਫ਼ਤਰਾਂ ਵਿੱਚ ਪੰਜਾਬੀ ਬਾਲ ਸਾਹਿਤ ਕੁਇੱਜ਼ ਮੁਕਾਬਲੇ ਅਤੇ ਸਮਾਗਮ ਵੀ ਕਰਵਾਏ ਗਏ ਅਤੇ ਲੁਧਿਆਣਾ ਅਤੇ ਕਪੂਰਥਲਾ ਵਿਖੇ ਸੂਬਾ ਪੱਧਰੀ ਮੁਕਾਬਲੇ ਕਰਵਾਏ ਗਏ। ਸਿੱਖਿਆ ਮੰਤਰੀ ਨੇ ਪੰਜਾਬੀ ਭਾਸ਼ਾ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਨਾਲ ਜੋੜਨ ਲਈ ਕੀਤੀਆਂ ਗਈਆਂ ਅਹਿਮ ਪਹਿਲਕਦਮੀਆਂ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਇਸ ਟੀਚੇ ਨੂੰ ਹਾਸਲ ਕਰਨ ਲਈ ਵਰਕਸ਼ਾਪਾਂ ਦੀ ਇੱਕ ਲੜੀ ਸ਼ੁਰੂ ਕੀਤੀ ਗਈ, ਜਿਸ ਵਿੱਚ ਦੋ ਇੱਕ-ਰੋਜ਼ਾ ਸੈਸ਼ਨ ਅਤੇ ਦੋ-ਰੋਜ਼ਾ ਗੋਸ਼ਟੀ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਇਸ ਖੇਤਰ ਦੇ ਪ੍ਰਸਿੱਧ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਰਕਸ਼ਾਪਾਂ ਦਾ ਉਦੇਸ਼ ਲੇਖਕਾਂ, ਵਿਦਿਆਰਥੀਆਂ ਅਤੇ ਪੰਜਾਬੀ ਹਿਤੈਸ਼ੀਆਂ ਨੂੰ ਸਿਖਲਾਈ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਏ.ਆਈ.-ਪਾਵਰਡ ਪੰਜਾਬੀ ਭਾਸ਼ਾ ਦੇ ਟੂਲਜ਼ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਣ। ਡਿਜੀਟਲ ਯੁੱਗ ਦੇ ਹਾਣੀ ਬਣਨ ਲਈ ਕੀਤੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਭਾਸ਼ਾ ਵਿਭਾਗ ਨੇ ਆਪਣੀ ਲਾਇਬ੍ਰੇਰੀ ਦੀਆਂ 1,25,000 ਕਿਤਾਬਾਂ ਨੂੰ ਡਿਜੀਟਾਈਜ਼ ਕਰਨ ਲਈ ਇੱਕ ਵਿਆਪਕ ਪ੍ਰਾਜੈਕਟ ਸ਼ੁਰੂ ਕੀਤਾ ਹੈ, ਜਿਸ ਵਿੱਚ ਪੰਜਾਬੀ, ਹਿੰਦੀ, ਉਰਦੂ, ਸੰਸਕ੍ਰਿਤ ਅਤੇ ਅੰਗਰੇਜ਼ੀ ਸਮੇਤ ਵੱਖ-ਵੱਖ ਸ਼ੈਲੀਆਂ ਅਤੇ ਭਾਸ਼ਾਵਾਂ ਦੀਆਂ ਕਿਤਾਬਾਂ ਸ਼ਾਮਲ ਹਨ। ਇਸ ਪਹਿਲਕਦਮੀ ਦਾ ਉਦੇਸ਼ ਪਾਠਕਾਂ ਨੂੰ ਡਿਜੀਟਲ ਕਿਤਾਬਾਂ ਦੀ ਵਿਸ਼ਾਲ ਸ਼੍ਰੇਣੀ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਤਿਆਰ ਕੀਤੀ ਗਈ ਵੈੱਬਸਾਈਟ ਪੰਜਾਬੀ ਅਤੇ ਦੁਨੀਆ ਭਰ ਦੇ ਕਲਾਸਿਕ ਸਾਹਿਤ ਨੂੰ ਪੰਜਾਬੀ ਪ੍ਰੇਮੀਆਂ ਲਈ ਉਪਲਬਧ ਕਰਵਾ ਰਹੀ ਹੈ। ਇਸ ਤੋਂ ਇਲਾਵਾ, ਇਸ ਵੈੱਬਸਾਈਟ 'ਤੇ ਕਈ ਤਰ੍ਹਾਂ ਦੇ ਸ਼ਬਦਕੋਸ਼ ਅਤੇ ਸ਼ਬਦਾਵਲੀ ਵੀ ਉਪਲਬਧ ਕਰਵਾਈ ਜਾ ਰਹੀ ਹੈ। ----------
Punjab-Higher-Education-Languages-Minister-Urges-People-To-Embrace-Punjabi-Language
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)