ਏ.ਐਨ. ਟੀ. ਐਫ ਵਲੋਂ ਦੋ ਮੁਲਜਮਾਂ ਨੂੰ 260 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਅਮ੍ਰਿਤਪਾਲ ਸਿੰਘ ਉਰਫ ਗੁਰੀ ਵਾਸੀ ਜੋਧਾਂ ਜਿਲਾ ਲੁਧਿਆਣਾ ਅਤੇ ਰੋਹਤਾਸ਼ ਸਿੰਘ ਤਾਸ਼ਾ ਵਾਸੀ ਜਲਾਲਦੀਵਾਲ ਜਿਲਾ ਲੁਧਿਆਣਾ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਏ. ਐਨ. ਟੀ. ਐਫ. ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਸਵਿਫਟ ਗੱਡੀ ( ਜੋ ਕਿ ਲੁਧਿਆਣਾ ਤੋਂ ਮੁਹਾਲੀ ਰਸਤੇ ਰਾਹੀਂ ਜ਼ੀਰਕਪੁਰ ਵੱਲ ਜਾ ਰਹੀ ਹੈ) ਵਿਚ ਦੋ ਨਸ਼ਾ ਤਸਕਰ ਸਵਾਰ ਹਨ, ਜੋ ਕਿ ਹੈਰੋਇਨ ਦੀ ਖੇਪ ਆਪਣੇ ਕਿਸੇ ਪੱਕੇ ਗ੍ਰਾਹਕ ਨੂੰ ਦੇਣ ਜਾ ਰਹੇ ਹਨ। ਇਸ ਸੰਬੰਧੀ ਏ. ਐਨ. ਟੀ. ਟੈਫ ਦੀ ਟੀਮ ਨੇ ਲਾਂਡਰਾ ਵਿਖੇ ਨਾਕਾਬੰਦੀ ਕਰ ਲਈ ਪ੍ਰੰਤੂ ਉਕਤ ਕਾਰ ਸਵਾਰਾਂ ਨੇ ਗੱਡੀ ਭਜਾ ਲਈ ਜਿਸਤੇ ਪੁਲੀਸ ਟੀਮ ਵਲੋਂ ਦੋਵਾਂ ਨਸ਼ਾ ਤਸਕਰਾਂ ਦਾ ਪਿੱਛਾ ਕਰਦਿਆਂ ਪਿੰਡ ਸਨੇਟਾ ਕੋਲ ਪੈਂਦੇ ਰੇਲਵੇ ਓਵਰ ਬ੍ਰਿਜ ਕੋਲ ਸਵਿਫਟ ਗੱਡੀ ਨੂੰ ਘੇਰ ਲਿਆ।
ਇਸ ਮੌਕੇ ਗੱਡੀ ਵਿੱਚ ਸਵਾਰ ਅਮ੍ਰਿਤਪਾਲ ਸਿੰਘ ਅਤੇ ਰੋਹਤਾਸ਼ ਸਿੰਘ ਕੋਲੋਂ 260 ਗ੍ਰਾਮ ਹੈਰੋਇਨ ਬਰਾਮਦ ਹੋਈ। ਉਕਤ ਦੋਵਾਂ ਮੁਲਜਮਾਂ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਕਤ ਹੈਰੋਇਨ ਦੀ ਖੇਪ ਲੁਧਿਆਣੇ ਤੋਂ ਲੈ ਕੇ ਆਏ ਸਨ ਅਤੇ ਉਕਤ ਹੈਰੋਇਨ ਚੰਡੀਗੜ੍ਹ ਅਤੇ ਜੀਰਕਪੁਰ ਵਿਖੇ ਕਿਸੇ ਨੂੰ ਦੇਣੀ ਸੀ। ਉਕਤ ਮੁਲਜਮਾਂ ਨੇ ਪੁੱਛਗਿੱਛ ਦੌਰਾਨ ਇਹ ਵੀ ਦੱਸਿਆ ਕਿ ਉਹ ਉਕਤ ਹੈਰੋਇਨ 1400 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਖਰੀਦਦੇ ਹਨ ਅਤੇ ਅੱਗੇ 2500 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਵੇਚਦੇ ਹਨ।
ਇਸ ਸਬੰਧੀ ਥਾਣਾ ਏ. ਐਨ. ਟੀ. ਐਫ ਦੇ ਇੰਚਾਰਜ਼ ਰਾਮ ਦਰਸ਼ਨ ਨੇ ਦੱਸਿਆ ਕਿ ਮੁਲਜਮ ਅਮ੍ਰਿਤਪਾਲ ਸਿੰਘ ਅਤੇ ਰੋਹਤਾਸ ਸਿੰਘ ਨੂੰ ਐਨ. ਡੀ. ਪੀ. ਐਸ. ਐਕਟ ਦੇ ਤਹਿਤ ਨਾਮਜ਼ਦ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵਲੋਂ ਦੋਵਾਂ ਮੁਲਜਮਾਂ ਨੂੰ 1 ਦਿਨ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਗਿਆ।