ਮੁਸੀਬਤ ਦੇ ਕਿਸੇ ਵੀ ਸਮੇਂ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ - ਵਿਧਾਇਕ ਬਰਿੰਦਰ ਗੋਇਲ ਮੂਨਕ, 10 ਜੁਲਾਈ (ਜਗਸੀਰ ਲੌਂਗੋਵਾਲ)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਸ਼ਾਸਨ ਘੱਗਰ ਨੇੜੇ ਵਸਦੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਕਿਸੇ ਵੀ ਸੰਕਟ ਦੀ ਘੜੀ ਨਾਲ ਸਮੇਂ ਸਿਰ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਹ ਪ੍ਰਗਟਾਵਾ ਵਿਧਾਇਕ ਲਹਿਰਾ ਬਰਿੰਦਰ ਗੋਇਲ ਨੇ ਅੱਜ ਮੂਨਕ ਵਿਖੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐਸਐਸਪੀ ਸੁਰੇਂਦਰ ਲਾਂਬਾ ਸਮੇਤ ਘੱਗਰ ਨੇੜੇ ਵਸਦੇ ਪਿੰਡਾਂ ਸੁਰਜਨ ਭੈਣੀ, ਸਲੇਮਗੜ੍ਹ, ਭੂੰਦੜ ਭੈਣੀ, ਬੁਸੇਰਾ , ਬੰਗਾਂ ਆਦਿ ਵਿੱਚ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਕੀਤਾ। ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਉਹ ਖੁਦ ਅਤੇ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਬਰ ਤਿਆਰ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਘੱਗਰ ਵਿੱਚ ਕੋਈ ਪਾੜ ਪੈਂਦਾ ਹੈ ਜਾਂ ਪਾਣੀ ਦਾ ਪੱਧਰ ਵਧਣ ਨਾਲ ਓਵਰ ਫਲੋ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਪ੍ਰਸ਼ਾਸਨ ਵੱਲੋਂ ਪਿੰਡ ਰਾਮਪੁਰ ਗੁਜਰਾਂ, ਮੂਨਕ, ਹਮੀਰਗੜ੍ਹ, ਮੰਡਵੀ ਅਤੇ ਖਨੌਰੀ ਵਿਚ ਆਰਜ਼ੀ ਤੌਰ ਤੇ ਨੇੜਲੇ ਪਿੰਡਾਂ ਦੇ ਲੋਕਾਂ ਦੀ ਸੁਵਿਧਾ ਲਈ ਮੁੜ ਵਸੇਬਾ ਕੇਂਦਰ ਬਣਾਏ ਗਏ ਹਨ ਜਿਥੇ ਖਾਣ ਪੀਣ ਦਾ ਸਮਾਨ, ਪੀਣ ਵਾਲਾ ਸਾਫ ਪਾਣੀ, ਦਵਾਈਆਂ, ਡਾਕਟਰਾਂ ਦੀ ਉਪਲਬਧਤਾ ਅਤੇ ਹੋਰ ਸਹੂਲਤਾਂ ਉਪਲਬਧ ਹੋਣਗੀਆਂ। ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਰੇਤੇ ਦੇ ਥੈਲੇ, ਮਗਨਰੇਗਾ ਮਜ਼ਦੂਰਾਂ ਦੀ ਉਪਲਬਧਤਾ, ਬਿਜਲੀ ਵਿਵਸਥਾ, ਪਾੜ ਪੈਣ ਦੀ ਸੂਰਤ ਵਿੱਚ ਮੋਬਾਇਲ ਜਰਨੇਟਰ ਦੀ ਉਪਲਬਧਤਾ, ਸੜਕਾਂ ਦੀ ਮੁਰੰਮਤ, ਪਾਣੀ ਦੀ ਨਿਕਾਸੀ, ਪਾਣੀ ਕੱਢਣ ਵਾਲੀਆਂ ਮਸ਼ੀਨਾਂ, ਲਾਈਟਾਂ , ਪਸ਼ੂਆਂ ਲਈ ਹਰਾ ਚਾਰਾ, ਤਿਰਪਾਲਾਂ, ਜੀਵਨ ਰੱਖਿਅਕ ਜੈਕਟਾਂ, ਕਿਸ਼ਤੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਘੱਗਰ ਦੇ ਕੰਢੇ 4-4 ਕਿਲੋਮੀਟਰ ਦੇ ਦਾਇਰੇ ਵਿਚ 6 ਕਲੱਸਟਰ ਪੱਧਰੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ, ਸਿੰਚਾਈ ਵਿਭਾਗ, ਪੰਚਾਇਤ ਸਕੱਤਰਾਂ, ਪੁਲਿਸ ਅਤੇ ਐਨ ਡੀ ਆਰ ਐਫ ਦੇ ਜਵਾਨ ਟੀਮ ਦੇ ਤੌਰ ਤੇ ਕਾਰਜਸ਼ੀਲ ਰਹਿਣਗੇ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਚੌਕਸੀ ਰੱਖਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੂਹ ਕਾਰਜਾਂ ਲਈ ਤਾਇਨਾਤ ਅਧਿਕਾਰੀ ਆਪਸ ਵਿੱਚ ਤਾਲਮੇਲ ਰੱਖਣ ਅਤੇ ਕਿਸੇ ਵੀ ਲੋੜ ਦੇ ਸਮੇਂ ਵਿੱਚ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਹਰ ਪਲ ਮੁਸਤੈਦ ਹੈ ਅਤੇ ਹੜ੍ਹਾਂ ਬਾਰੇ ਸਹੀ ਜਾਣਕਾਰੀ ਲਈ ਜ਼ਿਲ੍ਹਾ ਪੱਧਰੀ ਅਤੇ ਸਬ ਡਵੀਜ਼ਨ ਪੱਧਰ ਉੱਤੇ ਕੰਟਰੋਲ ਰੂਮ ਕਾਰਜਸ਼ੀਲ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਹਰ ਤਰ੍ਹਾਂ ਦੀ ਸੰਭਾਵੀ ਲੋੜ ਨੂੰ ਪੂਰਾ ਕਰਨ ਸਮੂਹ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਤੋਂ ਵੀ ਸਹਿਯੋਗ ਲਿਆ ਜਾਵੇਗਾ। ਇਸ ਤੋਂ ਪਹਿਲਾਂ ਸਬ ਡਵੀਜ਼ਨਲ ਕੰਪਲੈਕਸ ਮੂਨਕ ਵਿਖੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਐਸ ਐਸ ਪੀ ਸੁਰੇਂਦਰ ਲਾਂਬਾ ਨੇ ਸੋਸ਼ਲ ਮੀਡੀਆ ਰਾਹੀਂ ਫੈਲਣ ਵਾਲੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਪ੍ਰਸ਼ਾਸਨ ਅਤੇ ਪੁਲਿਸ ਦੀ ਤਰਫ਼ੋਂ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਜੀਤ ਵਾਲੀਆ, ਐਸਡੀਐਮ ਸੂਬਾ ਸਿੰਘ, ਐਸਡੀਐਮ ਨਵਰੀਤ ਕੌਰ ਸੇਖੋਂ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)