-ਯੂਨੀਵਰਸਿਟੀ ਦੇ ਚਾਂਸਲਰ ਤੇ ਹਰਿਆਣਾ ਦੇ ਰਾਜਪਾਲ ਨੂੰ ਕਾਰਵਾਈ ਲਈ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਰੂਕਸ਼ੇਤਰ ਸਥਿਤ ਸ਼੍ਰੀ ਕ੍ਰਿਸ਼ਨ ਆਯੂਸ਼ ਯੂਨੀਵਰਸਿਟੀ ਦੇ ਉਪ-ਕੁਲਪਤੀ ਵੱਲੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਯੂਨੀਵਰਸਿਟੀ ਵਿੱਚ ਕੀਤੇ ਸਮਾਗਮ ਦੌਰਾਨ ਗੁਰ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ’ਤੇ ਇਤਰਾਜ਼ ਪ੍ਰਗਟ ਕੀਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਵਿੱਚ ਯੂਨੀਵਰਸਿਟੀ ਦੇ ਚਾਂਸਲਰ ਤੇ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਆ ਨੂੰ ਇੱਕ ਈ-ਮੇਲ ਪੱਤਰ ਭੇਜ ਕੇ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੈਸਰ ਵੈਦ ਕਰਤਾਰ ਸਿੰਘ ਧੀਮਾਨ ਪਾਸੋਂ ਸਪੱਸ਼ਟੀਕਰਨ ਲੈਣ ਅਤੇ ਉਨ੍ਹਾਂ ਪਾਸੋਂ ਸਿੱਖ ਜਗਤ ਤੋਂ ਮੁਆਫੀ ਮੰਗਵਾਉਣ ਲਈ ਆਖਿਆ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖਾਂ ਦਾ ਇਤਿਹਾਸ ਬਿਲਕੁਲ ਵਿਲੱਖਣ ਅਤੇ ਮੌਲਿਕ ਹੈ, ਜਿਸ ਨੂੰ ਸਾਜ਼ਸ਼ ਤਹਿਤ ਰਲਗੱਡ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਇਸੇ ਵਰਤਾਰੇ ਤਹਿਤ ਹੀ ਸ਼੍ਰੀ ਕ੍ਰਿਸ਼ਨ ਆਯੂਸ਼ ਯੂਨੀਵਰਸਿਟੀ ਕੁਰੂਕਸ਼ੇਤਰ ਦੇ ਉਪ-ਕੁਲਪਤੀ ਨੇ ਇਤਰਾਜ਼ਯੋਗ ਹਰਕਤ ਕੀਤੀ ਗਈ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਆਖਿਆ ਕਿ ਵੀਸੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਇਤਿਹਾਸ ਨੂੰ ਜਾਣਬੁੱਝ ਕੇ ਵਿਗਾੜਦਿਆਂ ਇਸ ਨੂੰ ਸਨਾਤਨ ਹਿੰਦੂ ਧਰਮ ਦੀ ਰਖਵਾਲੀ ਲਈ ਆਖਣਾ ਬਿਲਕੁਲ ਗਲਤ ਹੈ। ਇਹ ਸਿੱਖ ਇਤਿਹਾਸ ਤੇ ਸਿਧਾਤਾਂ ਨੂੰ ਸੱਟ ਮਾਰਨ ਵਾਲੀ ਕਾਰਵਾਈ ਹੈ। ਜੇਕਰ ਇੱਕ ਜਿੰਮੇਵਾਰ ਅਹੁਦੇ ਉੱਤੇ ਬੈਠਾ ਵਿਅਕਤੀ ਹੀ ਅਜਿਹੀ ਹਰਕਤ ਕਰੇ ਤਾਂ ਇਹ ਹੋਰ ਵੀ ਗੰਭੀਰ ਅਤੇ ਸਾਜ਼ਸ਼ਪੂਰਨ ਹੈ। ਐਡੋਵੇਕਟ ਧਾਮੀ ਨੇ ਕਿਹਾ ਕਿ ਇਸ ਯੂਨੀਵਰਸਿਟੀ ਦੇ ਵੀਸੀ ਖਿਲਾਫ ਕਰੜੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇੱਕ ਸਰਕਾਰੀ ਅਦਾਰੇ ਦੇ ਜਿੰਮੇਵਾਰ ਅਧਿਕਾਰੀਆਂ ਦਾ ਫਰਜ਼ ਬਣਦਾ ਹੈ ਕਿ ਉਹ ਕਿਸੇ ਵੀ ਧਰਮ ਦੀਆਂ ਭਾਵਨਾਵਾਂ ਦਾ ਖਿਆਲ ਰੱਖੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਗੁਰਪੁਰਬ ਮਨਾਉਣੇ ਚੰਗੀ ਗੱਲ ਹੈ ਪਰੰਤੂ ਇਹ ਸਿੱਖ ਧਰਮ ਦੀਆਂ ਰਵਾਇਤਾਂ ਅਤੇ ਇਤਿਹਾਸ ਨੂੰ ਵਿਗਾੜਨ ਵਾਸਤੇ ਨਾ ਮਨਾਏ ਜਾਣ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਇਹ ਗੰਭੀਰ ਜਾਂਚ ਦਾ ਮਾਮਲਾ ਹੈ ਜਿਸ ਪ੍ਰਤੀ ਯੂਨੀਵਰਸਿਟੀ ਦੇ ਚਾਂਸਲਰ ਅਤੇ ਹਰਿਆਣਾ ਦੇ ਰਾਜਪਾਲ ਨੂੰ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਵੱਲੋਂ ਹਰਿਆਣਾ ਦੇ ਰਾਜਪਾਲ ਨੂੰ ਕਾਰਵਾਈ ਲਈ ਈ-ਮੇਲ ਪੱਤਰ ਭੇਜਿਆ ਗਿਆ ਹੈ ਅਤੇ ਜੇਕਰ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਸ਼੍ਰੋਮਣੀ ਕਮੇਟੀ ਕਨੂੰਨੀ ਤੌਰ ’ਤੇ ਅੱਗੇ ਵਧੇਗੀ।
Sgpc-News-Kurukashetra-University-Vc-Ayush-University-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)