127 ਸਾਲ ਪਹਿਲਾਂ ਸਾਰਾਗੜ੍ਹੀ ਵਿਖੇ 21 ਸੂਰਬੀਰ ਸਿੰਘਾਂ ਵੱਲੋਂ ਦਿੱਤੀ ਗਈ ਸ਼ਹਾਦਤ ਨੂੰ ਪੰਜਾਬ ਸਰਕਾਰ ਨੇ ਜੀਵੰਤ ਕੀਤਾ ਹੈ, ਜਿਸ ਨਾਲ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਯੋਧੇ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿੰਦਾ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫ਼ਿਰੋਜ਼ਪੁਰ ਛਾਉਣੀ ਵਿਖੇ ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਾਏ ਗਏ ‘‘ਸਾਰਾਗੜ੍ਹੀ ਜੰਗੀ ਯਾਦਗਾਰ’’ ਦਾ ਲੋਕ ਅਰਪਣ ਕਰਨ ਮੌਕੇ ਕੀਤਾ।
ਸ਼ਹੀਦਾਂ ਦੀ ਯਾਦ ਵਿੱਚ ਰੱਖੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਰਵੇਂ ਇਕੱਠ ਨੂੰ ਸੰਬੋਧਿਤ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਰਾਜ ਦੇ ਵਸਨੀਕਾਂ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਆਪਣੇ ਮਾਣਮੱਤੇ, ਇਤਿਹਾਸਕ ਤੇ ਗੌਰਵਮਈ ਵਿਰਸੇ ਨਾਲ ਜੋੜਨ ਲਈ ਵੱਡੇ ਪੱਧਰ ’ਤੇ ਕਾਰਜ ਕੀਤੇ ਜਾ ਰਹੇ ਹਨ। ਇਸ ਕਾਰਜ ਤਹਿਤ ਰਾਜ ਵਿੱਚ ਇਤਿਹਾਸਕ ਤੇ ਵਿਰਾਸਤੀ ਮਹੱਤਤਾ ਵਾਲੇ ਸਥਾਨਾਂ ਦਾ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਇਸੇ ਲੜੀ 'ਚ ਫ਼ਿਰੋਜ਼ਪੁਰ ਵਿਖੇ ਭਾਰਤ ਵਿੱਚ ਸਾਰਾਗੜ੍ਹੀ ਦੀ ਲੜਾਈ ਨੂੰ ਸਮਰਪਿਤ ਪਹਿਲੀ ਯਾਦਗਾਰ ਬਣਾਈ ਗਈ ਹੈ।
ਉਨ੍ਹਾਂ ਕਿਹਾ ਕਿ ਯੂਨੇਸਕੋ (ਯੂਨਾਇਟਿਡ ਨੇਸ਼ਨਜ਼ ਐਜੂਕੇਸ਼ਨਲ ਸਾਇੰਟਿਫਿਕ ਐਂਡ ਕਲਚਰਲ ਆਰਗੇਨਾਇਜੇਸ਼ਨ) ਦੇ ਅਨੁਸਾਰ ਇਹ ਜੰਗ ਵਿਸ਼ਵ ਦੀਆਂ ਅੱਠ ਮਹੱਤਵਪੂਰਨ ਜੰਗਾਂ ਵਿੱਚੋਂ ਇੱਕ ਹੈ ਜਿਸ ਵਿੱਚ ਸ਼ਹੀਦ ਹੋਏ ਸਿਪਾਹੀਆਂ ਨੂੰ ‘‘ਇੰਡੀਅਨ ਆਰਡਰ ਆਫ ਮੈਰਿਟ’’ (ਸਰਵਉੱਚ ਤਗਮਾ) ਯਾਨਿ ਵਿਕਟੋਰੀਆ ਕਰਾਸ ਨਾਲ ਸਨਮਾਨਿਤ ਕੀਤਾ ਗਿਆ ਸੀ। ਨੌਜਵਾਨਾਂ ਨੂੰ ਸੰਬੋਧਿਤ ਹੁੰਦਿਆਂ ਉਨ੍ਹਾਂ ਕਿਹਾ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬੇਮਸਾਲ ਸੂਰਬੀਰਤਾ ਅਤੇ ਸਾਹਸ ਦੀ ਯਾਦ ਦਵਾਉਂਦੀ ਰਹੇਗੀ।
ਇਸ ਯਾਦਗਾਰ ਦੇ ਪਿਛੋਕੜ ’ਤੇ ਚਾਨਣਾ ਪਾਉਂਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਜੰਗੀ ਯਾਦਗਾਰ ਦਾ ਨੀਂਹ ਪੱਥਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ 12 ਸਤੰਬਰ, 2023 ਨੂੰ ਸਾਰਾਗੜ੍ਹੀ ਦਿਵਸ ਮੌਕੇ ਰੱਖਿਆ ਗਿਆ ਸੀ ਅਤੇ ਇਸ ਯਾਦਗਾਰ ਨੂੰ ਇਕ ਸਾਲ ਵਿਚ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀ ਰਾਜੇਸ਼ ਧੀਮਾਨ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀ ਸਮੁੱਚੀ ਟੀਮ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਇਹ ਸਾਰਾਗੜ੍ਹੀ ਜੰਗੀ ਯਾਦਗਾਰ ਆਪਣੇ ਮਿੱਥੇ ਸਮੇਂ ਅੰਦਰ ਬਣ ਕੇ ਤਿਆਰ ਹੋ ਗਿਆ ਹੈ, ਜਿਸ ਵਿੱਚ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਵੱਲੋਂ ਵੀ 50 ਲੱਖ ਰੁਪਏ ਦਾ ਅਹਿਮ ਯੋਗਦਾਨ ਪਾਇਆ ਗਿਆ ਹੈ। ਇਹ ਭਾਰਤ ਵਿੱਚ ਸਾਰਾਗੜੀ ਜੰਗ ਨੂੰ ਚੇਤੇ ਕਰਵਾਉਣ ਵਾਲੀ ਅਜਿਹੀ ਯਾਦਗਾਰ ਹੈ ਜਿਸ ਨਾਲ ਕੇਵਲ ਸਿੱਖ ਕੌਮ ਹੀ ਨਹੀਂ ਬਲਕਿ ਸਾਰੇ ਦੇਸ਼ ਦੇ ਨੌਜਵਾਨ ਪ੍ਰੇਰਨਾ ਲੈਣਗੇ। ਉਨ੍ਹਾਂ ਕਿਹਾ ਕਿ ਇਸ ਜੰਗ ਵਿਚ ਸ਼ਹੀਦ ਹੋਣ ਵਾਲੇ ਸੈਨਿਕਾਂ ਵਿਚੋਂ ਜਿਆਦਾਤਰ ਫਿਰੋਜ਼ਪੁਰ ਨਾਲ ਸਬੰਧਿਤ ਸਨ।
ਉਨ੍ਹਾਂ ਸੰਗਤਾਂ ਨੂੰ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ 2 ਕਰੋੜ ਰੁਪਏ ਦੀ ਲਾਗਤ ਨਾਲ ਗੁਰਦੁਆਰਾ ਸਾਰਾਗੜ੍ਹੀ ਵਿਖੇ ਇਸ ਜੰਗ ਨੂੰ ਸਮਰਪਿਤ ਅਜਾਇਬ ਘਰ ਵੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਅਜਾਇਬ ਘਰ ਵਿੱਚ ਸਾਰਾਗੜ੍ਹੀ ਜੰਗ ਦੇ ਸਮੇਂ ਵਰਤੇ ਜਾਣ ਸਿਗਨਲਿੰਗ ਤਕਨੀਕ ਦੇ ਆਰਕੀਫੈਕਟਸ, ਇਕਿਊਪਮੈਂਟ, ਕੋਡਿੰਗ, ਡਿਕੋਡਿੰਗ ਨੂੰ ਦਰਸਾਇਆ ਗਿਆ ਹੈ। ਇਸ ਤੋਂ ਇਲਾਵਾ ਉਸ ਸਮੇਂ ਯੁੱਧ ਵਿੱਚ ਵਰਤੇ ਗਏ ਹਥਿਆਰਾਂ ਨੂੰ ਵੀ ਦਿਖਾਇਆ ਗਿਆ ਹੈ ਅਤੇ ਵੀਡੀਓ ਰਾਹੀਂ ਵੀ ਇਸ ਇਤਿਹਾਸਕ ਜੰਗ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜੋ ਕਿ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਇਹ ਜੰਗੀ ਯਾਦਗਾਰ 36 ਸਿੱਖ ਰੈਜੀਮੈਂਟ ਦੇ ਉਨ੍ਹਾਂ 21 ਸੂਰਬੀਰਾਂ ਦੀ ਅਣਖ, ਸਨਮਾਨ ਅਤੇ ਕੁਰਬਾਨੀ ਨੂੰ ਸਮਰਪਿਤ ਹੈ ਜਿਨ੍ਹਾ ਨੇ ਸਾਰਾਗੜ੍ਹੀ ਦੇ ਕਿਲ੍ਹੇ ਦੇ ਬਚਾਅ ਲਈ ਦਸ ਹਜ਼ਾਰ ਅਫਗਾਨੀ ਕਬਾਈਲੀਆਂ ਨਾਲ ਲੋਹਾ ਲਿਆ ਅਤੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ ਪਰ ਪਿੱਠ ਨਹੀਂ ਦਿਖਾਈ।
ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਜੰਗੀ ਯਾਦਗਾਰ ਦਾ ਸੰਕਲਪ ਸਮਾਨਾ, ਅਫਗਾਨਿਸਤਾਨ ਵਿਖੇ ਬਣੀ ਯਾਦਗਾਰ ਤੋਂ ਪ੍ਰੇਰਿਤ ਹੈ। ਸਮਾਨਾ, ਅਫਗਾਨਿਸਤਾਨ ਵਿਖੇ ਮੌਜੂਦਾ ਯਾਦਗਾਰ ਮੈਮੋਰੀਅਲ ਦੀ ਤਰਾਂ ਇਸ ਯਾਦਗਾਰ ਦੇ ਕੇਂਦਰ ਵਿੱਚ 31 ਫੁੱਟ ਉਚਾਈ ਵਾਲਾ ਟਾਵਰ 4 ਫੁੱਟ ਉੱਚੇ ਗੋਲਾਕਾਰ ਪਲੇਟਫਾਰਮ ਤੇ ਬਣਾਇਆ ਗਿਆ ਹੈ। ਇਸ ਮੈਮੋਰੀਅਲ 'ਤੇ ਸੁੰਦਰ ਲਾਈਟਾਂ ਲਗਾਈਆਂ ਗਈਆਂ ਹਨ ਜੋ ਕਿ ਮੈਮੋਰੀਅਲ ਨੂੰ ਰਾਤ ਦੇ ਸਮੇਂ ਹੋਰ ਵੀ ਆਕਰਸ਼ਕ ਦਿੱਖ ਪ੍ਰਦਾਨ ਕਰਨਗੀਆਂ। ਇਹ ਇਤਿਹਾਸਕ ਯਾਦਗਾਰ ਦੇਸ਼ -ਵਿਦੇਸ਼ ਦੇ ਸੈਲਾਨੀਆਂ ਲਈ ਅਲੌਕਿਕ ਖਿੱਚ ਦਾ ਕੇਂਦਰ ਹੋਵੇਗੀ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਸਾਰਾਗੜ੍ਹੀ ਵਾਰ ਦੇ ਨਾਇਕ ਹੌਲਦਾਰ ਸਰਦਾਰ ਈਸ਼ਰ ਸਿੰਘ ਦਾ 8 ਫੁੱਟ ਉੱਚਾ ਬੁੱਤ ਯਾਦਗਾਰ ਦੇ ਦਾਖਲੇ 'ਤੇ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਸ ਸਮੇਂ ਦੇ ਯੁੱਧ ਦੇ ਦ੍ਰਿਸ਼ ਨੂੰ ਦਰਸਾਉਂਦੇ ਹੋਏ 41 ਫੁੱਟ ਲੰਬੀ ਦੀਵਾਰ (ਮੂਰਲ ਵਾਲ) ਬਣਾਈ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਇਨ੍ਹਾਂ ਇਤਿਹਾਸਕ ਮਹੱਤਤਾ ਵਾਲੇ ਸਥਾਨਾਂ ਦੇ ਸਰਵਪੱਖੀ ਵਿਕਾਸ ਉਪਰੰਤ ਲੋਕ ਆਪਣੇ ਗੌਰਵਮਈ ਤੇ ਇਤਿਹਾਸਕ ਵਿਰਸੇ ਨਾਲ ਜੁੜਨਗੇ ਅਤੇ ਦੇਸ਼ ਵਿਦੇਸ਼ ਵਿੱਚੋਂ ਵੱਡੀ ਗਿਣਤੀ ਵਿੱਚ ਸੈਲਾਨੀ ਰਾਜ ਵਿੱਚ ਇਹ ਇਤਿਹਾਸਕ ਥਾਂਵਾ ਵੇਖਣ ਆਉਣਗੇ ਅਤੇ ਰਾਜ ਵਿੱਚ ਸੈਰ ਸਪਾਟੇ ਨੂੰ ਵਧਾਵਾ ਮਿਲੇਗਾ ਤੇ ਰਾਜ ਦੀ ਆਰਥਿਕ ਵਿਕਾਸ ਦੀ ਗਤੀ ਤੇਜ਼ ਹੋਵੇਗੀ। ਇਹ ਯਾਦਗਾਰ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਬਣੇਗੀ।
ਸਮਾਗਮ ਦੌਰਾਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਜੰਗ ਵਿੱਚ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਸ਼੍ਰੀ ਰਜਨੀਸ਼ ਦਹੀਯਾ, ਐਮ.ਐਲ.ਏ. ਗੁਰੂਹਰਸਹਾਏ ਸ. ਫੌਜਾ ਸਿੰਘ ਸਰਾਰੀ, ਕਮਿਸ਼ਨਰ ਫ਼ਿਰੋਜ਼ਪੁਰ ਮੰਡਲ ਸ੍ਰੀ ਅਰੁਣ ਸੇਖੜੀ, ਮੇਜਰ ਜਨਰਲ ਯੋਗੀ ਸ਼ਿਓਰੈਨ ਜੀ.ਓ.ਸੀ.,ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ, ਐੱਸ.ਡੀ.ਐੱਮ ਹਰਕੰਵਲਜੀਤ ਸਿੰਘ, ਸਹਾਇਕ ਕਮਿਸ਼ਨ (ਜ) ਸੂਰਜ, ਬ੍ਰਿਗੇਡੀਅਰ ਬਿਕਰਮ ਡਿਪਟੀ ਜੀ.ਓ.ਸੀ., ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ. ਚੰਦ ਸਿੰਘ ਗਿੱਲ, ਸ. ਸ਼ਮਿੰਦਰ ਸਿੰਘ ਖਿੰਡਾ ਚੇਅਰਮੈਨ ਪੰਜਾਬ ਐਗਰੋ, ਜਗਦੇਵ ਸਿੰਘ ਬਾਮ ਚੇਅਰਮੈਨ ਕੋਆਪ੍ਰੇਟਿਵ ਬੈਂਕ, ਡਾ. ਮਲਕੀਤ ਸਿੰਘ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਡਿਪਟੀ ਡੀ.ਈ.ਓ ਡਾ. ਸਤਿੰਦਰ ਸਿੰਘ, ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ ਅਤੇ ਡਾ. ਰਾਮੇਸ਼ਵਰ ਵੀ ਹਾਜ਼ਰ ਸਨ।
Powered by Froala Editor
Sikh-Warriors-Saragarhi-War-Memorial-At-Historic-Gurudwara-Saragarhi-Sahib-In-Ferozepur-Cantt-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)