ਜੈਤੋ, 4 ਫਰਵਰੀ (ਮਨਜੀਤ ਸਿੰਘ ਢੱਲਾ)- ਅਚਾਰੀਆ ਰਿਸ਼ੀ ਕ੍ਰਿਸ਼ਨਾਂ ਨੰਦ ਸ਼ਾਸਤਰੀ ਜੋ ਕਿ 21 ਜਨਵਰੀ ਦਿਨ ਸ਼ਨੀਵਾਰ ਨੂੰ ਪਰਮਾਤਮਾ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਤਿਆਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸ਼ਨ । ਉਹਨਾਂ ਦਾ ਜਨਮ 10 ਅਗਸਤ 1966 ਨੂੰ ਪਿਤਾ ਮਰਹੂਮ ਸੁਖਦੇਵ ਲਾਮੀਛਾਨੇ ਦੇ ਘਰ ਸ੍ਰੀਮਤੀ ਸੁਖਮਾਇਆ ਲਾਮੀਛਾਨੇ ਦੀ ਕੁੱਖੋਂ ਪਿੰਡ ਲੁੰਗਲੇ (ਆਸਾਮ) ਵਿੱਚ ਹੋਇਆ , ਉਨ੍ਹਾਂ ਮੁਢਲੀ ਸਿੱਖਿਆ ਆਪਣੇ ਪਿੰਡ ਲੁੰਗਲੇ ਦੇ ਮਿਡਲ ਸਕੂਲ ਤੋਂ ਹਾਸਲ ਕੀਤੀ ਅਤੇ ਬਾਅਦ ਦੇ ਵਿੱਚ ਸੰਪੂਰਨਾਨੰਦ ਸੰਸਕ੍ਰਿਤ ਵਿਸ਼ਵ ਵਿਦਿਆਲਿਆ ( ਕਾਸ਼ੀ ) ਸ਼ਾਸ਼ਤਰੀ ਅਤੇ ਅਚਾਰੀਆ ਕੀਤੀ। ਉਹਨਾਂ ਨੇ ਹਿੰਦੀ ਸਾਹਿਤ ਸੰਮੇਲਨ ਪ੍ਰਯਾਗ ( ਇਲਾਹਾਬਾਦ ) ਤੋੰ ਆਯੁਰਵੇਦ ਰਤਨ ਦੀ ਡਿਗਰੀ ਵੀ ਹਾਸਲ ਕੀਤੀ। ਅਚਾਰੀਆ ਰਿਸ਼ੀ ਕ੍ਰਿਸ਼ਨਾ ਨੰਦ ਸ਼ਾਸਤਰੀ ਨੇ ਬ੍ਰਹਮਲੀਨ ਸੁਆਮੀ ਰਾਮ ਸਰੂਪ ਨੂੰ ਆਪਣਾ ਗੁਰੂ ਧਾਰਿਆ ਜੋ ਉਨ੍ਹਾਂ ਨੂੰ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਦੇ ਡੇਰਾ ਸਥਾਨ ਤੇ ਲੈ ਆਏ। ਉਹਨਾਂ ਬ੍ਰਹਮਲੀਨ ਦਾਰਸ਼ਨਿਕ ਸੁਆਮੀ ਜੋਗਿੰਦਰ ਆਨੰਦ ਸ਼ਾਸ਼ਤਰੀ ਤੋਂ ਵਿੱਦਿਆ ਹਾਸਲ ਕੀਤੀ। ਸੁਆਮੀ ਜਗਦੀਸ਼ ਮੁਨੀ ਨੇ 13 ਨਵੰਬਰ 1991 ਨੂੰ ਪਿੰਡ ਰਾਮਗੜ (ਭਗਤੂਆਣਾ) ਵਿਖੇ ਸਥਾਪਿਤ ਡੇਰਾ ਬਾਬਾ ਭਾਈ ਭਗਤੂ ਦੀ ਗੱਦੀ ਅਚਾਰੀਆ ਰਿਸ਼ੀ ਕ੍ਰਿਸ਼ਨਾ ਨੰਦ ਸ਼ਾਸਤਰੀ ਨੂੰ ਸੌਂਪ ਦਿੱਤੀ। ਉਹਨਾਂ ਨੂੰ ਪਿੰਡ ਰਾਮਗੜ (ਭਗਤੂਆਣਾ) ਵਿਖੇ ਲੈ ਕੇ ਆਉਣ ਵਿਚ ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਚੇਅਰਮੈਨ ਸ੍ਰੀ ਛੱਜੂ ਰਾਮ ਗਰਗ ਦਾ ਵਿਸ਼ੇਸ਼ ਯੋਗਦਾਨ ਰਿਹਾ। ਇੱਥੇ ਉਨ੍ਹਾਂ ਨੂੰ ਲੋਕ ਸ਼ਾਸ਼ਤਰੀ ਜੀ ਦੇ ਨਾਂ ਨਾਲ ਸੰਬੋਧਨ ਕਰਨ ਲੱਗੇ।
ਉਨ੍ਹਾਂ ਅੱਜ ਕੱਲ ਦੇ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਕੁਝ ਸਮਾਂ ਦੂਜਿਆਂ ਲਈ ਕੱਢਣ ਬਾਰੇ ਲੋਕਾਂ ਨੂੰ ਪ੍ਰੇਰਿਆ ਅਤੇ ਖੁਦ ਵੀ ਸਮਾਜਿਕ ਕਾਰਜਾਂ ਅਤੇ ਦੀਨ-ਦੁਖੀਆਂ ਦੀ ਸੇਵਾ ਵਿਚ ਆਪਣਾ ਜੀਵਨ ਸਮਰਪਿਤ ਕੀਤਾ। ਡੇਰਾ ਬਾਬਾ ਭਾਈ ਭਗਤੂ ਦੀ ਸੇਵਾ ਸੰਭਾਲ ਕਰਦਿਆਂ ਉਹਨਾਂ ਨੇ ਅਪਾਹਜ ਵਿਅਕਤੀਆਂ ਨੂੰ ਆਪਣੇ ਗਲ ਲਾਇਆ ਅਤੇ ਆਮ ਜਨਤਾ ਲਈ ਮੁਫ਼ਤ ਦਵਾਖਾਨਾ ਖੋਲ੍ਹਿਆ । ਉਨ੍ਹਾਂ ਇਲਾਕੇ ਵਿਚ ਲੜਕੀਆਂ ਲਈ ਉਚੇਰੀ ਸਿੱਖਿਆ ਦੇ ਸੰਸਾਧਨਾਂ ਦੀ ਘਾਟ ਨੂੰ ਵੇਖਦਿਆਂ ਹੋਇਆਂ ਇਲਾਕੇ ਦੀਆਂ ਕੁਝ ਮਾਨਯੋਗ ਸ਼ਖਸ਼ੀਅਤਾਂ ਨੂੰ ਨਾਲ ਲੈ ਕੇ ਭਾਈ ਭਗਤੂ ਇੰਸਟੀਚਿਊਟ ਆਫ ਹਾਇਰ ਐਜੂਕੇਸ਼ਨ ਨਾਂ ਦੀ ਸੰਸਥਾ ਬਣਾਈ, ਜਿਸ ਅਧੀਨ ਭਾਈ ਭਗਤੂ ਗਰਲਜ਼ ਕਾਲਜ ਅਤੇ ਸੀਨੀਅਰ ਸੈਕੰਡਰੀ ਸਕੂਲ ਦੀ ਸਥਾਪਨਾ ਕੀਤੀ। ਉਨ੍ਹਾਂ ਛੋਟੇ ਬੱਚਿਆਂ ਨੂੰ ਵਧੀਆ ਸਿੱਖਿਆ ਉਪਲੱਬਧ ਕਰਾਉਣ ਲਈ ਇੰਟਰਨੈਸ਼ਨਲ ਪਬਲਿਕ ਸਕੂਲ ਵੀ ਬਣਾਇਆ।ਉਨ੍ਹਾਂ ਨਗਰ ਪੰਚਾਇਤ ਨੂੰ ਨਾਲ ਲੈ ਕੇ ਪਿੰਡ ਰਾਮਗੜ੍ਹ (ਭਗਤੂਆਣਾ) ਦੇ ਵਿਕਾਸ ਵਿਚ ਅਹਿਮ ਭੂਮਿਕਾ ਅਦਾ ਕੀਤੀ। ਉਨ੍ਹਾਂ ਦੇ ਗਤੀਸ਼ੀਲ ਮਾਰਗ ਦਰਸ਼ਨ ਵਿਚ ਪਿਛਲੇ ਲਗਭੱਗ ਪੱਚੀ ਸਾਲਾਂ ਤੋਂ ਡੇਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦੀ ਲੜੀ ਵੀ ਹਰ ਸਾਲ ਚਲਦੀ ਹੈ।
ਉਨ੍ਹਾਂ ਦੀ ਸਤਾਰ੍ਹਵੀਂ ਦੀ ਰਸਮ 7 ਫਰਵਰੀ ਦਿਨ ਮੰਗਲਵਾਰ ਸਵੇਰੇ 11 ਵਜੇ ਤੋਂ ਦੁਪਹਿਰ 1:30 ਵਜੇ ਤੱਕ ਡੇਰਾ ਬਾਬਾ ਭਾਈ ਭਗਤੂ ਰਾਮਗੜ੍ਹ ( ਭਗਤੂਆਣਾ ) ਵਿਖੇ ਅਦਾ ਕੀਤੀ ਜਾਵੇਗੀ।