ਖੰਨਾ 'ਚ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਸੈਂਕੜੇ ਮਨਰੇਗਾ ਮੁਲਾਜ਼ਮ ਗ੍ਰਿਫਤਾਰ, ਪੁਲਿਸ ਬਲ ਨਾਲ ਖਦੇੜੇ, ਅਮਲੋਹ-ਖੰਨਾ ਰੋਡ 'ਤੇ ਲਾਇਆ ਸੀ ਧਰਨਾ
Jul20,2026
| Rajender Singh Jadon | Khanna
ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਕੋਠੀ ਦੇ ਘਿਰਾਓ ਨੂੰ ਲੈ ਕੇ ਖੰਨਾ ਇੱਕ ਵਾਰ ਫਿਰ ਸੰਘਰਸ਼ ਤੇ ਸਿਆਸਤ ਦਾ ਕੇਂਦਰ ਬਣ ਗਿਆ ਹੈ। ਪੰਜਾਬ ਭਰ ਤੋਂ ਪੁੱਜੇ ਮਨਰੇਗਾ ਮੁਲਾਜ਼ਮਾਂ ਅਤੇ ਯੂਨੀਅਨ ਆਗੂਆਂ ਨੇ ਸਖ਼ਤ ਪੁਲਿਸ ਨਾਕਾਬੰਦੀ ਦੇ ਬਾਵਜੂਦ ਵੱਖ-ਵੱਖ ਰਸਤਿਆਂ ਰਾਹੀਂ ਸ਼ਹਿਰ ਵਿੱਚ ਦਾਖਲ ਹੋ ਕੇ ਮੰਤਰੀ ਦੀ ਕੋਠੀ ਵੱਲ ਕੂਚ ਕੀਤਾ। ਪੁਲਿਸ ਨੇ ਅਮਲੋਹ ਰੋਡ 'ਤੇ ਮੰਤਰੀ ਦੀ ਕੋਠੀ ਤੋਂ ਕੁਝ ਦੂਰੀ 'ਤੇ ਉਨ੍ਹਾਂ ਨੂੰ ਰੋਕ ਲਿਆ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਨਾਕੇ 'ਤੇ ਹੀ ਧਰਨਾ ਲਗਾ ਕੇ ਖੰਨਾ-ਅਮਲੋਹ ਰੋਡ ਜਾਮ ਕਰ ਦਿੱਤਾ। ਕਰੀਬ ਇੱਕ ਘੰਟਾ ਚੱਲੇ ਧਰਨੇ ਮੁਜਾਹਰੇ ਤੋਂ ਬਾਅਦ ਪੁਲਿਸ ਨੇ ਬਲ ਦੀ ਵਰਤੋਂ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਖਦੇੜ ਦਿੱਤਾ ਅਤੇ ਸੈਂਕੜੇ ਮਨਰੇਗਾ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਇਸ ਤੋਂ ਪਹਿਲਾਂ ਪੁਲਿਸ ਨੇ ਸ਼ਹਿਰ ਦੇ ਮੁੱਖ ਦਾਖ਼ਲੀ ਮਾਰਗਾਂ 'ਤੇ ਸਖ਼ਤ ਨਾਕਾਬੰਦੀ ਕਰਕੇ 50 ਤੋਂ ਵੱਧ ਮਨਰੇਗਾ ਮੁਲਾਜ਼ਮਾਂ ਅਤੇ ਯੂਨੀਅਨ ਆਗੂਆਂ ਨੂੰ ਵੱਖ-ਵੱਖ ਥਾਵਾਂ ਤੋਂ ਹਿਰਾਸਤ ਵਿੱਚ ਲੈ ਲਿਆ ਸੀ। ਇਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਆਸ-ਪਾਸ ਦੇ ਪਿੰਡਾਂ ਅਤੇ ਹੋਰ ਰਸਤਿਆਂ ਰਾਹੀਂ ਖੰਨਾ ਵਿੱਚ ਦਾਖਲ ਹੋਣ ਵਿੱਚ ਕਾਮਯਾਬ ਰਹੇ ਅਤੇ ਅਮਲੋਹ ਰੋਡ 'ਤੇ ਇਕੱਠੇ ਹੋ ਗਏ।
ਸਥਿਤੀ ਨੂੰ ਦੇਖਦਿਆਂ ਐਸਡੀਐਮ ਸਵਾਤੀ ਟਿਵਾਣਾ ਮੌਕੇ 'ਤੇ ਪਹੁੰਚੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਪਾਰਕ ਅੰਦਰ ਸ਼ਾਂਤੀਪੂਰਵਕ ਧਰਨਾ ਦੇਣ ਦੀ ਅਪੀਲ ਕੀਤੀ, ਪਰ ਉਹ ਸੜਕ ਤੋਂ ਹਟਣ ਲਈ ਤਿਆਰ ਨਹੀਂ ਹੋਏ। ਇਸ ਦੌਰਾਨ ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਵੀ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਗੱਲਬਾਤ ਬੇਨਤੀਜਾ ਰਹਿਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ਜਬਰਦਸਤੀ ਚੁੱਕਣਾ ਸ਼ੁਰੂ ਕਰ ਦਿੱਤਾ। ਕਈਆਂ ਨੂੰ ਪੁਲਿਸ ਵਾਹਨਾਂ ਵਿੱਚ ਬਿਠਾ ਕੇ ਥਾਣਿਆਂ ਵਿੱਚ ਭੇਜਿਆ ਗਿਆ, ਜਦਕਿ ਬਾਕੀਆਂ ਨੂੰ ਮੌਕੇ ਤੋਂ ਖਦੇੜ ਦਿੱਤਾ ਗਿਆ। ਇਸ ਦੌਰਾਨ ਅਮਲੋਹ-ਖੰਨਾ ਰੋਡ 'ਤੇ ਲੱਗਾ ਜਾਮ ਵੀ ਖੁਲਵਾ ਦਿੱਤਾ ਗਿਆ।
ਇਹ ਸਾਰਾ ਘਟਨਾਕ੍ਰਮ 15 ਜੁਲਾਈ ਨੂੰ ਹੋਈ ਵੱਡੀ ਝੜਪ ਦੀ ਯਾਦ ਤਾਜ਼ਾ ਕਰ ਗਿਆ। ਉਸ ਦਿਨ ਵੀ ਮਨਰੇਗਾ ਮੁਲਾਜ਼ਮਾਂ ਨੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਕੋਠੀ ਦੇ ਬਾਹਰ ਧਰਨਾ ਲਗਾਇਆ ਸੀ। ਉਸ ਵੇਲੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਲਾਠੀਚਾਰਜ ਕੀਤਾ ਸੀ, ਅੱਥਰੂ ਗੈਸ ਦੇ ਗੋਲੇ ਛੱਡੇ ਗਏ ਸਨ ਅਤੇ ਪਾਣੀ ਦੀਆਂ ਤੇਜ਼ ਬੌਛਾੜਾਂ ਮਾਰੀਆਂ ਗਈਆਂ ਸਨ। ਉਸ ਕਾਰਵਾਈ ਦੌਰਾਨ ਇੱਕ ਮਨਰੇਗਾ ਮੁਲਾਜ਼ਮ ਦੀ ਲੱਤ ਟੁੱਟ ਗਈ ਸੀ, ਜਦਕਿ ਕਈ ਹੋਰ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ ਸਨ। ਇਸ ਘਟਨਾ ਤੋਂ ਬਾਅਦ ਪੂਰੇ ਪੰਜਾਬ ਵਿੱਚ ਸਿਆਸੀ ਮਾਹੌਲ ਗਰਮਾ ਗਿਆ ਸੀ ਅਤੇ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਿਆ ਸੀ।
ਹੁਣ ਇੱਕ ਵਾਰ ਫਿਰ ਵੱਡੀ ਗਿਣਤੀ ਵਿੱਚ ਮਨਰੇਗਾ ਮੁਲਾਜ਼ਮਾਂ ਦੀਆਂ ਗ੍ਰਿਫ਼ਤਾਰੀਆਂ ਅਤੇ ਪੁਲਿਸ ਕਾਰਵਾਈ ਤੋਂ ਬਾਅਦ ਇਸ ਮੁੱਦੇ 'ਤੇ ਸਿਆਸਤ ਮੁੜ ਭਖਣ ਦੇ ਆਸਾਰ ਬਣ ਗਏ ਹਨ। ਵਿਰੋਧੀ ਪਾਰਟੀਆਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਦਕਿ ਮਨਰੇਗਾ ਮੁਲਾਜ਼ਮ ਯੂਨੀਅਨ ਨੇ ਵੀ ਸੰਘਰਸ਼ ਹੋਰ ਤੇਜ਼ ਕਰਨ ਦੇ ਸੰਕੇਤ ਦਿੱਤੇ ਹਨ।
ਉੱਧਰ, ਆਮ ਆਦਮੀ ਪਾਰਟੀ ਦੇ ਆਗੂ ਅਤੇ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਰਤਨਹੇੜੀ ਨੇ ਕਿਹਾ ਕਿ ਸਰਕਾਰ ਮਨਰੇਗਾ ਮੁਲਾਜ਼ਮਾਂ ਦੀਆਂ ਮੰਗਾਂ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਅਤੇ ਪ੍ਰਦਰਸ਼ਨ ਦੀ ਬਜਾਏ ਗੱਲਬਾਤ ਰਾਹੀਂ ਹੱਲ ਕੱਢਿਆ ਜਾ ਸਕਦਾ ਹੈ।
ਦੂਜੇ ਪਾਸੇ, ਮੌਕੇ 'ਤੇ ਮੌਜੂਦ ਐਸਪੀ ਰਾਜਪਾਲ ਸਿੰਘ ਨੇ ਕਿਹਾ ਕਿ ਐਸਡੀਐਮ ਵੱਲੋਂ ਧਾਰਾ 163 ਲਾਗੂ ਕੀਤੀ ਗਈ ਸੀ ਅਤੇ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠ 'ਤੇ ਪਾਬੰਦੀ ਸੀ। ਪ੍ਰਦਰਸ਼ਨਕਾਰੀਆਂ ਨੇ ਸੜਕ ਜਾਮ ਕਰਕੇ ਕਾਨੂੰਨ ਦੀ ਉਲੰਘਣਾ ਕੀਤੀ। ਉਨ੍ਹਾਂ ਨੂੰ ਕਈ ਵਾਰ ਪਾਰਕ ਵਿੱਚ ਜਾ ਕੇ ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨ ਕਰਨ ਲਈ ਕਿਹਾ ਗਿਆ, ਪਰ ਨਾ ਮੰਨਣ 'ਤੇ ਕਾਨੂੰਨੀ ਕਾਰਵਾਈ ਕਰਦਿਆਂ ਹਿਰਾਸਤ ਵਿੱਚ ਲਿਆ ਗਿਆ।
Manrega-Worker-Protest-Khanna-