*1.1 ਲੱਖ ਏਕੜ ਤੋਂ ਵੱਧ ਹੋਰ ਰਕਬਾ ਨਹਿਰੀ ਸਿੰਜਾਈ ਅਧੀਨ ਆਇਆ; 19213 ਏਕੜ ਰਕਬੇ ਨੂੰ ਪਹਿਲੀ ਵਾਰ ਮਿਲਿਆ ਨਹਿਰੀ ਪਾਣੀ*
*ਪਾਣੀ ਦੀ ਚਿਰੋਕਣੀ ਘਾਟ ਹੋਈ ਦੂਰ; ਜਲੰਧਰ,ਐਸ.ਬੀ.ਐਸ. ਨਗਰ, ਕਪੂਰਥਲਾ ਅਤੇ ਹੁਸ਼ਿਆਰਪੁਰ ਵਿੱਚ ਸਿੰਜਾਈ ਸਹੂਲਤਾਂ ਹੋਈਆਂ ਮਜ਼ਬੂਤ: ਬਰਿੰਦਰ ਕੁਮਾਰ ਗੋਇਲ*
*ਚੰਡੀਗੜ੍ਹ, 4 ਜੂਨ: ਪੰਜਾਬ ਦੀ ਇਤਿਹਾਸਕ ਜੀਵਨ-ਧਾਰਾ ’ਚ ਨਵੀਂ ਰੂਹ ਫੂਕਦਿਆਂ ਪੰਜਾਬ ਸਰਕਾਰ ਨੇ ਬਿਸਤ ਦੋਆਬ ਨਹਿਰ ਦੀ ਮੁੜ-ਬਹਾਲੀ ਨਾਲ ਦੁਆਬਾ ਖੇਤਰ ਦੇ ਖੇਤਾਂ ਦੀ ਨੁਹਾਰ ਬਦਲਦਿਆਂ ਕਿਸਾਨਾਂ ਦੇ ਉੱਜਲ ਭਵਿੱਖ ਲਈ ਰਾਹ ਪੱਧਰਾ ਕਰ ਦਿੱਤਾ ਹੈ। ਸੂਬੇ ਦੇ ਸਿੰਜਾਈ ਨੈੱਟਵਰਕ ਨੂੰ ਵੱਡਾ ਹੁਲਾਰਾ ਦਿੰਦਿਆਂ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨਹਿਰ ਨੂੰ ਸੁਰਜੀਤ ਕਰਨ ਨਾਲ ਸਾਲ 2025-26 ਦੌਰਾਨ ਬਿਸਤ-ਦੁਆਬ ਨਹਿਰੀ ਨੈੱਟਵਰਕ ਹੇਠ ਸਿੰਜਾਈ ਅਧੀਨ ਰਕਬੇ ’ਚ 167% ਦਾ ਸ਼ਾਨਦਾਰ ਵਾਧਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਇਸ ਵਿਸਥਾਰ ਨਾਲ 1,10,762 ਏਕੜ ਹੋਰ ਰਕਬਾ ਨਹਿਰੀ ਸਿੰਜਾਈ ਅਧੀਨ ਲਿਆਂਦਾ ਗਿਆ ਹੈ, ਜਿਸ ਨਾਲ ਇਲਾਕੇ ਦੇ ਖੇਤੀ ਖੇਤਰ ਦੀ ਨੀਂਹ ਮਜ਼ਬੂਤ ਹੋਈ ਹੈ।
ਦੁਆਬੇ ਦੀ ਸਾਹ-ਰਗ ਮੰਨੀ ਜਾਂਦੀ ਇਸ ਨਹਿਰ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਟੀਚਾਗਤ ਉਪਰਾਲਿਆਂ ਤਹਿਤ ਪਾਣੀ ਦੇ ਵਹਾਅ ’ਚ ਮਿਸਾਲੀ ਸੁਧਾਰ ਹੋਇਆ ਹੈ। ਇਨ੍ਹਾਂ ਯਤਨਾਂ ਨਾਲ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਕੁਝ ਹਿੱਸਿਆਂ ’ਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਾਣੀ ਦੀ ਕਮੀ ਨੂੰ ਦੂਰ ਕਰਦਿਆਂ ਸਿੰਜਾਈ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਗਿਆ।
ਸ੍ਰੀ ਗੋਇਲ ਨੇ ਕਿਹਾ ਕਿ ਰੋਪੜ ਹੈੱਡਵਰਕਸ ਤੋਂ ਨਿਕਲਣ ਵਾਲੇ ਇਸ ਨਹਿਰੀ ਨੈੱਟਵਰਕ, ਜਿਸ ’ਚ ਇਸ ਦੇ ਰਜਬਾਹੇ, ਮਾਈਨਰ ਤੇ ਖਾਲੇ ਸ਼ਾਮਲ ਹਨ, ਦੀ ਵਿਆਪਕ ਕਾਇਆ-ਕਲਪ ਕੀਤੀ ਗਈ ਹੈ। ਇਸ ਨਾਲ ਪਾਣੀ ਦੀ ਵੰਡ ਹੋਰ ਸੁਚਾਰੂ ਅਤੇ ਕੁਸ਼ਲ ਹੋਈ ਹੈ, ਜਿਸ ਨਾਲ ਸਿੰਜਾਈ ਹੇਠਲੇ ਰਕਬੇ ’ਚ ਕਾਫ਼ੀ ਵਾਧਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਮੁੜ-ਸੁਰਜੀਤੀ ਦੀ ਵੱਡੀ ਪ੍ਰਾਪਤੀ ਇਹ ਵੀ ਹੈ ਕਿ ਬਿਸਤ-ਦੁਆਬ ਨਹਿਰੀ ਨੈੱਟਵਰਕ ਤਹਿਤ ਲਗਭਗ 19213 ਏਕੜ ਖੇਤੀਯੋਗ ਰਕਬੇ ਨੂੰ ਪਹਿਲੀ ਵਾਰ ਨਹਿਰੀ ਪਾਣੀ ਮਿਲਿਆ ਹੈ। ਇਹ ਉਨ੍ਹਾਂ ਕਿਸਾਨਾਂ ਲਈ ਇੱਕ ਮਹੱਤਵਪੂਰਨ ਬਦਲਾਅ ਹੈ, ਜੋ ਪਹਿਲਾਂ ਧਰਤੀ ਹੇਠਲੇ ਪਾਣੀ ਤੇ ਮੀਂਹ ’ਤੇ ਨਿਰਭਰ ਸਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪਾਣੀ ਦੇ ਵਹਾਅ ਵਿੱਚ ਆਏ ਸੁਧਾਰ ਨੇ ਬਲਾਚੌਰ ਖੇਤਰ ’ਚ ਕਾਠਗੜ੍ਹ ਲਿਫਟ ਸਕੀਮ ਰਾਹੀਂ ਲਿਫਟ ਸਿੰਜਾਈ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਹੈ। ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਤੇ ਮੁਕੰਦਪੁਰ ਅਤੇ ਜਲੰਧਰ ਜ਼ਿਲ੍ਹੇ ਦੇ ਅੱਪਰਾ, ਨੂਰਮਹਿਲ, ਮਲਸੀਆਂ, ਨਕੋਦਰ, ਆਦਮਪੁਰ ਅਤੇ ਕਾਲਾ ਸੰਘਿਆਂ ਵਰਗੇ ਖੇਤਰਾਂ ’ਚ ਬੁਨਿਆਦੀ ਢਾਂਚਾ ਮਜ਼ਬੂਤ ਹੋਇਆ ਹੈ ਜਦਕਿ ਜਲੰਧਰ ਬ੍ਰਾਂਚ ਨਾਲ ਜੁੜੇ ਮੁੜ-ਸੁਰਜੀਤ ਕੀਤੇ ਰਜਬਾਹਿਆਂ ਨੇ ਆਖ਼ਰੀ ਖੇਤ ਤੱਕ ਪਾਣੀ ਦੀ ਵੰਡ ਵਿੱਚ ਵਾਧਾ ਕੀਤਾ ਹੈ।
ਨਹਿਰ ਦੇ ਮਜ਼ਬੂਤੀਕਰਨ ਨਾਲ ਹੁਣ ਸ਼ਹਿਰੀ ਖੇਤਰ ਵਿੱਚ ਪਾਣੀ ਦੀਆਂ ਲੋੜਾਂ ਵੀ ਪੂਰੀਆਂ ਹੋ ਰਹੀਆਂ ਹੈ। ਸ਼ਹਿਰ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ’ਚ ਸੁਧਾਰ ਲਈ ਜਲੰਧਰ ਬ੍ਰਾਂਚ ਨੂੰ ਵਾਧੂ 150 ਕਿਊਸਿਕ ਪਾਣੀ ਅਲਾਟ ਕੀਤਾ ਗਿਆ ਹੈ। ਇਸ ਨਾਲ ਜਲੰਧਰ ਨਗਰ ਨਿਗਮ ਦੀ ਧਰਤੀ ਹੇਠਲੇ ਪਾਣੀ ’ਤੇ ਨਿਰਭਰਤਾ ਘਟ ਰਹੀ ਹੈ ਅਤੇ ਵਧੇਰੇ ਪਾਏਦਾਰ ਅਤੇ ਭਰੋਸੇਯੋਗ ਜਲ ਸਪਲਾਈ ਪ੍ਰਣਾਲੀ ਵਿਕਸਿਤ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਬਿਸਤ-ਦੁਆਬ ਨਹਿਰ ਦੀ ਬਹਾਲੀ ਸਿੰਜਾਈ ਪ੍ਰਣਾਲੀ ਨੂੰ ਆਧੁਨਿਕ ਬਣਾਉਣ, ਕਿਸਾਨਾਂ ਦੀ ਸਹਾਇਤਾ ਕਰਨ ਅਤੇ ਸਿੱਕੇਬੰਦ ਜਲ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਖੇਤੀ ਪੈਦਾਵਾਰ ਵਧੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਹਿਮ ਸਰੋਤ ਪਾਣੀ ਨੂੰ ਸੁਰੱਖਿਅਤ ਰੱਖਿਆ ਜਾ ਸਕੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸਿਰਫ਼ ਇੱਕ ਬਹਾਲੀ ਨਹੀਂ, ਸਗੋਂ ਇੱਕ ਨਿਰੋਲ ਕਾਇਆ-ਕਲਪ ਹੈ, ਜੋ ਪੰਜਾਬ ਦੀ ਖੇਤੀ ਰਹਿਤਲ ਦੀ ਸੰਭਾਲ ਸਮਰੱਥਾ ਅਤੇ ਰਿਜ਼ਕ ਨੂੰ ਵਧਾਉਣ ਅਤੇ ਸੁਨਹਿਰੇ ਭਵਿੱਖ ਵੱਲ ਵਧਣ ਦਾ ਸੁਹਿਰਦ ਉਪਰਾਲਾ ਹੈ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)