• ਨੌਜਵਾਨ ਪੀੜ੍ਹੀ ਨੂੰ ਆਤਮਨਿਰਭਰ ਬਣਾਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਵਚਨਬੱਧ-ਰਿੰਪੀ ਗਰਗ
ਮਾਲੇਰਕੋਟਲਾ, 11 ਨਵੰਬਰ –
ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜ਼ਿਲ੍ਹਾ ਰੋਜ਼ਗਾਰ, ਉਤਪਤੀ, ਹੁਨਰ ਵਿਕਾਸ ਅਤੇ ਕਾਰੋਬਾਰ ਬਿਊਰੋ, ਮਾਲੇਰਕੋਟਲਾ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਰਕਾਰੀ ਆਈ.ਟੀ.ਆਈ (ਲ਼ੜਕੇ), ਨਾਭਾ ਰੋਡ ਮਾਲੇਰਕੋਟਲਾ ਵਿਖੇ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਕਈ ਪ੍ਰਸਿੱਧ ਕੰਪਨੀਆਂ ਜਿਵੇਂ ਕਿ ਐਚ.ਡੀ.ਐਫ.ਸੀ. ਬੈਂਕ, ਐਕਸੀਸ ਬੈਂਕ, ਐਲ.ਆਈ.ਸੀ. ਸਟਾਰ ਹੈਲਥ ਇੰਸ਼ੋਰੈਂਸ,ਸੋਨਾਲੀਕਾ ਟਰੈਕਟਰ,ਵਰਧਮਾਨ ਯੂਨਿਟ ਮਾਲੇਰਕੋਟਲਾ, ਕੇ.ਐੱਸ. ਐਗਰੀਕਲਚਰ ਆਦਿ ਨੇ ਭਾਗ ਲਿਆ ਅਤੇ ਪ੍ਰਾਰਥੀਆਂ ਦੇ ਇੰਟਰਵਿਊ ਕਰਕੇ ਉਨ੍ਹਾਂ ਦੀ ਯੋਗਤਾ ਦੇ ਆਧਾਰ ‘ਤੇ ਚੋਣ ਕੀਤੀ। ਉਨ੍ਹਾਂ ਦੱਸਿਆ ਕਿ ਕਰੀਬ 300 ਪ੍ਰਾਰਥੀਆਂ ਵੱਲੋਂ ਰੋਜ਼ਗਾਰ ਮੇਲੇ ਵਿੱਚ ਭਾਗ ਲਿਆ ਗਿਆ ਅਤੇ 7 ਪ੍ਰਾਰਥੀਆਂ ਨੂੰ ਮੌਕੇ ‘ਤੇ ਹੀ ਨਿਯੁਕਤੀ ਪੱਤਰ ਸੌਂਪੇ ਗਏ। ਉਨ੍ਹਾਂ ਨਿਯੁਕਤੀ ਪੱਤਰ ਪ੍ਰਾਪਤ ਕੀਤੇ ਉਮੀਦਵਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਮਿਹਨਤ ਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਕੇ ਆਪਣਾ ਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ। ਉਨ੍ਹਾਂ ਹੋਰ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਤਮਨਿਰਭਰ ਬਣਾਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਵਚਨਬੱਧ ਹੈ। ਨੌਜਵਾਨ ਆਪਣੀ ਯੋਗਤਾ, ਹੁਨਰ ਅਤੇ ਜੋਸ਼ ਨਾਲ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹ ਸਕਦੇ ਹਨ। ਇਸ ਤਰ੍ਹਾਂ ਦੇ ਜੌਬ ਫੇਅਰ ਜਵਾਨਾਂ ਲਈ ਸੋਨੇ ਦੇ ਮੌਕੇ ਹਨ, ਜਿਨ੍ਹਾਂ ਰਾਹੀਂ ਉਹ ਆਪਣਾ ਭਵਿੱਖ ਸੁਨਿਹਰਾ ਬਣਾ ਸਕਦੇ ਹਨ।”
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਅਧਿਕਾਰੀ ਕੰਵਲਪੁਨੀਤ ਕੌਰ ਅਤੇ ਪ੍ਰਿੰਸੀਪਲ ਆਈ.ਟੀ.ਆਈ. ਕਮਲਜੀਤ ਸਿੰਘ ਨੇ ਦੱਸਿਆ ਕਿ ਰੋਜ਼ਗਾਰ ਮੇਲੇ ਦਾ ਮੁੱਖ ਉਦੇਸ਼ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਸਿੱਧੇ ਨਿਯੋਗਦਾਤਾਵਾਂ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਅਗਲੇ ਸਮੇਂ ਵਿੱਚ ਵੀ ਜ਼ਿਲ੍ਹੇ ਦੇ ਨੌਜਵਾਨਾਂ ਲਈ ਪਲੇਸਮੈਂਟ ਕੈਂਪ ਅਤੇ ਕਰੀਅਰ ਸੈਮੀਨਾਰ ਨਿਯਮਿਤ ਤੌਰ ‘ਤੇ ਕਰਵਾਏ ਜਾਣਗੇ, ਤਾਂ ਜੋ ਉਨ੍ਹਾਂ ਦਾ ਭਵਿੱਖ ਮਜ਼ਬੂਤ ਅਤੇ ਸੁਨਹਿਰਾ ਬਣ ਸਕੇ।