*ਅਰਵਿੰਦ ਕੇਜਰੀਵਾਲ ਦੀ ਉਦਯੋਗ ਨੂੰ ਗਾਰੰਟੀ, ਚੀਨ ਨਾਲ ਮੁਕਾਬਲਾ ਕਰਨ ਲਈ ਪੰਜਾਬ ਵਿੱਚ ਸਾਰੀਆਂ ਸਹੂਲਤਾਂ ਦੇਵੇਗੀ ‘ਆਪ’ ਸਰਕਾਰ*

Mar13,2026 | Jagrati Lahar Bureau | Chandigarh



*75 ਸਾਲਾਂ ਤੋਂ ਦੇਸ਼ ਦਾ ਸਿਸਟਮ ਏਨਾ ਖਰਾਬ ਰਿਹਾ ਕਿ ਸਾਡੀਆਂ ਸਰਕਾਰਾਂ ਨੇ ਕਦੇ ਵੀ ਲੋਕਾਂ ਨੂੰ ਕੁਝ ਕਰਨ ਦਾ ਮੌਕਾ ਨਹੀਂ ਦਿੱਤਾ-ਅਰਵਿੰਦ ਕੇਜਰੀਵਾਲ*

*ਪੰਜਾਬ ਦੇ ਸੁਖਾਵੇਂ ਮਾਹੌਲ ਕਰਕੇ ਮਹਿਜ਼ ਚਾਰ ਸਾਲਾਂ ਵਿੱਚ ਇਕ ਲੱਖ 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆਇਆ-ਅਰਵਿੰਦ ਕੇਜਰੀਵਾਲ*

*ਭਗਵੰਤ ਮਾਨ ਸਰਕਾਰ ਯਕੀਨ ਦਿਵਾਉਂਦੀ ਹੈ ਕਿ ਕੰਪਨੀਆਂ ਨੂੰ ਸਿੰਗਲ ਵਿੰਡੋ ਸਿਸਟਮ ਰਾਹੀਂ 45 ਦਿਨਾਂ ਦੇ ਅੰਦਰ ਪ੍ਰਵਾਨਗੀਆਂ ਮਿਲਣਗੀਆਂ-ਅਰਵਿੰਦ ਕੇਜਰੀਵਾਲ*

*ਪੰਜਾਬ ਵਿੱਚ ਪਿਛਲੀਆਂ ਸਰਕਾਰਾਂ ਮੌਕੇ ਸਨਅਤਕਾਰ ਮੰਤਰੀਆਂ ਨੂੰ ਰਿਸ਼ਵਤ ਦਿੱਤੇ ਤੋਂ ਬਗੈਰ ਉਦਯੋਗ ਲਈ ਪ੍ਰਵਾਨਗੀਆਂ ਨਹੀਂ ਲੈ ਸਕਦੇ ਸਨ-ਅਰਵਿੰਦ ਕੇਜਰੀਵਾਲ*

*ਅਸੀਂ ਸਿੱਖਿਆ ਤੇ ਸਿਹਤ ਸੰਭਾਲ ਦੇ ਖੇਤਰਾਂ ਵਿੱਚ ਸਭ ਤੋਂ ਵੱਧ ਨਿਵੇਸ਼ ਕੀਤਾ, ਸਿਰਫ ਤਿੰਨ ਸਾਲਾਂ ਵਿੱਚ ਪੰਜਾਬ ਨੇ ਸਿੱਖਿਆ ਖੇਤਰ ਵਿੱਚ ਸਰਵੋਤਮ ਸਥਾਨ ਹਾਸਲ ਕੀਤਾ-ਅਰਵਿੰਦ ਕੇਜਰੀਵਾਲ*

*ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰਨ ਤੋਂ ਬਾਅਦ ਅਸੀਂ 10 ਲੱਖ ਰੁਪਏ ਤੱਕ ਕੈਸ਼ਲੈੱਸ ਇਲਾਜ ਦੀ ਸਿਹਤ ਯੋਜਨਾ ਲਾਗੂ ਕਰਕੇ ਪੰਜਾਬ ਦੇ ਲੋਕਾਂ ਦੀ ਸਿਹਤ ਨੂੰ ਮਹਿਫੂਜ਼ ਕੀਤਾ-ਅਰਵਿੰਦ ਕੇਜਰੀਵਾਲ*

*ਇਹ ਉਦਯੋਗਿਕ ਸੰਮੇਲਨ ਸਿਰਫ ਰਸਮੀ ਸੰਮਲੇਨ ਨਹੀਂ ਸਗੋਂ ਪੰਜਾਬ ਦੇ ਅਰਥਚਾਰੇ, ਰੋਜ਼ਗਾਰ ਅਤੇ ਨਿਵੇਸ਼ ਲਈ ਨਵੇਂ ਯੁੱਗ ਦਾ ਆਗਾਜ਼ ਹੋਇਆ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਪੰਜਾਬ ਨੇ ਪੰਜਾਬ ਪ੍ਰਗਤੀਸ਼ੀਲ ਨਿਵੇਸ਼ਕ ਸੰਮੇਲਨ ਦੇ ਪਹਿਲੇ ਦਿਨ 10,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਦੇ ਵਾਅਦੇ ਪ੍ਰਾਪਤ ਹੋਏ* 
 
*ਸਾਡੀ ਸਰਕਾਰ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਪੂਰਨ ਤੌਰ ‘ਤੇ ਵਚਨਬੱਧ ਹੈ, ਆਓ, ‘ਰੰਗਲੇ ਪੰਜਾਬ’ ਦਾ ਸੁਪਨਾ ਸਾਕਾਰ ਕਰਨ ਲਈ ਇਕਜੁਟ ਹੋਈਏ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਸਾਲ 2022 ਤੋਂ ਇਕ ਲੱਖ 58 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਨਾਲ ਰੋਜ਼ਗਾਰ ਦੇ 5.5 ਲੱਖ ਮੌਕੇ ਪੈਦਾ ਹੋਣਗੇ*

*ਉੱਦਮੀਆਂ ਲਈ ਕਾਰੋਬਾਰ ਪੱਖੀ ਮਾਹੌਲ ਸਿਰਜ ਰਿਹਾ ਪੰਜਾਬ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਪੰਜਾਬ ਸਰਕਾਰ ਉਦਯੋਗ ਪੱਖੀ ਨੀਤੀਆਂ ਰਾਹੀਂ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਦੀ ਬਜਾਏ ਨੌਕਰੀਆਂ ਦੇਣ ਵਾਲੇ ਬਣਾਉਣ ਲਈ ਵਚਨਬੱਧ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਐਚ.ਐਮ.ਈ.ਐਲ., ਟਾਟਾ ਸਟੀਲ, ਜੇ.ਐਸ.ਡਬਲਿਊ, ਟਰਾਈਡੈਂਟ ਗਰੁੱਪ ਅਤੇ ਹੀਰੋ ਨੇ ਪੰਜਾਬ ਵਿੱਚ ਕਾਰੋਬਾਰ ਦਾ ਵਿਸਥਾਰ ਕਰਨ ਦਾ ਐਲਾਨ ਕੀਤਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2026’ ਦੇ ਉਦਘਾਟਨੀ ਸਮਾਗਮ ਵਿੱਚ ਕੀਤੀ ਸ਼ਿਰਕਤ*
 ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 13 ਮਾਰਚ
ਮੋਹਾਲੀ ਵਿਖੇ ਤਿੰਨ ਦਿਨ ਚੱਲਣ ਵਾਲੇ ਪੰਜਾਬ ਪ੍ਰਗਤੀਸ਼ੀਲ ਨਿਵੇਸ਼ਕ ਸੰਮੇਲਨ-2026 ਦੀ ਅੱਜ ਧਮਾਕੇਦਾਰ ਸ਼ੁਰੂਆਤ ਹੋਈ। ਸੰਮੇਲਨ ਦੇ ਪਹਿਲੇ ਦਿਨ ਦਿੱਗਜ਼ ਉਦਯੋਗਪਤੀਆਂ ਨੇ 10,000 ਕਰੋੜ ਰੁਪਏ ਦਾ ਨਿਵੇਸ਼ ਦੇ ਵਾਅਦੇ ਕਰਦਿਆਂ ਸੂਬੇ ਵਿੱਚ ਕਾਰੋਬਾਰ ਹੋਰ ਵਧਾਉਣ ਦਾ ਐਲਾਨ ਵੀ ਕੀਤਾ। ਨਿਵੇਸ਼ਕਾਰਾਂ ਅਤੇ ਉਦਯੋਗਪਤੀਆਂ ਨੂੰ ਮੁਖਾਤਿਬ ਹੁੰਦਿਆਂ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੀਨ ਨਾਲ ਮੁਕਾਬਲਾ ਕਰਨ ਲਈ ਪੰਜਾਬ ਸਰਕਾਰ ਉਦਯੋਗ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਵੇਗੀ। ਉਨ੍ਹਾਂ ਕਿਹਾ ਕਿ ਕਾਰੋਬਾਰ ਪੱਖੀ ਮਾਹੌਲ ਸਦਕਾ ਮਹਿਜ਼ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਇਕ ਲੱਖ 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆ ਚੁੱਕਾ ਹੈ।
ਉਦਯੋਗਿਕ ਖੇਤਰ ਲਈ ਵੱਡੇ ਸੁਧਾਰਾ ਦਾ ਵਿਸਥਾਰ ਵਿੱਚ ਜ਼ਿਕਰ ਕਰਦਿਆਂ 'ਆਪ' ਸੁਪਰੀਮੋ ਨੇ ਦੱਸਿਆ ਕਿ ਕਿਵੇਂ ਭਗਵੰਤ ਸਿੰਘ ਮਾਨ ਸਰਕਾਰ ਨੇ 45 ਦਿਨਾਂ ਦੀ ਸਿੰਗਲ-ਵਿੰਡੋ ਕਲੀਅਰੈਂਸ ਪ੍ਰਣਾਲੀ ਸ਼ੁਰੂ ਕੀਤੀ ਹੈ ਅਤੇ ਮਨੁੱਖੀ ਵਸੀਲਿਆਂ, ਉਦਯੋਗਿਕ ਵਿਕਾਸ ਅਤੇ ਨੌਜਵਾਨਾਂ ਲਈ ਵੱਡੇ ਪੱਧਰ 'ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ 'ਤੇ ਕੇਂਦ੍ਰਿਤ ਕਾਰੋਬਾਰ ਪੱਖੀ ਈਕੋ-ਸਿਸਟਮ ਸਿਰਜ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸੰਮੇਲਨ ਆਰਥਿਕ ਵਿਕਾਸ, ਰੋਜ਼ਗਾਰ ਤੇ ਉਦਯੋਗਿਕ ਵਿਸਥਾਰ ਦੇ ਨਵੇਂ ਪੜਾਅ ਦੀ ਸ਼ੁਰੂਆਤ ਹੈ, ਕਿਉਂਕਿ ਸੂਬਾ ਆਪਣੇ ਆਪ ਨੂੰ ਤੇਜੀ ਨਾਲ ਪ੍ਰਵਾਨਗੀਆਂ, ਉਦਯੋਗ ਪੱਖੀ ਨੀਤੀਆਂ ਅਤੇ ਸਿੱਖਿਆ, ਸਿਹਤ ਸੰਭਾਲ ਤੇ ਹੁਨਰਮੰਦ ਮਨੁੱਖੀ ਸ਼ਕਤੀ 'ਤੇ ਕੇਂਦ੍ਰਿਤ ਹੋ ਕੇ ਸਭ ਤੋਂ ਤਰਜੀਹੀ ਨਿਵੇਸ਼ ਸਥਾਨ ਵਜੋਂ ਪੇਸ਼ ਕਰਦਾ ਹੈ।
ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਸੂਬੇ ਦੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦਿੰਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਨਿਵੇਸ਼ ਕਰਨ ਲਈ ਮੋਹਰੀ ਉਦਯੋਗਾਂ ਨੂੰ ਲਿਆਂਦਾ ਹੈ। ਇਹ ਬਹੁਤ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2026 ਦੇ ਪਹਿਲੇ ਦਿਨ ਹੀ ਪੰਜਾਬ ਨੇ 10,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਪ੍ਰਾਪਤ ਕੀਤੇ ਹਨ। ਐਚ.ਐਮ.ਈ.ਐਲ., ਟਾਟਾ ਸਟੀਲ, ਜੇ.ਐਸ.ਡਬਲਿਊ, ਟ੍ਰਾਈਡੈਂਟ ਗਰੁੱਪ, ਹੀਰੋ ਇੰਡਸਟਰੀਜ਼ ਅਤੇ ਉਦਯੋਗ ਜਗਤ ਦੇ ਕਈ ਹੋਰ ਸਨਅਤਕਾਰਾਂ ਨੇ ਸੂਬੇ ਵਿੱਚ ਪਹਿਲਾਂ ਹੀ ਚੱਲ ਰਹੇ ਕਾਰੋਬਾਰ ਦਾ ਵਿਸਥਾਰ ਕਰਨ ਅਤੇ ਨਵੇਂ ਪ੍ਰਾਜੈਕਟ ਲਾਉਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ।"
ਉਨ੍ਹਾਂ ਅੱਗੇ ਕਿਹਾ, “ਪੰਜਾਬੀ ਆਪਣੇ ਉੱਦਮੀ ਸੁਭਾਅ, ਨਿਵੇਕਲੀ ਸੋਚਣੀ ਅਤੇ ਹਰੇਕ ਸਮੱਸਿਆ ਦਾ ਹੱਲ ਕੱਢ ਲੈਣ ਵਾਲੀ ਭਾਵਨਾ ਲਈ ਜਾਣੇ ਜਾਂਦੇ ਹਨ। ਤੁਹਾਨੂੰ ਸ਼ਾਇਦ ਹੀ ਕੋਈ ਪੰਜਾਬੀ ਭੀਖ ਮੰਗਦਾ ਮਿਲੇਗਾ ਕਿਉਂਕਿ ਸਾਡੇ ਲੋਕ ਸਖ਼ਤ ਮਿਹਨਤ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਉਹ ਅਜਿਹੇ ਸੁਭਾਅ ਦੇ ਮਾਲਕ ਹਨ ਕਿ ਸਭ ਤੋਂ ਔਖੇ ਸਮੇਂ ਵਿੱਚ ਵੀ ਹਾਰ ਮੰਨਣ ਦੀ ਬਜਾਏ ਸਫਲ ਹੁੰਦੇ ਹਨ। ਪੰਜਾਬੀ ਸਮਰਪਣ ਭਾਵਨਾ, ਵਚਨਬੱਧਤਾ ਅਤੇ ਸਖ਼ਤ ਮਿਹਨਤ ਨਾਲ ਦਿਨ ਵਿੱਚ 20 ਘੰਟੇ ਕੰਮ ਕਰ ਸਕਦੇ ਹਨ। ਦੁਨੀਆ ਭਰ ਵਿੱਚ ਇਹ ਨਿਰਾਲਾ ਗੁਣ ਪੰਜਾਬੀਆਂ ਵਿੱਚ ਹੀ ਹੈ।”
ਪੰਜਾਬੀਆਂ ਦੀ ਵਿਸ਼ਵਵਿਆਪੀ ਪਛਾਣ ਦਾ ਵਿਸ਼ੇਸ਼ ਤੌਰ ਉਤੇ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬੀ ਇਕ ਜੁਝਾਰੂ ਕੌਮ ਹੈ ਜੋ ਦਲੇਰ ਤੇ ਉੱਦਮੀ ਹਨ। ਉਨ੍ਹਾਂ ਨੇ ਦੁਨੀਆ ਦੇ ਹਰ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜਦੋਂ ਵੀ ਦੁਨੀਆ ਵਿੱਚ ਕਿਤੇ ਵੀ ਕੋਈ ਦੁਖਾਂਤ ਆਉਂਦਾ ਹੈ, ਤਾਂ ਉਸ ਵੇਲੇ ਲੋੜਵੰਦਾਂ ਤੱਕ ਲੰਗਰ ਪਹੁੰਚਾਉਣ ਲਈ ਪੰਜਾਬੀ ਸਭ ਤੋਂ ਪਹਿਲਾਂ ਪਹੁੰਚਦਾ ਹੈ ਅਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਅਤੇ ਮਨੁੱਖੀ ਸਿੱਖਿਆਵਾਂ ਦੇ ਸੰਦੇਸ਼ ਦੀ ਪਾਲਣਾ ਕਰਦਾ ਹੈ। ਪੰਜਾਬ ਨੂੰ ਅਮੀਰ ਸੱਭਿਆਚਾਰ, ਜਰੇਖਜ਼ ਧਰਤੀ ਅਤੇ ਭਾਈਚਾਰਕ ਸਾਂਝ ਦੀ ਬਖਸ਼ਿਸ਼ ਪ੍ਰਾਪਤ ਹੈ। ਪੰਜਾਬ ਦੀ ਉਪਜਾਊ ਧਰਤੀ 'ਤੇ ਸਭ ਕੁਝ ਉੱਗ ਸਕਦਾ ਹੈ, ਪਰ ਨਫ਼ਰਤ ਦਾ ਬੀਜ ਇੱਥੇ ਕਦੇ ਵੀ ਜੜ੍ਹ ਨਹੀਂ ਫੜ ਸਕਦਾ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਹਾਨ ਸਿੱਖ ਗੁਰੂਆਂ ਦੇ ਸੰਦੇਸ਼ ਦੀ ਪਾਲਣਾ ਕਰਦੇ ਹੋਏ ਹਰ ਪੰਜਾਬੀ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹੈ। ਸਾਲ 2022 ਤੋਂ ਜਦੋਂ ਸਾਡੀ ਸਰਕਾਰ ਨੇ ਸੱਤਾ ਸੰਭਾਲੀ ਹੈ, ਪੰਜਾਬ ਨੇ ਬਿਜਲੀ, ਸਿਹਤ, ਰੀਅਲ ਅਸਟੇਟ, ਬੁਨਿਆਦੀ ਢਾਂਚਾ ਅਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਸ਼ਾਨਦਾਰ ਤਰੱਕੀ ਦੇਖੀ ਹੈ।”
ਸਿੱਖਿਆ ਸੁਧਾਰਾਂ 'ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਅੱਗੇ ਕਿਹਾ, "ਅੱਜ ਪੰਜਾਬ ਦੇ ਨੌਜਵਾਨ ਯੂ.ਪੀ.ਐਸ.ਸੀ., ਜੇ.ਈ.ਈ., ਨੀਟ ਅਤੇ ਆਈ.ਆਈ.ਟੀ. ਲਈ ਪ੍ਰਵੇਸ਼ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਕਿਉਂਕਿ ਸੂਬਾ ਸਰਕਾਰ ਨੇ ਸਿੱਖਿਆ ਖੇਤਰ ਨੂੰ ਕਾਫ਼ੀ ਮਜ਼ਬੂਤ ਕੀਤਾ ਹੈ। ਪੰਜਾਬ ਦੇ 30 ਸਕੂਲ ਪ੍ਰਿੰਸੀਪਲ ਇਸ ਸਮੇਂ ਸਿੰਗਾਪੁਰ ਵਿੱਚ ਵਿਸ਼ਵ ਪੱਧਰੀ ਸਿਖਲਾਈ ਲੈ ਰਹੇ ਹਨ ਤਾਂ ਜੋ ਉਨ੍ਹਾਂ ਦੀ ਮੁਹਾਰਤ ਸੂਬਾ ਭਰ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਹੋਰ ਲਾਭ ਪਹੁੰਚਾ ਸਕੇ। ਪੰਜਾਬ ਵਿੱਚ ਇਸ ਸਮੇਂ ਮੋਹਾਲੀ, ਹਲਵਾਰਾ, ਅੰਮ੍ਰਿਤਸਰ, ਬਠਿੰਡਾ, ਪਠਾਨਕੋਟ ਅਤੇ ਆਦਮਪੁਰ ਵਿੱਚ ਹਵਾਈ ਅੱਡੇ ਕਾਰਜਸ਼ੀਲ ਹਨ। ਇਸ ਦੇ ਨਾਲ ਹੀ ਸੂਬੇ ਵਿੱਚ ਸੜਕੀ ਬੁਨਿਆਦੀ ਢਾਂਚਾ ਵੀ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ। ਮੈਂ ਉਦਯੋਗਾਂ ਨੂੰ ਪੰਜਾਬ ਵਿੱਚ ਆਉਣ, ਨਿਵੇਸ਼ ਕਰਨ ਅਤੇ ਕੰਮ ਕਰਨ ਦਾ ਸੱਦਾ ਦਿੰਦਾ ਹਾਂ ਤਾਂ ਜੋ ਅਸੀਂ ਇਕਜੁਟ ਹੋ ਕੇ ਪ੍ਰਗਤੀਸ਼ੀਲ ਅਤੇ ਖੁਸ਼ਹਾਲ ਸੂਬਾ ਬਣਾ ਸਕੀਏ।"
ਪੰਜਾਬ ਦੇ ਸਥਾਨਕ ਉਦਯੋਗ ਦੀਆਂ ਸਫਲ ਕਹਾਣੀਆਂ ਦੀਆਂ ਮਿਸਾਲਾਂ ਦਿੰਦੇ ਹੋਏ, ਉਨ੍ਹਾਂ ਕਿਹਾ, “ਪੰਜਾਬ ਅਧਾਰਿਤ ਉੱਦਮ ਜਿਵੇਂ ਕਿ ਸੋਨਾਲੀਕਾ, ਪ੍ਰੀਤ ਟਰੈਕਟਰ, ਡਿਊਕ, ਮੌਂਟੀ ਕਾਰਲੋ ਅਤੇ ਹੋਰ ਬਹੁਤ ਸਾਰੇ ਸਥਾਨਕ ਉੱਦਮੀ ਦੀਆਂ ਪ੍ਰੇਰਨਾਦਾਇਕ ਉਦਾਹਰਣਾਂ ਹਨ। ਪੰਜਾਬ ਦੇ ਦਰਵਾਜ਼ੇ ਸਾਰੇ ਨਿਵੇਸ਼ਕਾਂ ਲਈ ਖੁੱਲ੍ਹੇ ਹਨ ਅਤੇ ਅਸੀਂ ਅੱਖਾਂ ਵਿਛਾ ਕੇ ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਸਾਡੀਆਂ ਨੀਤੀਆਂ ਲਚਕਦਾਰ ਹਨ ਅਤੇ ਉਦਯੋਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਨਿਵੇਸ਼ ਕਰਨ, ਪੰਜਾਬੀਆਂ ਲਈ ਨੌਕਰੀਆਂ ਪੈਦਾ ਕਰਨ ਅਤੇ ਪੰਜਾਬ ਨੂੰ ਸਫਲਤਾ ਦੀ ਨਵੀਂ ਕਹਾਣੀ ਲਿਖਣ ਵਿੱਚ ਮਦਦ ਕਰਨ ਦੀ ਅਪੀਲ ਕਰਦਾ ਹਾਂ। ਪੰਜਾਬ ਸਰਕਾਰ ਹੁਨਰ ਸਿੱਖਿਆ ਅਤੇ ਸਿਖਲਾਈ ਨੂੰ ਉਦਯੋਗ ਦੀਆਂ ਜ਼ਰੂਰਤਾਂ ਨਾਲ ਜੋੜ ਰਹੀ ਹੈ ਤਾਂ ਜੋ ਪੰਜਾਬ ਵਿੱਚ ਹੁਨਰਮੰਦ ਮਨੁੱਖੀ ਸ਼ਕਤੀ ਦਾ ਮਜ਼ਬੂਤ ਪੂਲ ਬਣਾਇਆ ਜਾ ਸਕੇ। ਉਦਯੋਗ ਨੂੰ ਜੋ ਵੀ ਮਨੁੱਖੀ ਸ਼ਖਤੀ ਚਾਹੀਦੀ ਹੈ, ਸਰਕਾਰ ਇਹ ਯਕੀਨੀ ਬਣਾਏਗੀ ਕਿ ਨੌਜਵਾਨਾਂ ਨੂੰ ਲੋੜੀਂਦੀ ਸਿਖਲਾਈ ਮਿਲੇ। ਇਸ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਸੂਬੇ ਵਿੱਚ ਆਰਥਿਕ ਵਿਕਾਸ ਤੇਜ਼ ਹੋਵੇਗਾ।”
ਦੇਸ਼-ਵਿਦੇਸ਼ ਤੋਂ ਪਹੁੰਚੇ ਕਾਰੋਬਾਰੀਆਂ ਦਾ ਸਵਾਗਤ ਕਰਦੇ ਹੋਏ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ, “ਮੈਂ ਗੁਰੂਆਂ, ਸੰਤਾਂ-ਮਹਾਪੁਰਸ਼ਾਂ ਅਤੇ ਪੀਰਾਂ ਦੀ ਧਰਤੀ 'ਤੇ ਸਾਰੇ ਕਾਰੋਬਾਰੀਆਂ ਦਾ ਸਵਾਗਤ ਕਰਦਾ ਹਾਂ। ਸਾਨੂੰ ਅੱਜ ਸਾਡੇ ਵਿਚਕਾਰ ਅਜਿਹੀਆਂ ਉੱਘੀਆਂ ਸ਼ਖਸੀਅਤਾਂ ਹੋਣ ਦਾ ਮਾਣ ਹਾਸਲ ਹੈ। ਪੰਜਾਬ, ਦੇਸ਼ ਦੇ ਸਭ ਤੋਂ ਅਨੁਕੂਲ ਨਿਵੇਸ਼ ਸਥਾਨਾਂ ਵਿੱਚੋਂ ਇੱਕ ਹੈ ਅਤੇ ਅਸੀਂ ਨਿਵੇਸ਼ਕਾਂ ਨੂੰ ਸਹੂਲਤ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਸਾਡਾ ਦ੍ਰਿਸ਼ਟੀਕੋਣ ਪੰਜਾਬ ਨੂੰ ਮੋਹਰੀ ਉਦਯੋਗਿਕ ਹੱਬ ਬਣਾਉਣ ਲਈ ਸਰਕਾਰ ਅਤੇ ਉਦਯੋਗ ਵਿਚਕਾਰ ਮਜ਼ਬੂਤ ਭਾਈਵਾਲੀ ਬਣਾਉਣਾ ਹੈ।”
ਉੱਦਮੀਆਂ ਨੂੰ ਅਪੀਲ ਕਰਦੇ ਹੋਏ, ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ, “ਉੱਦਮੀ ਹਰ ਕਿਸੇ ਲਈ ਪ੍ਰੇਰਨਾ ਦਾ ਸਰੋਤ ਹਨ ਅਤੇ ਉਨ੍ਹਾਂ ਮੌਕਿਆਂ ਦੀ ਨੁਮਾਇੰਦਗੀ ਕਰਦੇ ਹਨ ਜੋ ਪੰਜਾਬ ਅਤੇ ਭਾਰਤ ਦੇ ਨੌਜਵਾਨ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਹਨ। ਭਾਵੇਂ ਅਸੀਂ ਜਨਤਕ, ਨਿੱਜੀ ਜਾਂ ਗੈਰ-ਮੁਨਾਫ਼ਾ ਖੇਤਰਾਂ ਵਿੱਚ ਕੰਮ ਕਰਦੇ ਹਾਂ, ਸਾਡੇ ਵਿੱਚੋਂ ਹਰੇਕ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਦੇਸ਼, ਸਮਾਜ ਅਤੇ ਪਰਿਵਾਰਾਂ ਲਈ ਆਪਣੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਪੂਰਾ ਕਰਨਾ ਹੈ। ਇਹ ਸੰਮੇਲਨ ਸਿਰਫ਼ ਸਮਝੌਤਿਆਂ 'ਤੇ ਦਸਤਖਤ ਕਰਨ ਬਾਰੇ ਨਹੀਂ ਹੈ, ਸਗੋਂ ਗਿਆਨ ਸਾਂਝਾ ਕਰਨ, ਵਿਚਾਰ-ਵਟਾਂਦਰਾ ਕਰਨ ਅਤੇ ਇੱਕ ਦੂਜੇ ਤੋਂ ਸਿੱਖਣ ਬਾਰੇ ਹੈ।”
ਭਵਿੱਖ ਦੇ ਦ੍ਰਿਸ਼ਟੀਕੋਣ ਬਾਰੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਜਿਹਾ ਰਸਤਾ ਚੁਣਿਆ ਹੈ ਜੋ ਆਰਥਿਕ ਵਿਕਾਸ ਨੂੰ ਤੇਜ਼ ਕਰਕੇ ਪੰਜਾਬ ਦੇ ਭਵਿੱਖ ਨੂੰ ਰੌਸ਼ਨ ਬਣਾਏਗਾ। ਮੈਂ ਦੇਖਿਆ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਜ਼ਿੰਦਗੀ ਵਿੱਚ ਕੁਝ ਵੱਡਾ ਪ੍ਰਾਪਤ ਕਰਨਾ ਚਾਹੁੰਦੀ ਹੈ। ਉਹ ਕੁਦਰਤੀ ਅਜਿਹੇ ਹਨ ਜੋ ਇਕੱਲਤਾ ਵਿੱਚ ਨਹੀਂ ਰਹਿ ਸਕਦੇ। ਮੇਰਾ ਪੱਕਾ ਵਿਸ਼ਵਾਸ ਹੈ ਕਿ ਪਰਮਾਤਮਾ ਨੇ ਮੈਨੂੰ ਪੰਜਾਬ ਦੀ ਅਗਵਾਈ ਕਰਨ ਦਾ ਇਹ ਮੌਕਾ ਦਿੱਤਾ ਹੈ ਤਾਂ ਜੋ ਅਸੀਂ ਆਪਣੇ ਲੋਕਾਂ ਦੇ ਜੀਵਨ ਵਿੱਚ ਅਰਥਪੂਰਨ ਤਬਦੀਲੀ ਲਿਆ ਸਕੀਏ।”
ਨਵੀਨਤਾ ਅਤੇ ਤਕਨਾਲੋਜੀ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਅੱਗੇ ਕਿਹਾ, “ਪੰਜਾਬ ਹੁਣ ਨਵੀਨਤਾ ਅਤੇ ਤਕਨਾਲੋਜੀ ਦੇ ਸਮੁਲੇ ਵਾਲੇ ਉੱਦਮ ਦੇ ਨਵੇਂ ਸੱਭਿਆਚਾਰ ਵੱਲ ਤਬਦੀਲੀ ਦੀ ਦਹਿਲੀਜ਼ 'ਤੇ ਹੈ। ਸੂਬੇ ਦੇ ਨੌਜਵਾਨ ਨਵੇਂ ਵਿਚਾਰਾਂ ਤੇ ਨਵੀਨਤਾਵਾਂ ਨਾਲ ਆ ਰਹੇ ਹਨ ਅਤੇ ਉਨ੍ਹਾਂ ਦਾ ਸਹਿਯੋਗ ਕਰਨਾ ਸਾਡੀ ਜ਼ਿੰਮੇਵਾਰੀ ਹੈ। ਅਸੀਂ ਇਸ ਨੇਕ ਕਾਰਜ ਲਈ ਕੋਈ ਕਸਰ ਨਹੀਂ ਛੱਡ ਰਹੇ। ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਸ਼ਾਨਦਾਰ ਸੰਪਰਕ, ਪ੍ਰਮੁੱਖ ਵਿਦਿਅਕ ਸੰਸਥਾਵਾਂ ਅਤੇ ਸਹਾਇਕ ਸਰਕਾਰੀ ਨੀਤੀਆਂ ਮਿਲ ਕੇ ਪੰਜਾਬ ਨੂੰ ਵਿਸ਼ਵ ਪੱਧਰ 'ਤੇ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨਾਂ ਵਿੱਚੋਂ ਇੱਕ ਬਣਾਉਂਦੀਆਂ ਹਨ।”
ਉਦਯੋਗਪਤੀਆਂ ਦਾ ਧੰਨਵਾਦ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮੈਂ ਪੰਜਾਬ ਦੀ ਵਿਕਾਸ ਕਹਾਣੀ ਦਾ ਹਿੱਸਾ ਬਣਨ ਲਈ ਸਾਰੇ ਕਾਰੋਬਾਰੀ ਆਗੂਆਂ ਦਾ ਧੰਨਵਾਦ ਕਰਦਾ ਹਾਂ। ਸਾਡੀ ਸਰਕਾਰ ਪੰਜਾਬ ਨੂੰ ਦੁਨੀਆ ਦੇ ਪ੍ਰਮੁੱਖ ਉਦਯੋਗਿਕ ਅਤੇ ਨਿਰਯਾਤ ਕੇਂਦਰ ਵਿੱਚ ਬਦਲਣ ਲਈ ਵਚਨਬੱਧ ਹੈ। ਭਾਰਤ ਸਰਕਾਰ ਦੁਆਰਾ ਕਰਵਾਈ ਗਈ ‘ਈਜ਼ ਆਫ ਡੂਇੰਗ ਬਿਜ਼ਨਸ’ (ਕਾਰੋਬਾਰ ਨੂੰ ਸੁਖਾਲਾ ਬਣਾਉਣਾ) ਦੀ ਰੈਂਕਿੰਗ ਵਿੱਚ ਪੰਜਾਬ ਚੋਟੀ ਦੇ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ ਵਿੱਚੋਂ ਇੱਕ ਹੈ। ਪੰਜਾਬ ਸਰਕਾਰ ਦੇ ਏਕੀਕ੍ਰਿਤ ਰੈਗੂਲੇਟਰ, ਇਨਵੈਸਟ ਪੰਜਾਬ, ਨੂੰ ਭਾਰਤ ਸਰਕਾਰ ਦੁਆਰਾ ਚੋਟੀ ਦੇ ਪ੍ਰਦਰਸ਼ਨ ਕਰਨ ਵਾਲੀਆਂ ਨਿਵੇਸ਼ ਪ੍ਰਮੋਸ਼ਨ ਏਜੰਸੀਆਂ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ ਗਈ ਹੈ।”
ਚੰਗੇ ਸ਼ਾਸਨ ਦੇ ਤਰੀਕੇ ਬਾਰੇ ਦੱਸਦਿਆਂ, ਉਨ੍ਹਾਂ ਅੱਗੇ ਕਿਹਾ, “ਸਾਡੀ ਸਰਕਾਰ ਪੰਜਾਬ ਲਈ ਸੰਪੂਰਨ ਆਰਥਿਕ ਅਤੇ ਵਿੱਤੀ ਸਫਲਤਾ ਚਾਹੁੰਦੀ ਹੈ। ਮੇਰਾ ਪੱਕਾ ਵਿਸ਼ਵਾਸ ਹੈ ਕਿ ਸਾਡੇ ਵਿਕਾਸ ਦੇ ਥੰਮ੍ਹ ਚੰਗੇ ਸ਼ਾਸਨ, ਡਿਜੀਟਾਈਜ਼ੇਸ਼ਨ, ਫੈਸਲਾਕੁੰਨ, ਪਾਰਦਰਸ਼ਤਾ ਅਤੇ ਸੰਵੇਦਨਸ਼ੀਲਤਾ ਹਨ। ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਦੇ ਨਾਲ, ਇਹ ਸਾਰੇ ਦੁਨੀਆ ਭਰ ਦੇ ਨਿਵੇਸ਼ਕਾਂ ਲਈ ਇੱਥੇ ਤੇਜ਼ੀ ਨਾਲ ਵਿਕਾਸ ਕਰਨ ਲਈ ਅਨੁਕੂਲ ਵਾਤਾਵਰਣ ਬਣਾਉਂਦੇ ਹਨ। ਮੈਂ ਉਦਯੋਗ ਦੇ ਸਾਰੇ ਆਗੂਆਂ ਦਾ ਪੰਜਾਬ ਵਿੱਚ ਨਿਵੇਸ਼ ਕਰਨ ਲਈ ਸਵਾਗਤ ਕਰਦਾ ਹਾਂ। ਦੁਨੀਆ ਚੁਣੌਤੀਪੂਰਨ ਸਮੇਂ ਵਿੱਚੋਂ ਗੁਜ਼ਰ ਰਹੀ ਹੈ, ਪਰ ਸਾਨੂੰ ਇਹ ਮੰਨਣਾ ਚਾਹੀਦਾ ਹੈ ਕਿ ਸਾਡੇ ਵਿੱਚੋਂ ਹਰੇਕ ਕੋਲ ਸਕਾਰਾਤਮਕ ਯੋਗਦਾਨ ਪਾਉਣ ਦੀ ਸਮਰੱਥਾ ਹੈ ਅਤੇ ਇਹੀ ਇਸ ਸੰਮੇਲਨ ਦਾ ਉਦੇਸ਼ ਹੈ।”
ਆਪਣੇ ਭਾਸ਼ਣ ਦੀ ਸਮਾਪਤੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਭਵਿੱਖ ਸਾਡੇ ਸਾਰਿਆਂ ਲਈ ਸਾਂਝੀ ਜ਼ਿੰਮੇਵਾਰੀ ਹੈ। ਪੰਜਾਬ ਸ਼ਾਇਦ ਦੁਨੀਆ ਦਾ ਇੱਕੋ ਇੱਕ ਸੂਬਾ ਹੈ ਜਿਸ ਦੇ ਲੋਕਾਂ ਦੀ ਦੁਨੀਆ ਭਰ ਵਿੱਚ ਮੌਜੂਦਗੀ ਹੈ ਕਿਉਂਕਿ ਪੰਜਾਬੀ ਜਿੱਥੇ ਵੀ ਜਾਂਦੇ ਹਨ, ਬੁਲੰਦੀਆਂ ਛੂੰਹਦੇ ਹਨ। ਪੰਜਾਬੀ ਸਖ਼ਤ ਮਿਹਨਤ ਕਰਨ ਅਤੇ ਸਫਲ ਹੋਣ ਦੀ ਅਦੁੱਤੀ ਭਾਵਨਾ ਰੱਖਦੇ ਹਨ। ਉਹ ਜਿੱਥੇ ਵੀ ਜਾਂਦੇ ਹਨ, ਆਪਣੀ ਪਛਾਣ ਛੱਡਦੇ ਹਨ। ਪੰਜਾਬ ਦਾ ਅਰਥ ਹੈ ਕਾਰੋਬਾਰ ਅਤੇ ਮੈਂ ਉਦਯੋਗ ਦੇ ਆਗੂਆਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਇਕੱਠੇ ਇੱਕ ਖੁਸ਼ਹਾਲ ਭਵਿੱਖ ਬਣਾਉਣ ਲਈ ਸਰਕਾਰ ਨਾਲ ਹੱਥ ਮਿਲਾਉਣ।”
ਇਸ ਦੌਰਾਨ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ, "ਪੰਜਾਬ ਗੁਰੂਆਂ ਅਤੇ ਪੀਰਾਂ-ਪੈਗੰਬਰਾਂ ਦੀ ਧਰਤੀ ਹੈ ਜਿਨ੍ਹਾਂ ਨੇ ਅਜਿਹੇ ਸੰਦੇਸ਼ ਦਿੱਤੇ ਜੋ ਸਦੀਆਂ ਤੋਂ ਨਾ ਸਿਰਫ਼ ਪੰਜਾਬ ਨੂੰ, ਨਾ ਸਿਰਫ਼ ਦੇਸ਼ ਨੂੰ, ਸਗੋਂ ਪੂਰੀ ਦੁਨੀਆ ਨੂੰ ਪ੍ਰੇਰਿਤ ਕਰਦੇ ਰਹੇ ਹਨ। ਪੰਜਾਬ ਮਿਹਨਤੀ ਲੋਕਾਂ ਦੀ ਧਰਤੀ ਹੈ। ਜਦੋਂ ਵੀ ਦੇਸ਼ ਨੂੰ ਅਨਾਜ ਦਾ ਸੰਕਟ ਆਇਆ ਤਾਂ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਇਹ ਯਕੀਨੀ ਬਣਾਇਆ ਕਿ ਦੇਸ਼ ਨੂੰ ਆਪਣੀ ਮਿਹਨਤ ਨਾਲ ਭੋਜਨ ਮਿਲੇ ਅਤੇ ਦੇਸ਼ ਦਾ ਪੇਟ ਭਰਿਆ ਜਾਵੇ।"
ਉਨ੍ਹਾਂ ਕਿਹਾ, "ਪੰਜਾਬ, ਦੇਸ਼ ਭਗਤਾਂ ਦੀ ਧਰਤੀ ਵੀ ਹੈ। ਆਜ਼ਾਦੀ ਸੰਗਰਾਮ ਵਿੱਚ, ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਅਤੇ ਅੱਜ ਵੀ ਤੁਹਾਨੂੰ ਸਾਡੀਆਂ ਹਥਿਆਰਬੰਦ ਫੌਜਾਂ ਵਿੱਚ ਸੇਵਾ ਕਰਨ ਵਾਲੇ ਸਭ ਤੋਂ ਵੱਧ ਪੰਜਾਬੀ ਮਿਲਣਗੇ। ਪੰਜਾਬ ਉੱਦਮੀਆਂ ਅਤੇ ਕਾਰੋਬਾਰੀਆਂ ਦੀ ਧਰਤੀ ਵੀ ਹੈ। ਉੱਦਮੀ ਭਾਵਨਾ ਪੰਜਾਬੀਆਂ ਦੇ ਖੂਨ ਵਿੱਚ ਦੌੜਦੀ ਹੈ। ਮਜ਼ਾਕ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਇੱਕ ਦਿਨ ਮਨੁੱਖ ਚੰਦ 'ਤੇ ਰਹਿਣਾ ਸ਼ੁਰੂ ਕਰ ਦਿੰਦਾ ਹੈ, ਤਾਂ ਉੱਥੇ ਸਭ ਤੋਂ ਪਹਿਲਾਂ 'ਪੰਜਾਬੀ ਢਾਬਾ' ਖੁੱਲ੍ਹੇਗਾ।"
ਪੰਜਾਬ ਦੇ ਆਰਥਿਕ ਪਿਛੋਕੜ ਦਾ ਜ਼ਿਕਰ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ, "ਸਾਲ 1980 ਦੇ ਦਹਾਕੇ ਵਿੱਚ ਇੱਕ ਦੌਰ ਸੀ ਜਦੋਂ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿੱਚ ਪੰਜਾਬ, ਦੇਸ਼ ਵਿੱਚ ਪਹਿਲੇ ਸਥਾਨ 'ਤੇ ਸੀ। ਆਰਥਿਕ ਤੌਰ 'ਤੇ, ਪੰਜਾਬ ਪੂਰੇ ਦੇਸ਼ ਵਿੱਚ ਸਭ ਤੋਂ ਵਿਕਸਤ ਅਤੇ ਪ੍ਰਗਤੀਸ਼ੀਲ ਸੂਬਾ ਸੀ। ਪਰ ਪਿਛਲੇ 40 ਸਾਲਾਂ ਵਿੱਚ, ਪੰਜਾਬ ਹੌਲੀ-ਹੌਲੀ 18ਵੇਂ ਸਥਾਨ 'ਤੇ ਖਿਸਕ ਗਿਆ। ਜਦੋਂ ਅਸੀਂ 2022 ਵਿੱਚ ਸਰਕਾਰ ਦੀ ਕਮਾਨ ਸੰਭਾਲੀ, ਤਾਂ ਬਹੁਤ ਹੀ ਉਦਾਸੀਨ ਮਾਹੌਲ ਸੀ ਅਤੇ ਉਦਯੋਗ ਪੰਜਾਬ ਵਿੱਚੋਂ ਹਿਜਰਤ ਕਰ ਰਿਹਾ ਸੀ। ਉਦਯੋਗ ਮੱਧ ਪ੍ਰਦੇਸ਼, ਕੁਝ ਹਿਮਾਚਲ ਪ੍ਰਦੇਸ਼ ਅਤੇ ਕੁਝ ਉੱਤਰ ਪ੍ਰਦੇਸ਼ ਜਾ ਰਹੇ ਸਨ। ਪੰਜਾਬ ਦੀ ਆਰਥਿਕ ਸਥਿਤੀ ਬਹੁਤ ਮਾੜੀ ਸੀ ਅਤੇ ਸੂਬਾ ਵੱਡੇ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਸੀ। ਉਸ ਸਥਿਤੀ ਵਿੱਚ ਹੀ ਅਸੀਂ ਪੰਜਾਬ ਦੀ ਕਮਾਨ ਸੰਭਾਲੀ ਸੀ।"
ਆਪਣੀ ਪਾਰਟੀ ਵੱਲੋਂ ਅਪਣਾਏ ਗਈ ਪਹੁੰਚ ਬਾਰੇ ਦੱਸਦਿਆਂ 'ਆਪ' ਮੁਖੀ ਨੇ ਕਿਹਾ, "ਮੈਂ ਆਮ ਆਦਮੀ ਪਾਰਟੀ ਨੂੰ ਸਿਰਫ਼ ਇੱਕ ਪਾਰਟੀ ਜਾਂ ਇੱਕ ਰਾਜਨੀਤਿਕ ਸ਼ੁਰੂਆਤ ਨਹੀਂ ਮੰਨਦਾ, ਅਤੇ ਉਦਯੋਗ ਦੀ ਭਾਸ਼ਾ ਵਿੱਚ ਇਹ ਇੱਕ 'ਯੂਨੀਕੋਰਨ' ਹੈ। ਆਮ ਆਦਮੀ ਪਾਰਟੀ ਨੇ ਪਿਛਲੇ ਕੁਝ ਸਾਲਾਂ ਵਿੱਚ ਜੋ ਤਰੱਕੀ ਕੀਤੀ ਹੈ, ਉਹ ਕਮਾਲ ਦੀ ਹੈ। ਇਸ ਨੂੰ ਸਿਰਫ਼ 10 ਤੋਂ 12 ਸਾਲ ਹੋਏ ਹਨ, ਅਤੇ ਇਸ ਥੋੜ੍ਹੇ ਸਮੇਂ ਵਿੱਚ ਆਮ ਆਦਮੀ ਪਾਰਟੀ ਇੱਕ ਰਾਸ਼ਟਰੀ ਪਾਰਟੀ ਬਣ ਗਈ ਹੈ। ਆਮ ਆਦਮੀ ਪਾਰਟੀ ਨੌਜਵਾਨਾਂ ਅਤੇ ਪੜ੍ਹੇ-ਲਿਖੇ ਲੋਕਾਂ ਦੀ ਪਾਰਟੀ ਹੈ। ਸਾਡੀ ਪਾਰਟੀ ਵਿੱਚ ਤੁਹਾਨੂੰ ਆਈਆਈਟੀ ਇੰਜੀਨੀਅਰ, ਆਈਆਈਐਮ ਮੈਨੇਜਰ, ਚਾਰਟਰਡ ਅਕਾਊਂਟੈਂਟ, ਆਕਸਫੋਰਡ ਤੋਂ ਪੜ੍ਹੇ ਲਿਖੇ ਲੋਕ, ਵਕੀਲ, ਪੱਤਰਕਾਰ ਮਿਲਣਗੇ। ਇਸ ਲਈ ਜਦੋਂ ਵੀ ਕੋਈ ਸਮੱਸਿਆ ਆਉਂਦੀ ਹੈ, ਅਸੀਂ ਇਸ ਦਾ ਵਿਗਿਆਨਕ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰਦੇ ਹਾਂ।"
ਉਨ੍ਹਾਂ ਅੱਗੇ ਕਿਹਾ, "ਜਦੋਂ ਅਸੀਂ ਪੰਜਾਬ ਵਿੱਚ ਸਰਕਾਰ ਦੀ ਵਾਗਡੋਰ ਸੰਭਾਲੀ ਅਤੇ ਹਰ ਪਾਸੇ ਹਨੇਰਾ ਦੇਖਿਆ, ਅਸੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕਿੰਨੇ ਦੇਸ਼ ਜੋ ਕਦੇ ਭਾਰਤ ਤੋਂ ਪਿੱਛੇ ਸਨ, ਅੱਜ ਇੰਨੀ ਤਰੱਕੀ ਕਰ ਚੁੱਕੇ ਹਨ। ਦੱਖਣੀ ਕੋਰੀਆ, ਜਾਪਾਨ, ਜਰਮਨੀ, ਸਿੰਗਾਪੁਰ, ਜਾਂ ਚੀਨ ਨੂੰ ਹੀ ਲੈ ਲਓ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਾਪਾਨ ਅਤੇ ਜਰਮਨੀ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ, ਫਿਰ ਵੀ ਅੱਜ ਉਹ ਸਭ ਤੋਂ ਵਿਕਸਤ ਦੇਸ਼ਾਂ ਵਿੱਚੋਂ ਇੱਕ ਹਨ। ਜਦੋਂ ਸਿੰਗਾਪੁਰ ਆਜ਼ਾਦ ਹੋਇਆ, ਤਾਂ ਇਸ ਕੋਲ ਲਗਭਗ ਕੁਝ ਵੀ ਨਹੀਂ ਸੀ ਅਤੇ ਇਸਦੀ ਹਾਲਤ ਬਹੁਤ ਮਾੜੀ ਸੀ। ਉਸ ਸਮੇਂ ਸਿੰਗਾਪੁਰ ਸਾਡੇ ਤੋਂ ਬਹੁਤ ਪਿੱਛੇ ਸੀ, ਫਿਰ ਵੀ ਅੱਜ ਸਿੰਗਾਪੁਰ ਦੁਨੀਆ ਵਿੱਚ ਸਭ ਤੋਂ ਵੱਧ ਪ੍ਰਤੀ ਵਿਅਕਤੀ ਆਮਦਨੀ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਕੋਰੀਆਈ ਯੁੱਧ ਤੋਂ ਬਾਅਦ ਦੱਖਣੀ ਕੋਰੀਆ ਦੀ ਹਾਲਤ ਬਹੁਤ ਭਿਆਨਕ ਸੀ, ਪਰ ਅੱਜ ਇਹ ਸਭ ਤੋਂ ਵਿਕਸਤ ਦੇਸ਼ਾਂ ਵਿੱਚੋਂ ਇੱਕ ਹੈ। ਕੁਝ ਦਹਾਕੇ ਪਹਿਲਾਂ ਚੀਨ ਭਾਰਤ ਤੋਂ ਬਹੁਤ ਪਿੱਛੇ ਸੀ, ਪਰ ਅੱਜ ਚੀਨ ਦੁਨੀਆ ਦਾ ਨੰਬਰ ਇੱਕ ਦੇਸ਼ ਬਣ ਗਿਆ ਹੈ।" 
ਇਨ੍ਹਾਂ ਉਦਾਹਰਣਾਂ ਤੋਂ ਲਏ ਸਬਕਾਂ ਨੂੰ ਬਾਰੇ ਦੱਸਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਦੇ ਅਧਿਐਨ ਤੋਂ ਦੋ ਵਿਆਪਕ ਗੱਲਾਂ ਸਾਹਮਣੇ ਆਈਆਂ, ਜਿਨ੍ਹਾਂ ਤੋਂ ਅਸੀਂ ਪ੍ਰੇਰਨਾ ਲਈ। ਸਭ ਤੋਂ ਪਹਿਲਾਂ, ਉਨ੍ਹਾਂ ਨੇ ਆਪਣੇ ਉਦਯੋਗਪਤੀਆਂ ਨਾਲ ਬੈਠ ਕੇ ਚਰਚਾ ਕੀਤੀ ਕਿ ਵੱਡੇ ਪੱਧਰ 'ਤੇ ਉਦਯੋਗਿਕ ਵਿਕਾਸ ਨੂੰ ਯਕੀਨੀ ਬਣਾਉਣ  ਲਈ ਕੀ ਕਰਨ ਦੀ ਲੋੜ ਹੈ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਦਯੋਗਾਂ ਦੀਆਂ ਕੀ ਲੋੜਾਂ ਹਨ, ਲੋਕਾਂ ਨੂੰ ਕੀ ਚਾਹੀਦਾ ਹੈ ਅਤੇ ਕਾਰੋਬਾਰ ਕਰਨ ਵਾਲਿਆਂ ਨੂੰ ਕੀ ਚਾਹੀਦਾ ਹੈ। ਜੇਕਰ ਤੁਸੀਂ 4 ਫੀਸਦ ਜਾਂ 5 ਫੀਸਦ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਉਦਯੋਗਿਕ ਵਿਕਾਸ ਚਾਹੁੰਦੇ ਹੋ, ਤਾਂ ਕੀ ਕਰਨ ਦੀ ਲੋੜ ਹੈ। ਉਨ੍ਹਾਂ ਨੇ ਦੂਜਾ ਕੰਮ ਜੋ ਕੀਤਾ ਉਹ ਸੀ ਆਪਣੀ ਮਨੁੱਖੀ ਪੂੰਜੀ ਵਿੱਚ ਨਿਵੇਸ਼ ਕਰਨਾ। ਇਨ੍ਹਾਂ ਦੋ ਨੁਕਤਿਆਂ ਨੂੰ ਧਿਆਨ ਵਿੱਚ ਰੱਖਦਿਆਂ ਉਸੇ ਰਾਹ 'ਤੇ ਚੱਲੇ।
ਉਦਯੋਗਾਂ ਨਾਲ ਹੋਏ ਸਲਾਹ-ਮਸ਼ਵਰੇ ਬਾਰੇ ਦੱਸਦਿਆਂ ਉਨ੍ਹਾਂ ਅੱਗੇ ਕਿਹ ਕਿ ਪਿਛਲੇ ਦੋ ਤੋਂ ਤਿੰਨ ਸਾਲਾਂ ਵਿੱਚ ਮੈਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਭਰ ਵਿੱਚ ਚੱਕਰ ਲਗਾਏ ਅਤੇ ਉਦਯੋਗਪਤੀਆਂ, ਵਪਾਰੀਆਂ ਤੇ ਕਾਰੋਬਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਅਤੇ ਉਨ੍ਹਾਂ ਤੋਂ ਉਨ੍ਹਾਂ ਦੀਆਂ ਜ਼ਰੂਰਤਾਂ ਬਾਰੇ ਜਾਣਿਆ। ਜੇਕਰ ਅਸੀਂ ਆਪਣੇ ਏਅਰ ਕੰਡੀਸ਼ਨਡ ਕਮਰਿਆਂ ਵਿੱਚ ਬੈਠਦੇ ਹਾਂ ਜਾਂ ਜੇ ਅਧਿਕਾਰੀ ਬੈਠ ਕੇ ਸੋਚਦੇ ਹਨ ਕਿ ਅਸੀਂ ਸਭ ਕੁਝ ਜਾਣਦੇ ਹਾਂ, ਤਾਂ ਇਹ ਸੱਚ ਨਹੀਂ ਹੈ। ਸਾਡੇ ਕੋਲ ਟੈਕਸਟਾਈਲ ਉਦਯੋਗ ਜਾਂ ਪ੍ਰਾਹੁਣਚਾਰੀ ਉਦਯੋਗ ਕਿਵੇਂ ਕੰਮ ਕਰਦਾ ਹੈ, ਜਾਂ ਰੀਅਲ ਅਸਟੇਟ ਨੂੰ ਕੀ ਚੁਣੌਤੀਆਂ ਦਰਪੇਸ਼ ਆਉਂਦੀਆਂ ਹਨ, ਇਸ ਬਾਰੇ ਕੋਈ ਮੁਹਾਰਤ ਨਹੀਂ ਹੈ। ਉਦਯੋਗਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਕੀ ਚਾਹੀਦਾ ਹੈ, ਇਹ ਸਿਰਫ਼ ਉਨ੍ਹਾਂ ਤੋਂ ਸੁਣ ਕੇ ਹੀ ਜਾਣਿਆ ਜਾ ਸਕਦਾ ਹੈ।
ਆਪ ਸੁਪਰੀਮੋ ਨੇ ਸਾਂਝਾ ਕੀਤਾ ਕਿ ਇਨ੍ਹਾਂ ਸਾਰੀਆਂ ਮੀਟਿੰਗਾਂ ਤੋਂ ਬਾਅਦ ਇੱਕ ਵੱਡਾ ਸਿੱਟਾ ਨਿਕਲਿਆ ਅਤੇ ਸਾਨੂੰ ਪਤਾ ਚੱਲਿਆ ਕਿ ਇਹ ਉਦਯੋਗ ਜਾਂ ਵਪਾਰੀ/ਕਾਰੋਬਾਰੀ ਸਰਕਾਰੀ ਦਖਲਅੰਦਾਜ਼ੀ ਤੋਂ ਨਾਰਾਜ਼ ਅਤੇ ਪਰੇਸ਼ਾਨ ਸਨ। ਸਾਰਿਆਂ ਦੀ ਸਿਰਫ਼ ਇੱਕ ਹੀ ਮੰਗ ਸੀ ਕਿ ਸਰਕਾਰ ਦਖਲਅੰਦਾਜ਼ੀ ਬੰਦ ਕਰੇ ਅਤੇ ਉਨ੍ਹਾਂ ਨੂੰ ਸੁਤੰਤਰਤਾ ਨਾਲ ਆਪਣਾ ਕੰਮ ਕਰਨ ਅਤੇ ਆਪਣੇ ਕਾਰੋਬਾਰ ਨੂੰ ਚਲਾਉਣ ਦੀ ਇਜਾਜ਼ਤ ਦੇਵੇ। ਕਾਰੋਬਾਰੀਆਂ ਨੂੰ ਸਰਕਾਰੀ ਵਿਭਾਗਾਂ, ਪ੍ਰਵਾਨਗੀਆਂ, ਜੁਰਮਾਨਿਆਂ, ਧਮਕੀਆਂ ਅਤੇ ਨਿਰੀਖਣਾਂ ਵਰਗੀਆਂ ਸਮੱਸਿਆਵਾਂ ਦਰਪੇਸ਼ ਸਨ। ਸਾਰੇ ਕਾਰੋਬਾਰੀ ਅਤੇ ਉੱਦਮੀ ਇਸ ਸਿਸਟਮ ਵਿੱਚ ਫਸੇ ਹੋਏ ਸਨ। ਇਸ ਲਈ ਉਨ੍ਹਾਂ ਨਾਲ ਕੀਤੀਆਂ ਮੀਟਿੰਗਾਂ ਤੋਂ ਅਸੀਂ ਪ੍ਰੇਰਨਾ ਲੈ ਕੇ, ਅਸੀਂ ਕਈ ਵੱਡੇ ਸੁਧਾਰ ਕੀਤੇ।
ਉਨ੍ਹਾਂ ਕਿਹਾ ਕਿ ਅਸੀਂ ਪਹਿਲੇ ਕਦਮ ਵਿੱਚ ਪਿਛਲੇ ਸਾਲ ਜੂਨ ਵਿੱਚ ਫਾਸਟ ਟ੍ਰੈਕ ਪੰਜਾਬ ਪੋਰਟਲ ਲਾਂਚ ਕੀਤਾ ਸੀ। ਜੇਕਰ ਤੁਸੀਂ ਇੱਕ ਨਵਾਂ ਉਦਯੋਗ ਸਥਾਪਤ ਕਰਨਾ ਚਾਹੁੰਦੇ ਹੋ ਜਾਂ ਮੌਜੂਦਾ ਉਦਯੋਗ ਦਾ ਵਿਸਥਾਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਿੰਗਲ ਵਿੰਡੋ ਸਿਸਟਮ ਰਾਹੀਂ 45 ਦਿਨਾਂ ਦੇ ਅੰਦਰ ਪ੍ਰਵਾਨਗੀ ਮਿਲ ਜਾਵੇਗੀ। ਤੁਸੀਂ ਸਿਰਫ਼ ਔਨਲਾਈਨ ਅਰਜ਼ੀ ਦਿਓ। ਕਿਸੇ ਨੂੰ ਮਿਲਣ ਦੀ ਕੋਈ ਲੋੜ ਨਹੀਂ ਹੈ ਅਤੇ ਕਿਤੇ ਜਾਣ ਦੀ ਕੋਈ ਲੋੜ ਨਹੀਂ ਹੈ। ਜੇਕਰ 45 ਦਿਨਾਂ ਦੇ ਅੰਦਰ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ ਹੈ ਤਾਂ 46ਵੇਂ ਦਿਨ ਸਾਫਟਵੇਅਰ ਆਪਣੇ ਆਪ ਸਾਰੀਆਂ ਪ੍ਰਵਾਨਗੀਆਂ ਦੇ ਦਿੰਦਾ ਹੈ। ਤੁਹਾਨੂੰ ਸਾਰੇ ਵਿਭਾਗਾਂ ਤੋਂ ਆਪਣੇ ਆਪ ਹੀ ਡੀਮਡ ਪ੍ਰਵਾਨਗੀ ਮਿਲ ਜਾਂਦੀ ਹੈ ਅਤੇ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ।
ਹਰੇ ਕੋਈ ਸਿੰਗਲ ਵਿੰਡੋ ਹੋਣ ਦਾ ਦਾਅਵਾ ਤਾਂ ਕਰਦਾ ਹੈ, ਪਰ ਅਸਲੀਅਤ ਇਸ ਤੋਂ ਕਿਤੇ ਪੜ੍ਹੇ ਹੈ। ਹਾਲਾਂਕਿ ਪੰਜਾਬ 'ਚ ਸਭ ਤੋਂ ਵੱਖਰਾ ਅਤੇ ਉਦਯੋਗ ਲਈ ਪੂਰੀ ਤਰ੍ਹਾਂ ਸਾਜ਼ਗਾਰ ਮਾਹੌਲ ਹੈ। ਮੁੱਖ ਮੰਤਰੀ ਭਗਵੰਤ ਮਾਨ ਨਿੱਜੀ ਤੌਰ 'ਤੇ ਇਸਦੀ ਨਿਗਰਾਨੀ ਕਰਦੇ ਹਨ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨਿੱਜੀ ਤੌਰ 'ਤੇ ਹਰ ਪ੍ਰਸਤਾਵ ਦੀ ਨਿਗਰਾਨੀ ਕਰਦੇ ਹਨ। ਕੋਈ ਵੀ ਪ੍ਰਸਤਾਵ 45 ਦਿਨਾਂ ਤੋਂ ਵੱਧ ਨਹੀਂ ਲਟਕਦਾ। 45 ਦਿਨਾਂ ਦੇ ਅੰਦਰ ਪ੍ਰਵਾਨਗੀ ਦੀ ਗਰੰਟੀ ਹੈ ਭਾਵੇਂ ਇਹ ਵੱਡਾ ਉਦਯੋਗ ਹੋਵੇ ਜਾਂ ਛੋਟਾ। ਉਨ੍ਹਾਂ ਜ਼ੋਰ ਦੇ ਕੇ ਕਿਹਾ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਅਸੀਂ ਇਸ ਸਮਾਂ-ਸੀਮਾ ਨੂੰ 10 ਜਾਂ 15 ਦਿਨਾਂ ਤੱਕ ਵੀ ਘਟਾ ਦੇਵਾਂਗੇ।
ਨਵੀਂ ਪ੍ਰਣਾਲੀ ਦੀ ਤੁਲਨਾ ਪਹਿਲਾਂ ਵਾਲੇ ਸਿਸਟਮ ਨਾਲ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਸਾਡੀ ਸਰਕਾਰ ਤੋਂ ਪਹਿਲਾਂ ਇੱਕ ਸਮਾਂ ਸੀ ਜਦੋਂ ਜਦੋਂ ਤੱਕ ਤੁਸੀਂ ਕਿਸੇ ਮੰਤਰੀ ਜਾਂ ਅਧਿਕਾਰੀ ਨੂੰ ਪੈਸਿਆਂ ਜਾਂ ਲਾਭ ਦੀ ਪੇਸ਼ਕਸ਼ ਨਹੀਂ ਕਰਦੇ ਸੀ ਤਾਂ  ਪ੍ਰਵਾਨਗੀਆਂ ਨਹੀਂ ਮਿਲਦੀਆਂ ਸਨ। ਇਨ੍ਹਾਂ ਵਿੱਚ ਕਈ-ਕਈ ਮਹੀਨੇ ਅਤੇ ਕਈ ਵਾਰ ਤਾਂ ਕਈ ਸਾਲ ਵੀ ਲੱਗ ਜਾਂਦੇ ਸਨ। ਜੇਕਰ ਤੁਸੀਂ ਕੋਈ ਉਦਯੋਗ ਸਥਾਪਤ ਕਰਨਾ ਚਾਹੁੰਦੇ ਸੀ ਤਾਂ ਤੁਹਾਨੂੰ ਸਿਫ਼ਾਰਸ਼ਾਂ ਕਰਾਉਣੀ ਅਤੇ ਰਿਸ਼ਵਤ ਦੇਣੀ ਪੈਂਦੀ ਸੀ ਅਤੇ ਫਿਰ ਵੀ ਕੰਮ ਨਹੀਂ ਹੁੰਦਾ ਸੀ। ਹੁਣ ਅਜਿਹਾ ਨਹੀਂ ਹੈ। ਤੁਸੀਂ ਸਿਰਫ਼ ਅਰਜ਼ੀ ਦਿਓ ਅਤੇ 45ਵੇਂ ਦਿਨ ਤੱਕ ਤੁਹਾਨੂੰ ਹਰ ਪ੍ਰਵਾਨਗੀ ਮਿਲ ਜਾਵੇਗੀ।
ਛੋਟੇ ਕਾਰੋਬਾਰਾਂ ਲਈ ਰਾਹਤ ਉਪਾਵਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਅੱਗੇ ਕਿਹਾ ਕਿ ਐਮਐਸਐਮਈਜ਼ (ਮਾਈਕਰੋ, ਲਘੂ ਅਤੇ ਦਰਮਿਆਨੇ ਉੱਦਮਾਂ) ਲਈ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ। ਜੇਕਰ ਤੁਹਾਡਾ ਨਿਵੇਸ਼ 15 ਕਰੋੜ ਰੁਪਏ ਤੱਕ ਹੈ, ਤਾਂ ਤੁਹਾਨੂੰ ਕਿਸੇ ਵੀ ਪ੍ਰਵਾਨਗੀ ਦੀ ਲੋੜ ਨਹੀਂ ਹੈ। ਤੁਹਾਨੂੰ 45 ਦਿਨਾਂ ਤੱਕ ਇੰਤਜ਼ਾਰ ਵੀ ਨਹੀਂ ਕਰਨਾ ਪੈਂਦਾ। ਤੁਸੀਂ ਸਿਰਫ਼ ਅਰਜ਼ੀ ਦਿਓ ਅਤੇ 5 ਦਿਨਾਂ ਦੇ ਅੰਦਰ ਤੁਹਾਨੂੰ ਮਨਜੂਰੀ ਪੱਤਰ ਮਿਲ ਜਾਵੇਗਾ। ਅਸੀਂ ਉੱਦਮੀ ਤੋਂ ਹਲਫ਼ਨਾਮੇ ਵਜੋਂ ਸਵੈ-ਪ੍ਰਮਾਣੀਕਰਨ ਲੈਂਦੇ ਹਾਂ। ਮੇਰਾ ਮੰਨਣਾ ਹੈ ਕਿ ਅਜਿਹਾ ਸਿਸਟਮ ਜੋ ਖੁਦ-ਬ-ਖੁਦ ਡੀਮਡ ਪ੍ਰਵਾਨਗੀਆਂ ਪ੍ਰਦਾਨ ਕਰਦਾ ਹੈ, ਦੇਸ਼ ਵਿੱਚ ਕਿਤੇ ਵੀ ਹੋਰ ਮੌਜੂਦ ਨਹੀਂ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਕਦਮ ਦੀ ਸਫ਼ਲਤਾ ਤੋਂ ਬਾਅਦ ਅਸੀਂ ਮਨੁੱਖੀ ਪੂੰਜੀ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਜੇਕਰ ਤੁਹਾਡੇ ਕੋਲ ਪੜ੍ਹੇ-ਲਿਖੇ, ਸਿਹਤਮੰਦ ਲੋਕ ਨਹੀਂ ਹਨ, ਤਾਂ ਉਦਯੋਗ ਕੌਣ ਚਲਾਏਗਾ ਅਤੇ ਉਦਯੋਗ ਕਿਵੇਂ ਕੰਮ ਕਰਨਗੇ। ਜਦੋਂ ਅਸੀਂ ਦੂਜੇ ਦੇਸ਼ਾਂ ਦਾ ਅਧਿਐਨ ਕੀਤਾ ਤਾਂ ਅਸੀਂ ਪਾਇਆ ਕਿ ਜਾਪਾਨ, ਜਰਮਨੀ ਅਤੇ ਸਿੰਗਾਪੁਰ ਨੇ ਸਿਹਤ ਅਤੇ ਸਿੱਖਿਆ ਵਿੱਚ ਸਭ ਤੋਂ ਵੱਧ ਨਿਵੇਸ਼ ਕੀਤਾ ਹੈ। ਮੈਂ ਲੀ ਕੁਆਨ ਯੂ ਦੀ ਕਿਤਾਬ ਪੜ੍ਹੀ ਹੈ ਅਤੇ ਇਨ੍ਹਾਂ ਸਾਰੇ ਦੇਸ਼ਾਂ ਨੇ ਇਨ੍ਹਾਂ ਖੇਤਰਾਂ ਵਿੱਚ ਭਾਰੀ ਨਿਵੇਸ਼ ਕੀਤਾ ਹੈ। ਅਸੀਂ ਪਹਿਲਾਂ ਦਿੱਲੀ ਵਿੱਚ ਵੀ ਅਜਿਹਾ ਹੀ ਕੀਤਾ ਸੀ ਅਤੇ ਹੁਣ ਅਸੀਂ ਪੰਜਾਬ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਮੈਨੂੰ ਇਹ ਕਹਿੰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਕੇਂਦਰ ਸਰਕਾਰ ਨੇ ਸਾਰੇ ਰਾਜਾਂ ਦਾ ਅਧਿਐਨ ਕੀਤਾ। ਜਦੋਂ ਅਸੀਂ ਸੱਤਾ ਸੰਭਾਲੀ ਤਾਂ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ 'ਚੋਂ 18ਵੇਂ ਸਥਾਨ 'ਤੇ ਸੀ ਅਤੇ ਕੇਂਦਰ ਦੇ ਸਰਵੇਖਣ ਅਨੁਸਾਰ ਪੰਜਾਬ ਪਿਛਲੇ ਸਾਲ ਸਿੱਖਿਆ ਦੇ ਖੇਤਰ ਵਿੱਚ ਪੂਰੇ ਦੇਸ਼ 'ਤੋਂ ਅੱਵਲ ਹੋ ਕੇ ਉੱਭਰਿਆ। ਸਿਰਫ਼ ਤਿੰਨ ਸਾਲਾਂ ਵਿੱਚ ਅਸੀਂ ਸਿੱਖਿਆ ਵਿੱਚ ਪਹਿਲੇ ਸਥਾਨ 'ਤੇ ਪਹੁੰਚ ਗਏ।
ਸਿੱਖਿਆ ਦੇ ਖੇਤਰ ਵਿੱਚ ਕੀਤੇ ਸੁਧਾਰਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਅੱਗੇ ਕਿਹਾ, “ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ, ਜਿਨ੍ਹਾਂ ਨੂੰ ਪਹਿਲਾਂ ਇਹ ਵੀ ਨਹੀਂ ਪਤਾ ਸੀ ਕਿ ਜੀਈਈ ਕੀ ਹੈ ਜਾਂ ਨੀਟ ਕੀ ਹੈ ਅਤੇ ਇਹਨਾਂ ਪ੍ਰੀਖਿਆਵਾਂ ਤੋਂ ਜਾਣੂ ਨਹੀਂ ਸਨ, ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਨੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਸਾਲ, ਸਰਕਾਰੀ ਸਕੂਲਾਂ ਦੇ 300 ਵਿਦਿਆਰਥੀਆਂ ਨੇ ਜੀਈਈ ਪਾਸ ਪ੍ਰੀਖਿਆ ਪਾਸ ਕੀਤੀ ਅਤੇ 800 ਵਿਦਿਆਰਥੀਆਂ ਨੇ ਨੀਟ ਪਾਸ ਕੀਤੀ। ਅੱਜ ਸਾਡੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ, ਸਿੰਗਾਪੁਰ ਅਤੇ ਕੈਨੇਡਾ ਭੇਜਿਆ ਜਾ ਰਿਹਾ ਹੈ। ਬੱਚਿਆਂ ਲਈ ਇੱਕ ਬਹੁਤ ਹੀ ਸਕਾਰਾਤਮਕ ਮਾਹੌਲ ਵਿਕਸਤ ਕੀਤਾ ਗਿਆ ਹੈ ਜਿੱਥੇ ਬੱਚੇ ਵੀ ਮਹਿਸੂਸ ਕਰਦੇ ਹਨ ਕਿ ਉਹ ਮਿਆਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ।
ਸਿਹਤ ਸੰਭਾਲ ਸੁਧਾਰਾਂ ਬਾਰੇ ਬੋਲਦਿਆਂ, ਅਰਵਿੰਦ ਕੇਜਰੀਵਾਲ ਨੇ ਕਿਹਾ, "ਪਹਿਲਾਂ ਜੇਕਰ ਕੋਈ ਗਰੀਬ ਪਰਿਵਾਰ ਦਾ ਕੋਈ ਮੈਂਬਰ ਬੀਮਾਰ ਹੋ ਜਾਂਦਾ ਸੀ ਤਾਂ ਇਹ ਅਕਸਰ ਦੁਖਾਂਤ ਦਾ ਕਾਰਨ ਬਣਦਾ ਸੀ। ਕਿਸਾਨ ਖੁਦਕੁਸ਼ੀਆਂ ਦਾ ਇੱਕ ਵੱਡਾ ਕਾਰਨ ਕਿਸੇ ਪਰਿਵਾਰਕ ਮੈਂਬਰ ਦਾ ਬਿਮਾਰ ਹੋਣਾ ਸੀ, ਕਿਉਂਕਿ ਜਦੋਂ ਕੋਈ ਬੀਮਾਰ ਹੋ ਜਾਂਦਾ ਸੀ ਤਾਂ ਉਸਨੂੰ ਕਰਜ਼ਾ ਲੈਣਾ ਪੈਂਦਾ ਸੀ ਅਤੇ ਜਦੋਂ ਉਹ ਉਨ੍ਹਾਂ ਕਰਜ਼ਿਆਂ ਨੂੰ ਵਾਪਸ ਨਹੀਂ ਕਰ ਸਕਦੇ ਸਨ ਤਾਂ ਉਹ ਖੁਦਕੁਸ਼ੀ ਕਰ ਲੈਂਦੇ ਸਨ। ਹੁਣ ਜੇਕਰ ਕੋਈ ਬੀਮਾਰ ਹੋ ਜਾਂਦਾ ਹੈ ਤਾਂ ਉਸਨੂੰ ਅਜਿਹੇ ਸਖ਼ਤ ਕਦਮ ਚੁੱਕਣ ਦੀ ਲੋੜ ਨਹੀਂ ਹੈ। ਹੁਣ ਸਰਕਾਰੀ ਹਸਪਤਾਲਾਂ ਵਿੱਚ ਕਾਫ਼ੀ ਸੁਧਾਰ ਕੀਤਾ ਗਿਆ ਹੈ। ਸੂਬਾ ਸਰਕਾਰ ਦੀ ਨਵੀਂ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਤਹਿਤ, ਸੂਬੇ ਦੇ ਵੱਡੇ ਹਸਪਤਾਲ ਵੀ ਗਰੀਬ ਕਿਸਾਨਾਂ ਅਤੇ ਗਰੀਬ ਮਜ਼ਦੂਰਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਪ੍ਰਦਾਨ ਕਰਦੇ ਹਨ। ਅਜਿਹਾ ਸਰਵਪੱਖੀ ਸਿਹਤ ਸੰਭਾਲ ਅਤੇ ਸੁਰੱਖਿਆ ਬੀਮਾ ਸ਼ਾਇਦ ਹੀ ਕਿਤੇ ਹੋਰ ਦੇਖਿਆ ਜਾਂਦਾ ਹੈ।"
ਇਹਨਾਂ ਸੁਧਾਰਾਂ ਨੂੰ ਨਿਵੇਸ਼ ਨਾਲ ਜੋੜਦਿਆਂ ਉਨ੍ਹਾਂ ਕਿਹਾ, "ਇਨ੍ਹਾਂ ਸਾਰੇ ਯਤਨਾਂ ਦੇ ਸਪੱਸ਼ਟ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ 1.5 ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਮੈਂ ਸਮਝੌਤਿਆਂ ਬਾਰੇ ਗੱਲ ਨਹੀਂ ਕਰ ਰਿਹਾ। ਮੈਂ 1.5 ਲੱਖ ਕਰੋੜ ਰੁਪਏ ਦੇ ਨਿਵੇਸ਼ਾਂ ਬਾਰੇ ਗੱਲ ਕਰ ਰਿਹਾ ਹਾਂ ਜੋ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ। ਜ਼ਮੀਨ ਖਰੀਦੀ ਜਾ ਚੁੱਕੀ ਹੈ ਅਤੇ ਜ਼ਮੀਨੀ ਪੱਧਰ 'ਤੇ ਪ੍ਰੋਜੈਕਟ ਸ਼ੁਰੂ ਹੋ ਗਏ ਹਨ। ਇਹਨਾਂ ਨਿਵੇਸ਼ਾਂ ਨਾਲ ਸਾਡੇ ਨੌਜਵਾਨਾਂ ਲਈ 5.5 ਲੱਖ ਨੌਕਰੀਆਂ ਪੈਦੀ ਹੋਣਗੀਆਂ।"
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਡਾ ਦੇਸ਼ ਇੱਕ ਮਹਾਨ ਰਾਸ਼ਟਰ ਹੈ ਅਤੇ ਇਸ ਦੀ ਸੱਭਿਅਤਾ ਬਹੁਤ ਪ੍ਰਾਚੀਨ ਹੈ। ਪਰਮਾਤਮਾ ਨੇ ਇਸ ਦੇਸ਼ ਨੂੰ ਸਭ ਕੁਝ ਦਿੱਤਾ ਹੈ। ਜਦੋਂ ਪਰਮਾਤਮਾ ਨੇ ਧਰਤੀ ਬਣਾਈ ਤਾਂ ਉਸ ਨੇ 'ਭਾਰਤਵਰਸ਼' ਨੂੰ ਸਭ ਤੋਂ ਖੁਸ਼ਹਾਲ ਅਤੇ ਸੁੰਦਰ ਧਰਤੀ  ਬਣਾਇਆ। ਸਾਡੇ ਕੋਲ ਪਹਾੜ, ਨਦੀਆਂ, ਔਸ਼ਧੀ ਜੜ੍ਹੀਆਂ ਬੂਟੀਆਂ, ਖਣਿਜ, ਲੋਹਾ, ਕੋਲਾ ਅਤੇ ਹੋਰ ਅਣਗਿਣਤ ਸਰੋਤ ਹਨ। ਪਰਮਾਤਮਾ ਨੇ ਸਾਨੂੰ ਇਹਨਾਂ ਸਾਰੇ ਤੋਹਫਿਆਂ ਨਾਲ ਨਿਵਾਜਿਆ ਹੈ। ਜਦੋਂ ਪਰਮਾਤਮਾ ਨੇ ਮਨੁੱਖਾਂ ਨੂੰ ਬਣਾਇਆ, ਤਾਂ ਉਨ੍ਹਾਂ ਨੇ ਭਾਰਤ ਵਿੱਚ ਸਭ ਤੋਂ ਬੁੱਧੀਮਾਨ ਲੋਕ ਪੈਦਾ ਕੀਤੇ। ਅਸੀਂ ਦੁਨੀਆ ਵਿੱਚ ਜਿੱਥੇ ਵੀ ਜਾਂਦੇ ਹਾਂ, ਅਸੀਂ ਖੁਦ ਨੂੰ ਉੱਤਮ ਸਾਬਤ ਕਰਦੇ ਹਾਂ। ਦੁਨੀਆ ਭਰ ਦੀਆਂ ਉੱਘੀਆਂ ਕੰਪਨੀਆਂ ਦੇ ਸੀਈਓਜ਼ ਵਿੱਚੋਂ ਬਹੁਤ ਸਾਰੇ ਭਾਰਤੀ ਹਨ। ਮਾਈਕ੍ਰੋਸਾਫਟ, ਅਲਫਾਬੇਟ, ਆਈਬੀਐਮ, ਅਡੋਬ, ਚੈਨਲ, ਨੋਵਾਰਟਿਸ ਅਤੇ ਪਾਲੋ ਆਲਟੋ ਦੇ ਸੀਈਓ ਭਾਰਤੀ ਮੂਲ ਦੇ ਵਿਅਕਤੀ ਹਨ।
ਉਨ੍ਹਾਂ ਕਿਹਾ, "ਪਰ ਮੈਨੂੰ ਬੇਹੱਦ ਦੁੱਖ ਹੁੰਦਾ ਹੈ ਜਦੋਂ ਅਸੀਂ ਚੀਨ ਤੋਂ ਖਿਡੌਣੇ ਆਯਾਤ ਕਰਦੇ ਹਾਂ। ਅਸੀਂ ਪਲਾਸਟਿਕ ਦੀਆਂ ਬਾਲਟੀਆਂ, ਸਟੇਸ਼ਨਰੀ ਤੋਂ ਲੈ ਕੇ ਪਲਾਸਟਿਕ ਦੇ ਡੱਬੇ ਵੀ ਜਿਨ੍ਹਾਂ ਵਿੱਚ ਅਸੀਂ ਆਪਣੀਆਂ ਰਸੋਈਆਂ ਵਿੱਚ ਮਸਾਲੇ ਰੱਖਦੇ ਹਾਂ, ਚੀਨ ਤੋਂ ਆਯਾਤ ਕੀਤੇ ਜਾਂਦੇ ਹਨ। ਅਸੀਂ ਐਈਡੀ ਬਲਬ, ਸਜਾਵਟੀ ਲਾਈਟਾਂ, ਇਲੈਕਟ੍ਰਿਕ ਕੇਤਲੀਆਂ, ਤਾਰਾਂ, ਮੋਬਾਈਲ ਫੋਨ ਚਾਰਜਰ, ਅਲਾਰਮ ਘੜੀਆਂ, ਪਲਾਸਟਿਕ ਦੇ ਖਿਡੌਣੇ ਅਤੇ ਬੈਟਰੀ ਨਾਲ ਚੱਲਣ ਵਾਲੇ ਖਿਡੌਣੇ ਵੀ ਆਯਾਤ ਕਰਦੇ ਹਾਂ। ਦੀਵਾਲੀ ਦੌਰਾਨ ਅਸੀਂ ਲਕਸ਼ਮੀ ਅਤੇ ਗਣੇਸ਼ ਮੂਰਤੀਆਂ ਦੀ ਪੂਜਾ ਕਰਦੇ ਹਾਂ, ਉਹ ਵੀ ਆਯਾਤ ਕੀਤੀਆਂ ਜਾਂਦੀਆਂ ਹਨ। ਇਹਨਾਂ ਵਸਤਾਂ ਦੀ ਸੂਚੀ ਬਹੁਤ ਲੰਬੀ ਹੈ, ਜਿਹਨਾਂ ਵਿੱਚ ਕੁੰਭਕਰਨ, ਰਾਵਣ ਅਤੇ ਮੇਘਨਾਥ ਦੀਆਂ ਮੂਰਤੀਆਂ ਵੀ ਸ਼ਾਮਲ ਹਨ। ਕੀ ਅਸੀਂ ਇਹ ਖੁਦ ਨਹੀਂ ਬਣਾ ਸਕਦੇ? ਕਿਸੇ ਨੇ ਮੈਨੂੰ ਦੱਸਿਆ ਕਿ ਚੀਨੀ ਉਤਪਾਦ ਸਸਤੇ ਹਨ, ਪਰ ਅਸੀਂ ਖੁਦ ਸਸਤੇ ਉਤਪਾਦ ਕਿਉਂ ਨਹੀਂ ਬਣਾ ਸਕਦੇ? ਪੰਜਾਬੀਆਂ ਨੂੰ ਮੌਕਾ ਦਿਓ ਅਤੇ ਉਹ ਚੀਨ ਨਾਲੋਂ ਸਸਤੇ ਉਤਪਾਦ ਤਿਆਰ ਕਰਨਗੇ ਅਤੇ ਉਨ੍ਹਾਂ ਨੂੰ ਨਿਰਯਾਤ ਵੀ ਕਰਨਗੇ।" 
'ਆਪ' ਸੁਪਰੀਮੋ ਨੇ ਕਿਹਾ ਕਿ ਪਿਛਲੇ 75 ਸਾਲਾਂ ਵਿੱਚ ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਸਾਡੇ ਲੋਕਾਂ ਦੇ ਹੁਨਰ 'ਤੇ ਭਰੋਸਾ ਨਹੀਂ ਕੀਤਾ। ਪਰ ਸਾਡੇ ਸਿਸਟਮ ਇੰਨੇ ਕਮਜ਼ੋਰ ਹੋ ਗਏ ਹਨ ਕਿ ਉਹ ਕਿਸੇ ਨੂੰ ਕੁਝ ਵੀ ਕਰਨ ਨਹੀਂ ਦਿੰਦੇ। ਸਾਨੂੰ ਮੌਕੇ ਦਿੱਤੇ ਜਾਣੇ ਚਾਹੀਦੇ ਹਨ। ਭਾਰਤ ਨੂੰ ਨੰਬਰ ਮੋਹਰੀ ਬਣਨਾ ਚਾਹੀਦਾ ਹੈ ਅਤੇ ਸਾਨੂੰ ਚੀਨ ਨੂੰ ਪਛਾੜਨਾ ਚਾਹੀਦਾ ਹੈ। ਇਹ ਸਾਡਾ ਟੀਚਾ ਹੋਣਾ ਚਾਹੀਦਾ ਹੈ। ਮਾਧੁਰੀ ਦੀਕਸ਼ਿਤ ਅਤੇ ਅਨਿਲ ਕਪੂਰ ਅਭਿਨੀਤ 'ਤੇਜ਼ਾਬ' ਨਾਮਕ ਇੱਕ ਫਿਲਮ ਸੀ। ਇਸ ਵਿੱਚ ਇੱਕ ਗੀਤ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਆਮ ਵਿਰੋਧੀਆਂ ਨੂੰ ਹਰਾਉਣ ਦਾ ਕੋਈ ਮਤਲਬ ਨਹੀਂ ਹੈ, ਜੇਕਰ ਤੁਸੀਂ ਸੱਚਮੁੱਚ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਹੋ ਤਾਂ ਦਾਰਾ ਸਿੰਘ ਨੂੰ ਹਰਾਓ। ਸਾਨੂੰ ਦੱਸੋ ਕਿ ਤੁਹਾਨੂੰ ਚੀਨ ਨੂੰ ਹਰਾਉਣ ਲਈ ਕੀ ਚਾਹੀਦਾ ਹੈ ਅਤੇ ਅਸੀਂ ਤੁਹਾਨੂੰ ਪੰਜਾਬ ਵਿੱਚ ਉਹ ਸਭ ਵਸਤਾਂ ਪ੍ਰਦਾਨ ਕਰਾਂਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੂਰੀ ਪੰਜਾਬ ਸਰਕਾਰ ਅਤੇ ਮੈਂ ਤੁਹਾਡੇ ਨਾਲ ਖੜ੍ਹੇ ਹਾਂ।
ਉਨ੍ਹਾਂ ਕਿਹਾ, "ਮੇਰਾ ਖੂਨ ਖੌਲ ਜਾਂਦਾ ਹੈ ਜਦੋਂ ਮੈਂ ਦੇਖਦਾ ਹਾਂ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਅਸੀਂ ਚੀਨ ਤੋਂ ਪਲਾਸਟਿਕ ਦੀਆਂ ਬਾਲਟੀਆਂ ਅਤੇ ਫੋਨ ਚਾਰਜਰ ਆਯਾਤ ਕਰਦੇ ਹਾਂ। ਅਸੀਂ ਆਪਣੀਆਂ ਲਕਸ਼ਮੀ ਅਤੇ ਗਣੇਸ਼ ਮੂਰਤੀਆਂ ਨਹੀਂ ਬਣਾ ਸਕਦੇ। ਇਹ ਮੁੱਦਾ ਦੇਸ਼ ਭਗਤੀ ਨਾਲ ਸਬੰਧਤ ਹੈ। ਤੁਹਾਨੂੰ ਦੇਸ਼ ਲਈ ਇਹ ਕਰਨਾ ਚਾਹੀਦਾ ਹੈ। ਸਾਨੂੰ ਦੱਸੋ ਕਿ ਤੁਹਾਨੂੰ ਕੀ ਚਾਹੀਦਾ ਹੈ ਅਤੇ ਚੀਨ ਨੂੰ ਨਿਰਯਾਤ ਕਰਨਾ ਸ਼ੁਰੂ ਕਰੋ। ਤੁਹਾਨੂੰ ਜਿਹੜੇ ਵੀ ਮਾਹੌਲ ਜ਼ਰੂਰਤ ਹੈ, ਉਹ ਅਸੀਂ ਪ੍ਰਦਾਨ ਕਰਾਂਗੇ। ਇਹ ਕੋਈ ਖੋਖਲਾ ਵਾਅਦਾ ਨਹੀਂ ਹੈ। ਤੁਸੀਂ ਪਹਿਲਾਂ ਹੀ ਦੇਖਿਆ ਹੋਵੇਗਾ ਕਿ ਪਿਛਲੀਆਂ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰ ਦਿੱਤਾ ਗਿਆ ਹੈ। ਮੈਂ ਇਹ ਵਾਅਦਾ ਸਾਰੇ ਉਦਯੋਗਾਂ ਨਾਲ ਕਰ ਰਿਹਾ ਹਾਂ। ਸਾਨੂੰ ਦੱਸੋ ਕਿ ਤੁਹਾਨੂੰ ਕੀ ਚਾਹੀਦਾ ਹੈ ਤਾਂ ਅਸੀਂ ਤੁਹਾਨੂੰ ਹਰ ਲੋੜੀਂਦੀ ਚੀਜ਼ ਪ੍ਰਦਾਨ ਕਰਾਂਗੇ।"
ਉਨ੍ਹਾਂ ਕਿਹਾ, "ਆਪ ਲੀਡਰਸ਼ਿਪ, ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਇੱਕ ਬਹੁਤ ਹੀ ਹਰਮਨਪਿਆਰੇ ਲੋਕ ਨੇਤਾ ਵਜੋਂ ਜਾਣੇ ਜਾਂਦੇ ਹਨ। ਉਹ ਲੋਕਾਂ ਵਿੱਚ ਰਹਿੰਦੇ ਹਨ ਅਤੇ ਤੁਸੀਂ ਉਨ੍ਹਾਂ ਨੂੰ ਕਿਸੇ ਵੀ ਸਮੇਂ ਮਿਲ ਸਕਦੇ ਹੋ। ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਅਜਿਹਾ ਮੁੱਖ ਮੰਤਰੀ ਦੁਬਾਰਾ ਮਿਲੇਗਾ। ਮੰਤਰੀ ਸੰਜੀਵ ਅਰੋੜਾ ਨੇ ਸੱਚਮੁੱਚ ਉਦਯੋਗਪਤੀਆਂ ਦਾ ਦਿਲ ਜਿੱਤ ਲਿਆ ਹੈ। ਕੱਲ੍ਹ ਇੱਕ ਉਦਯੋਗਪਤੀ ਮੇਰੇ ਕੋਲ ਆਇਆ ਅਤੇ ਉਸ ਨੇ ਕਿਹਾ ਕਿ ਉਹ ਸਮੇਂ ਸੂਬੇ ਦੇ ਵਿਕਾਸ ਵਿੱਚ ਰੁਝੇ ਰਹਿੰਦੇ ਹਨ ਅਤੇ ਕੋਈ ਨਹੀਂ ਜਾਣਦਾ ਕਿ ਉਹ ਕਦੋਂ ਸੌਂਦੇ ਹਨ। ਜਦੋਂ ਅਸੀਂ ਪਹਿਲਾਂ ਵੱਖ-ਵੱਖ ਥਾਵਾਂ 'ਤੇ ਉਦਯੋਗਪਤੀਆਂ ਨਾਲ ਮੀਟਿੰਗਾਂ ਕਰਦੇ ਸੀ, ਤਾਂ ਸਾਨੂੰ ਉਦਯੋਗਪਤੀਆਂ ਅਤੇ ਵਪਾਰੀਆਂ ਤੋਂ ਬਹੁਤ ਸਾਰੀਆਂ ਨਕਾਰਾਤਮਕ ਗੱਲਾਂ ਸੁਣਨੀਆਂ ਪੈਂਦੀਆ ਸਨ। ਲੋਕਾਂ ਨੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਸਰਕਾਰੀ ਦਫਤਰਾਂ ਵਿੱਚ ਵਾਰ-ਵਾਰ ਚੱਕਰ ਲਗਾਉਣ ਬਾਰੇ ਸ਼ਿਕਾਇਤ ਕੀਤੀ। ਉਸ ਸਮੇਂ ਮਾਹੌਲ ਨਕਾਰਾਤਮਕਤਾ ਨਾਲ ਭਰਿਆ ਹੋਇਆ ਸੀ। ਪਰ ਕੱਲ੍ਹ ਰਾਤ ਉਦਯੋਗਪਤੀਆਂ ਨਾਲ ਰਾਤ ਦੇ ਖਾਣੇ ਦੌਰਾਨ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮੈਂ ਮੌਜੂਦ ਸੀ, ਮਾਹੌਲ ਬਹੁਤ ਸਕਾਰਾਤਮਕ ਬਣਿਆ ਹੋਇਆ ਸੀ। ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਅਜਿਹੀ ਸਰਕਾਰ ਨਹੀਂ ਦੇਖੀ ਜੋ ਉਦਯੋਗ ਪ੍ਰਤੀ ਇੰਨੀ ਸਕਾਰਾਤਮਕ ਹੋਵੇ।" 
ਸੂਬੇ ਵਿੱਚ ਹੋਈ ਪ੍ਰਗਤੀ ਬਾਰੇ ਗੱਲ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, "ਕਿਸੇ ਵੀ ਸੂਬੇ ਜਾਂ ਦੇਸ਼ ਦੀ ਪ੍ਰਗਤੀ ਲਈ ਤਿੰਨ ਜਾਂ ਚਾਰ ਸਾਲ ਦਾ ਸਮਾਂ ਬਹੁਤ ਘੱਟ ਹੁੰਦਾ ਹੈ। ਪਰ ਜੇਕਰ ਚਾਰ ਸਾਲਾਂ ਵਿੱਚ ਅਸੀਂ ਹਵਾ ਦੀ ਦਿਸ਼ਾ ਬਦਲਣ ਅਤੇ ਪੰਜਾਬ ਬਾਰੇ ਨਵੀਂ ਊਰਜਾ ਅਤੇ ਸਕਾਰਾਤਮਕਤਾ ਲਿਆਉਣ ਵਿੱਚ ਕਾਮਯਾਬ ਹੋ ਗਏ ਹਾਂ ਤਾਂ ਮੇਰਾ ਮੰਨਣਾ ਹੈ ਕਿ ਇਹ ਪੰਜਾਬ ਸਰਕਾਰ ਦੀ ਇੱਕ ਵੱਡੀ ਪ੍ਰਾਪਤੀ ਹੈ।"
--------------

Arvind-Kejriwal-s-Guarantee-To-Industry



TOP HEADLINES


*ਉਦਯੋਗ ਦੇ ਆਲਮੀ ਦਿੱਗਜ਼ਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ
*ਪੰਜਾਬ ਸਰਕਾਰ ਦੇ ਮਹਿਲਾ ਵਿੱਤੀ ਸਹਾਇਤਾ ਐਲਾਨ ਨਾਲ ਖੁਸ਼ੀ ਦੀ ਲ
*ਅਰਵਿੰਦ ਕੇਜਰੀਵਾਲ ਦੀ ਉਦਯੋਗ ਨੂੰ ਗਾਰੰਟੀ, ਚੀਨ ਨਾਲ ਮੁਕਾਬਲਾ
ਨਿਵੇਸ਼ ਸੰਮੇਲਨ ਦੌਰਾਨ ਮਾਰਕਫੈੱਡ ਦੇ ਉਤਪਾਦਾਂ ਵਿੱਚ ਲੋਕਾਂ ਨੇ
*delegates Showed Keen Interest In Markfed Products Du
ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਕਾਰਵਾ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਪਾਇਲ ਹਲਕੇ ਦ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ
ਐਡਵੋਕੇਟ ਧਾਮੀ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਵੀ ਸ਼੍ਰੋਮਣੀ
*ਪੰਜਾਬ ਵਿਧਾਨ ਸਭਾ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ
*ਪੰਜਾਬ ਸਰਕਾਰ ਐਲਪੀਜੀ ਸੰਕਟ ਨੂੰ ਲੈ ਕੇ ਪੂਰੀ ਤਰ੍ਹਾਂ ਸੁਚੇਤ:
*ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਪੰਜਾਬ ਪੁਲਿਸ ਨੇ ਮੱਧ ਏਸ਼ੀਆ
ਇਨਫੋਸਿਸ ਮੁਹਾਲੀ ਵਿੱਚ 2700 ਨੌਜਵਾਨਾਂ ਨੂੰ ਸਿੱਧਾ ਰੋਜ਼ਗਾਰ ਅਤੇ
*ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਨੇ ਮੰਡੋਲੀ ਦੇ
ਪੰਜਾਬ ਸਰਕਾਰ ਸੂਬੇ ਅੰਦਰ ਰਸੋਈ ਗੈਸ ਦੀ ਸਥਿਤੀ ਸਪਸਟ ਕਰੇ: ਵੜਿੰ
*ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਵਿਆਪਕ ਸੰਭਾਵਨਾਵਾਂ
ਪਿਛਲੀਆਂ ਸਰਕਾਰਾਂ ਨੇ ਦਹਾਕੇ ਤੋਂ ਵੱਧ ਸਮੇਂ ਤੱਕ ਨੌਜਵਾਨਾਂ ਨੂ
ਕਤਲ ਕਰਨ ਦੀ ਸਾਜ਼ਿਸ਼ ਕਰਨ ਵਾਲੇ ਪਿਸਤੌਲ ਸਮੇਤ ਤਿੰਨ ਦੋਸ਼ੀ ਗ੍ਰ
*ਭਗਵੰਤ ਮਾਨ ਸਰਕਾਰ ਵੱਲੋਂ ਜਨਤਕ ਸਿਹਤ ਸੰਭਾਲ ਪ੍ਰਣਾਲੀ ਨੂੰ ਹੋਰ
Live : ਇਨਫੋਸਿਸ ਲਿਮਿਟਿਡ ਦਾ ਨੀਂਹ ਪੱਥਰ ਰੱਖਣ ਮੌਕੇ Cm ਭਗਵੰ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49442908

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us