ਸਾਊਂਡ ਪ੍ਰਦੂਸ਼ਣ ਖ਼ਿਲਾਫ਼ ਖੰਨਾ ਪੁਲਿਸ ਦਾ ਵੱਡਾ ਐਕਸ਼ਨ ਸੈਂਕੜੇ ਪ੍ਰੈਸ਼ਰ ਹਾਰਨ ਉਤਾਰ ਕੇ ਮੌਕੇ ’ਤੇ ਹੀ ਕੀਤੇ ਨਸ਼ਟ
Sep30,2026
| Ravinder Singh Dhillon | Khanna
ਸੜਕਾਂ ’ਤੇ ਵੱਧ ਰਹੇ ਸਾਊਂਡ ਪ੍ਰਦੂਸ਼ਣ ਅਤੇ ਬੇਲੋੜੇ ਸ਼ੋਰ-ਸ਼ਰਾਬੇ ਨੂੰ ਠੱਲ੍ਹ ਪਾਉਣ ਲਈ ਖੰਨਾ ਪੁਲਿਸ ਦੇ ਮੁਖੀ ਡਾਕਟਰ ਦਰਪਨ ਆਲੂਵਾਲੀਆ ਆਈਪੀਐਸ ਐਸਐਸਪੀ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਵੱਡੀ ਪਹਿਲਕਦਮੀ ਕੀਤੀ ਹੈ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਪੁਲਿਸ ਨੇ ਵਿਸ਼ੇਸ਼ ਮੁਹਿੰਮ ਚਲਾਈ, ਜਿਸ ਤਹਿਤ ਬੱਸਾਂ, ਟਰੱਕਾਂ ਅਤੇ ਹੋਰ ਵਪਾਰਕ ਵਾਹਨਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਲਗਾਏ ਗਏ ਪ੍ਰੈਸ਼ਰ ਹਾਰਨ ਉਤਾਰੇ ਗਏ ਅਤੇ ਉਨ੍ਹਾਂ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਖੰਨਾ ਟ੍ਰੈਫਿਕ ਪੁਲਿਸ ਦੀਆਂ ਟੀਮਾਂ ਵੱਲੋਂ ਸ਼ਹਿਰ ਦੇ ਮੁੱਖ ਚੌਕਾਂ ਅਤੇ ਜੀ.ਟੀ. ਰੋਡ ’ਤੇ ਵਿਸ਼ੇਸ਼ ਨਾਕੇਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਜਿਨ੍ਹਾਂ ਵਾਹਨਾਂ ’ਤੇ ਕੰਨ ਪਾੜਵੇਂ ਪ੍ਰੈਸ਼ਰ ਹਾਰਨ ਲੱਗੇ ਪਾਏ ਗਏ, ਉਨ੍ਹਾਂ ਨੂੰ ਮੌਕੇ ’ਤੇ ਹੀ ਖੋਲ੍ਹ ਲਿਆ ਗਿਆ। ਪੁਲਿਸ ਨੇ ਇਨ੍ਹਾਂ ਹਾਰਨਾਂ ਨੂੰ ਦੁਬਾਰਾ ਵਰਤੋਂ ਵਿੱਚ ਆਉਣ ਤੋਂ ਰੋਕਣ ਲਈ ਮੌਕੇ ’ਤੇ ਹੀ ਭੰਨ-ਤੋੜ ਕੇ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ। ਇਸ ਦੇ ਨਾਲ ਹੀ ਨਿਯਮ ਤੋੜਨ ਵਾਲੇ ਵਾਹਨ ਚਾਲਕਾਂ ਦੇ ਮੋਟੇ ਚਲਾਨ ਵੀ ਕੱਟੇ ਗਏ।
ਇਸ ਮੌਕੇ ਹਰਪਿੰਦਰ ਕੌਰ SP ਨੇ ਦੱਸਿਆ ਕਿ ਤੇਜ਼ ਆਵਾਜ਼ ਵਾਲੇ ਪ੍ਰੈਸ਼ਰ ਹਾਰਨ ਕਾਰਨ ਸੜਕ ’ਤੇ ਚੱਲਣ ਵਾਲੇ ਬਜ਼ੁਰਗਾਂ, ਮਰੀਜ਼ਾਂ, ਬੱਚਿਆਂ ਅਤੇ ਦੋਪਹੀਆ ਵਾਹਨ ਚਾਲਕਾਂ ਦਾ ਧਿਆਨ ਭਟਕਦਾ ਹੈ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਵੀ ਵਧਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਪ੍ਰੈਸ਼ਰ ਹਾਰਨ ਵੇਚਣ ਜਾਂ ਲਗਾਉਣ ਵਾਲੇ ਮਕੈਨਿਕਾਂ ਤੇ ਦੁਕਾਨਦਾਰਾਂ ’ਤੇ ਵੀ ਨਜ਼ਰ ਰੱਖੀ ਜਾਵੇਗੀ। ਖੰਨਾ ਪੁਲਿਸ ਦੇ ਇਸ ਕਦਮ ਦਾ ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਭਰਵਾਂ ਸਵਾਗਤ ਕੀਤਾ ਹੈ।
-khannapolice-soundpollution-pressurehorn-trafficpolice-punjabnews