ਲੁਧਿਆਣਾ: ਦੇਰ ਰਾਤ ਵੇਰਕਾ ਮਿਲਕ ਪਲਾਂਟ ਦੇ ਅੰਦਰ ਸਟੀਮਰ ਪਲਾਂਟ 'ਚ ਹੋਏ ਧਮਾਕੇ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਸੂਤਰਾਂ ਮੁਤਾਬਕ, ਇਸ ਧਮਾਕੇ 'ਚ 5ਵਿਅਕਤੀ ਗੰਭੀਰ ਰੂਪ ਵਿੱਚ ਝੁਲਸ ਗਏ, ਜਦਕਿ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ, ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਟੀਮਰ ਪਲਾਂਟ ਦੇ ਅੰਦਰ ਪ੍ਰੈਸ਼ਰ ਅਚਾਨਕ ਵਧ ਗਿਆ ਅਤੇ ਭਿਆਨਕ ਧਮਾਕਾ ਹੋ ਗਿਆ। ਧਮਾਕੇ ਦੀ ਆਵਾਜ਼ ਇਤਨੀ ਤੇਜ਼ ਸੀ ਕਿ ਪਲਾਂਟ ਦੇ ਅੰਦਰ ਕੰਮ ਕਰ ਰਹੇ ਹੋਰ ਕਰਮਚਾਰੀ ਵੀ ਘਬਰਾਹਟ ਵਿੱਚ ਆ ਗਏ ਅਤੇ ਤੁਰੰਤ ਬਾਹਰ ਦੌੜੇ।
ਧਮਾਕੇ ਦੀ ਸੂਚਨਾ ਮਿਲਦੇ ਹੀ ਫੈਕਟਰੀ ਇਲਾਕੇ ਵਿੱਚ ਰੈਸਕਿਊ ਟੀਮਾਂ ਅਤੇ ਪੁਲਿਸ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਅਧਿਕਾਰੀਆਂ ਵੱਲੋਂ ਜ਼ਖ਼ਮੀਆਂ ਨੂੰ ਹਸਪਤਾਲ ਭੇਜਣ ਤੋਂ ਬਾਅਦ ਪਲਾਂਟ ਦੇ ਆਸ-ਪਾਸ ਸੁਰੱਖਿਆ ਘੇਰਾ ਬਣਾਇਆ ਗਿਆ।
ਇਸ ਮਾਮਲੇ 'ਚ ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀਆਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ। ਦੂਜੇ ਪਾਸੇ, ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਤਕਨੀਕੀ ਟੀਮ ਨੂੰ ਵੀ ਬਲਾਸਟ ਦੇ ਕਾਰਣ ਦੀ ਜਾਂਚ ਲਈ ਸੱਦਿਆ ਗਿਆ ਹੈ।
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਫਵਾਹਾਂ ਤੋਂ ਬਚਣ ਅਤੇ ਅਧਿਕਾਰਿਕ ਜਾਣਕਾਰੀ ਦਾ ਇੰਤਜ਼ਾਰ ਕਰਨ।