ਪਟਿਆਲਾ ਰੇਂਜ ਅਧੀਨ ਆਉਂਦੇ ਚਾਰ ਜ਼ਿਲ੍ਹਿਆਂ ਦੇ 727 ਪੁਲਿਸ ਕਰਮਚਾਰੀਆਂ ਨੂੰ ਕੀਤਾ ਪਦਉੱਨਤ
ਸੰਗਰੂਰ,3 ਫਰਵਰੀ (ਜਗਸੀਰ ਸਿੰਘ)- ਪਟਿਆਲਾ ਰੇਂਜ ਪਟਿਆਲਾ ਦੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਸ. ਮਨਦੀਪ ਸਿੰਘ ਸਿੱਧੂ (ਆਈ.ਪੀ.ਐਸ) ਵੱਲੋਂ ਬਸੰਤ ਪੰਚਮੀ ਦੇ ਪਵਿੱਤਰ ਦਿਹਾੜੇ 'ਤੇ ਪਟਿਆਲਾ ਰੇਂਜ ਅਧੀਨ ਆਉਂਦੇ ਚਾਰ ਜ਼ਿਲ੍ਹਿਆਂ ਦੇ 727 ਪੁਲਿਸ ਕਰਮਚਾਰੀਆਂ ਨੂੰ ਪਦਉਨਤ ਕਰਕੇ ਵੱਡਾ ਤੋਹਫਾ ਦਿੱਤਾ ਗਿਆ ਹੈ। ਪਦਉੱਨਤ ਹੋਏ ਇਨ੍ਹਾਂ ਪੁਲਿਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਬਾਰਕਬਾਦ ਭੇਟ ਕਰਦਿਆਂ ਡੀ.ਆਈ.ਜੀ ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਹ ਕਰਮਚਾਰੀ ਪਹਿਲਾਂ ਨਾਲੋਂ ਵੀ ਵਧੇਰੇ ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਆਪਣੀ ਡਿਊਟੀ ਨੂੰ ਨਿਭਾਉਂਦੇ ਹੋਏ ਲੋਕ ਹਿੱਤ ਵਿੱਚ ਕੰਮ ਕਰਨਗੇ। ਉਹਨਾਂ ਨੇ ਦੱਸਿਆ ਕਿ ਪਦਉਨਤ ਕੀਤੇ ਗਏ ਪੁਲਿਸ ਕਰਮਚਾਰੀਆਂ ਵਿੱਚ 23 ਸਹਾਇਕ ਥਾਣੇਦਾਰਾਂ ਨੂੰ ਤਰੱਕੀ ਦੇ ਕੇ ਸਬ ਇੰਸਪੈਕਟਰ, 132 ਹੌਲਦਾਰਾਂ ਨੂੰ ਸਹਾਇਕ ਥਾਣੇਦਾਰ ਅਤੇ 572 ਸਿਪਾਹੀਆਂ ਨੂੰ ਹੌਲਦਾਰ ਬਣਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਡੀ.ਆਈ.ਜੀ ਸ. ਮਨਦੀਪ ਸਿੰਘ ਸਿੱਧੂ ਵੱਲੋਂ ਨਵੇਂ ਸਾਲ ਦੇ ਮੌਕੇ 'ਤੇ ਪਟਿਆਲਾ ਰੇਂਜ ਅਧੀਨ ਆਉਂਦੇ ਜ਼ਿਲ੍ਹਾ ਸੰਗਰੂਰ ਦੇ 18, ਜ਼ਿਲ੍ਹਾ ਪਟਿਆਲਾ ਦੇ 73, ਜ਼ਿਲ੍ਹਾ ਬਰਨਾਲਾ ਦੇ 10, ਜ਼ਿਲ੍ਹਾ ਮਲੇਰਕੋਟਲਾ ਦੇ 6 ਅਤੇ ਜੀ.ਆਰ.ਪੀ ਦੇ 19 ਸਿਪਾਹੀਆਂ ਨੂੰ ਹੌਲਦਾਰ (ਕੁੱਲ 126) ਵਜੋਂ ਪਦਉਨਤ ਕੀਤਾ ਗਿਆ ਸੀ।