*ਕਮਲਜੀਤ ਕੜਵਲ ਦੀ ਅਗਵਾਈ ਹੇਠ ਵਾਰਡ ਨੰਬਰ 44 ਤੀਜੇ ਦਿਨ ‘ਜਵਾਨੀ ਸੰਭਾਲ’ ਸਾਈਕਲ ਯਾਤਰਾ ਨੂੰ ਮਿਲਿਆ ਭਰਵਾਂ ਹੁੰਗਾਰਾ*
Nov27,2026
| Jagrati Lahar Bureau | Ludhiana
*ਨਸ਼ਾ ਖ਼ਤਮ ਕਰਨ ਦੇ ਦਾਅਵੇ ਕਰਨ ਵਾਲੀ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਤੋਂ ਪੰਜਾਬ ਵਾਸੀ ਨਿਰਾਸ਼: ਕੜਵਲ*
ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਅਤੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦੇ ਮਕਸਦ ਨਾਲ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਕਾਂਗਰਸ ਇੰਚਾਰਜ ਕਮਲਜੀਤ ਸਿੰਘ ਕੜਵਲ ਵੱਲੋਂ ਸ਼ੁਰੂ ਕੀਤੀ ਗਈ ‘ਜਵਾਨੀ ਸੰਭਾਲ’ ਸਾਈਕਲ ਯਾਤਰਾ ਦੇ ਤੀਜੇ ਦਿਨ ਅੱਜ ਵਾਰਡ ਨੰਬਰ 44 ਦੇ ਭਗਵਾਨ ਚੌਂਕ ਤੋਂ ਸ਼ੁਰੂਆਤ ਹੋਈ। ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ, ਜਦਕਿ ਇਲਾਕਾ ਨਿਵਾਸੀਆਂ ਵੱਲੋਂ ਯਾਤਰਾ ਦਾ ਥਾਂ-ਥਾਂ ’ਤੇ ਜੋਸ਼ ਨਾਲ ਸਵਾਗਤ ਕੀਤਾ ਗਿਆ।
ਇਸ ਮੌਕੇ ਕਮਲਜੀਤ ਸਿੰਘ ਕੜਵਲ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਲਈ ਸ਼ੁਰੂ ਕੀਤੀ ਗਈ ਇਹ ਮੁਹਿੰਮ ਲੋਕਾਂ ਦੀ ਮੁਹਿੰਮ ਬਣਦੀ ਜਾ ਰਹੀ ਹੈ। ਹਲਕਾ ਆਤਮ ਨਗਰ ਦੇ ਲੋਕਾਂ ਵੱਲੋਂ ਮਿਲ ਰਹੇ ਸਮਰਥਨ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਵਾਸੀ ਨਸ਼ਿਆਂ ਦੇ ਖ਼ਿਲਾਫ਼ ਇੱਕਜੁੱਟ ਹੋ ਕੇ ਖੜ੍ਹੇ ਹਨ।
ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕੜਵਲ ਨੇ ਕਿਹਾ ਕਿ ਨਸ਼ਾ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਸਰਕਾਰ ਦੀ ਅਸਲੀਅਤ ਪੰਜਾਬ ਦੇ ਲੋਕਾਂ ਤੋਂ ਲੁਕੀ ਹੋਈ ਨਹੀਂ ਹੈ। ਸਿਰਫ਼ ਬਿਆਨਾਂ, ਵਾਅਦਿਆਂ ਅਤੇ ਲਾਰਿਆਂ ਨਾਲ ਨਸ਼ਿਆਂ ਦਾ ਖਾਤਮਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਦੇ ਰੂਪੀ ਦੈਂਤ ਤੋਂ ਮੁਕਤ ਕਰਨ ਲਈ ਸਰਕਾਰ ਨੂੰ ਜਵਾਬਦੇਹ ਬਣਾਉਣਾ ਅਤੇ ਝੂਠੇ ਵਾਅਦਿਆਂ ਵਾਲੀ ‘ਆਪ’ ਸਰਕਾਰ ਨੂੰ ਸੱਤਾ ਤੋਂ ਹਟਾਉਣਾ ਜ਼ਰੂਰੀ ਹੈ।
ਕੜਵਲ ਨੇ ਹਲਕਾ ਆਤਮ ਨਗਰ ਦੇ ਲੋਕਾਂ ਅਤੇ ਕਾਂਗਰਸੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਮਿਲ ਰਹੇ ਪਿਆਰ, ਸਹਿਯੋਗ ਅਤੇ ਸਮਰਥਨ ਨਾਲ ਹੀ ਇਹ ਮੁਹਿੰਮ ਲਗਾਤਾਰ ਅੱਗੇ ਵਧ ਰਹੀ ਹੈ।
ਇਸ ਮੌਕੇ ਹਲਕਾ ਦੱਖਣੀ ਤੋਂ ਕਾਂਗਰਸ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ, ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਗੋਪੀ, ਸੰਨੀ ਦੁਰਗਾ, ਹੈਪੀ ਗਿੱਲ, ਰਣਦੀਪ ਕੌਰ ਟੌਹੜਾ, ਨਰੇਸ਼ ਸ਼ਰਮਾ, ਪਰਮਿੰਦਰ ਸਿੰਘ ਰਿੰਕੂ, ਸਰਬਜੀਤ ਸਿੰਘ ਕੋਛੜ, ਜਸਵਿੰਦਰ ਸਿੰਘ ਰਾਜਾ, ਲਖਬਿੰਦਰ ਸਿੰਘ ਲਾਲੀ, ਗਗਨਦੀਪ ਸ਼ਰਮਾ, ਬੌਬੀ ਚੋਪੜਾ, ਅਮਿਤ ਭੋਲਾ, ਸੁਭਾਸ਼ ਕੁਮਾਰ, ਸੋਨੂੰ ਚੋਪੜਾ, ਨਯਨ ਚੋਪੜਾ ਅਤੇ ਦੀਪਿਸ਼ ਚੋਪੜਾ ਆਦਿ ਹਾਜ਼ਰ ਸਨ।
-kamaljitsinghkarwal-jawanisambhalyatra-ludhiananews-drugawareness-punjabcongress