ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ 27 ਨਵੰਬਰ ਨੂੰ ਪੱਲਣਪੁਰ ਵਿਖੇ ਪੰਜਾਬ ਘੋੜਸਵਾਰੀ ਉਤਸਵ 3.0 ਦਾ ਕਰਨਗੇ ਉਦਘਾਟਨ
Nov26,2026
| Gurvinder Singh Mohali | Mohali
ਡਿਪਟੀ ਕਮਿਸ਼ਨਰ ਅਦਿੱਤਿਆ ਡਚਲਵਾਲ ਵੱਲੋਂ ਤਿੰਨ ਰੋਜ਼ਾ ਖੇਡ ਮੇਲੇ ਦੀਆਂ ਅੰਤਿਮ ਤਿਆਰੀਆਂ ਦਾ ਜਾਇਜ਼ਾ
ਮੋਹਾਲੀ, 26 ਨਵੰਬਰ
ਗੁਰਵਿੰਦਰ ਸਿੰਘ
ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ 27 ਨਵੰਬਰ ਨੂੰ ਪੱਲਣਪੁਰ, ਨਿਊ ਚੰਡੀਗੜ੍ਹ ਵਿਖੇ ਪੰਜਾਬ ਘੋੜਸਵਾਰੀ ਉਤਸਵ 3.0 ਦਾ ਉਦਘਾਟਨ ਕਰਨਗੇ। ਜ਼ਿਲ੍ਹਾ ਪ੍ਰਸ਼ਾਸਨ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਪੰਜਾਬ ਸੈਰ-ਸਪਾਟਾ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਇਹ ਤਿੰਨ ਰੋਜ਼ਾ ਮੇਲਾ 27 ਤੋਂ 29 ਨਵੰਬਰ ਤੱਕ ਕਰਵਾਇਆ ਜਾਵੇਗਾ। ਇਸ ਮੇਲੇ ਰਾਹੀਂ ਘੋੜਸਵਾਰੀ ਖੇਡਾਂ, ਪੰਜਾਬ ਦੇ ਸੱਭਿਆਚਾਰ ਅਤੇ ਵਿਰਾਸਤ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੇਲੇ ਵਿੱਚ ਸ਼ਾਮਲ ਹੋਣ ਵਾਲੇ ਘੋੜਸਵਾਰਾਂ, ਦਰਸ਼ਕਾਂ ਅਤੇ ਹੋਰ ਮਹਿਮਾਨਾਂ ਦੀ ਸਹੂਲਤ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਸਮਾਗਮ ਸੁਰੱਖਿਅਤ ਅਤੇ ਸੁਚੱਜੇ ਢੰਗ ਨਾਲ ਨੇਪਰੇ ਚੜ੍ਹ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ, ਸਹਾਇਕ ਕਮਿਸ਼ਨਰ (ਜਨਰਲ) ਡਾ. ਅੰਕਿਤਾ ਕਾਂਸਲ, ਉਪ ਮੰਡਲ ਮੈਜਿਸਟ੍ਰੇਟ ਖਰੜ ਗੁਰਮੀਤ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਪਰਮਬੀਰ ਕੌਰ, ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ ਅਤੇ ਸਲਾਹਕਾਰ ਦੀਪਇੰਦਰ ਸਿੰਘ ਬਰਾੜ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਤਿੰਨ ਦਿਨਾਂ ਦੌਰਾਨ ਹੋਣਗੇ ਘੋੜਸਵਾਰੀ ਦੇ ਦਿਲਚਸਪ ਮੁਕਾਬਲੇ
ਪਹਿਲਾ ਦਿਨ – ਸ਼ੁੱਕਰਵਾਰ, 27 ਨਵੰਬਰ: ਮੁਕਾਬਲਿਆਂ ਦੀ ਸ਼ੁਰੂਆਤ ਸਵੇਰੇ 7 ਵਜੇ ਟੈਂਟ ਪੈਗਿੰਗ ਦੇ ਲਾਂਸ ਵਿਅਕਤੀਗਤ ਅਤੇ ਰਿੰਗ ਐਂਡ ਪੈਗ ਮੁਕਾਬਲਿਆਂ ਨਾਲ ਹੋਵੇਗੀ। ਇਸ ਤੋਂ ਬਾਅਦ ਸ਼ੋਅ ਜੰਪਿੰਗ, ਡਰੈਸਾਜ਼ ਅਤੇ ਟੀਮ ਲਾਂਸ ਦੇ ਮੁਕਾਬਲੇ ਮੁੱਖ ਮੈਦਾਨ, ਡਰੈਸਾਜ਼ ਮੈਦਾਨਾਂ ਅਤੇ ਟੈਂਟ ਪੈਗਿੰਗ ਮੈਦਾਨ ਵਿੱਚ ਕਰਵਾਏ ਜਾਣਗੇ। ਇਸੇ ਦਿਨ ਮੁੱਖ ਮਹਿਮਾਨ ਵੱਲੋਂ ਮੇਲੇ ਦਾ ਉਦਘਾਟਨ ਵੀ ਕੀਤਾ ਜਾਵੇਗਾ।
ਦੂਜਾ ਦਿਨ – ਸ਼ਨੀਵਾਰ, 28 ਨਵੰਬਰ: ਦੁਪਹਿਰ 12 ਵਜੇ ਬੱਚਿਆਂ ਦੀ ਜਿਮਖਾਨਾ ਗਤੀਵਿਧੀ, ਬਾਅਦ ਦੁਪਹਿਰ 3 ਵਜੇ ਘੋੜਿਆਂ ਦੀ ਪਰੇਡ ਅਤੇ ਸ਼ਾਮ 4 ਵਜੇ ਸਿਕਸ ਬਾਰ ਸ਼ੋਅ ਜੰਪਿੰਗ ਮੁਕਾਬਲਾ ਖਿੱਚ ਦਾ ਕੇਂਦਰ ਹੋਣਗੇ। ਇਸ ਤੋਂ ਇਲਾਵਾ ਹੋਰ ਘੋੜਸਵਾਰੀ ਮੁਕਾਬਲੇ ਵੀ ਕਰਵਾਏ ਜਾਣਗੇ।
ਤੀਜਾ ਦਿਨ – ਐਤਵਾਰ, 29 ਨਵੰਬਰ: ਆਖਰੀ ਦਿਨ ਟੀਮ ਸਵੋਰਡ ਟੈਂਟ ਪੈਗਿੰਗ, ਲੇਡੀਜ਼ ਹੈਕਸ ਅਤੇ ਬਾਅਦ ਦੁਪਹਿਰ 3:30 ਵਜੇ ਸ਼ੋਅ ਜੰਪਿੰਗ ਡਰਬੀ ਮੁਕਾਬਲਾ ਕਰਵਾਇਆ ਜਾਵੇਗਾ। ਸ਼ਾਮ 5 ਵਜੇ ਇਨਾਮ ਵੰਡ ਸਮਾਰੋਹ, ਐਕਸੀਲੈਂਸ ਐਵਾਰਡ ਅਤੇ ਸਮਾਪਤੀ ਸਮਾਰੋਹ ਨਾਲ ਮੇਲੇ ਦੀ ਸਮਾਪਤੀ ਹੋਵੇਗੀ।
-punjabequestrianfestival-punjabtourism-gurmeetsinghkhudian-newchandigarh-mohalinews