ਵਿਧਾਇਕ ਬੱਗਾ ਨੇ ਦੂਜੀ ਵਾਰ ਟਿਕਟ ਮਿਲਣ ’ਤੇ ਕੱਢੀ ਸ਼ੁਕਰਾਨਾ ਯਾਤਰਾ
Nov1,2026
| Shiv Punjabi | Ludhiana
**ਸ਼ੁਕਰਾਨਾ ਯਾਤਰਾ ਦੇ ਰਸਤੇ ’ਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਥਾਨਕ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਕੀਤਾ ਸਵਾਗਤ
**ਲੁਧਿਆਣਾ। ਵਿਧਾਨ ਸਭਾ ਹਲਕਾ ਉੱਤਰੀ ਤੋਂ ਦੂਜੀ ਵਾਰ ਵਿਧਾਇਕ ਦੀ ਟਿਕਟ ਮਿਲਣ ’ਤੇ ਚੌਧਰੀ ਮਦਨ ਲਾਲ ਬੱਗਾ ਨੇ ਐਤਵਾਰ ਨੂੰ ਸ਼ੁਕਰਾਨਾ ਯਾਤਰਾ ਕੱਢ ਕੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਥਾਨਕ ਲੋਕਾਂ ਨਾਲ ਜਨਸੰਪਰਕ ਕਰਦਿਆਂ ਸਮਰਥਨ ਦੀ ਅਪੀਲ ਵੀ ਕੀਤੀ।
ਸ਼ੁਕਰਾਨਾ ਯਾਤਰਾ ਪੁਰਾਣੀ ਜੀਟੀ ਰੋਡ ਸਥਿਤ ਸੀਨੀਅਰ ਸਿਟੀਜ਼ਨ ਹੋਮ ਤੋਂ ਸ਼ੁਰੂ ਹੋਈ। ਇਹ ਯਾਤਰਾ ਸਲੇਮ ਟਾਬਰੀ ਤੋਂ ਹੁੰਦੀ ਹੋਈ ਚਾਂਦਨੀ ਚੌਕ ਪਹੁੰਚੀ, ਜਿੱਥੇ ਇਹ ਰੈਲੀ ਵਿੱਚ ਤਬਦੀਲ ਹੋ ਗਈ। ਯਾਤਰਾ ਦੇ ਰਸਤੇ ਵਿੱਚ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਧਾਇਕ ਬੱਗਾ ਦਾ ਸਵਾਗਤ ਕੀਤਾ। ਕਈ ਥਾਵਾਂ ’ਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਫੁੱਲਾਂ ਦੇ ਹਾਰ ਤੇ ਸਿਰੋਪਾਓ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ।
ਇਸ ਮੌਕੇ ਵਿਧਾਇਕ ਬੱਗਾ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ, ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੀ ਸੂਬਾਈ ਤੇ ਕੇਂਦਰੀ ਲੀਡਰਸ਼ਿਪ ਦਾ ਦੂਜੀ ਵਾਰ ਭਰੋਸਾ ਜਤਾਉਣ ਲਈ ਧੰਨਵਾਦ ਕੀਤਾ।
ਉਨ੍ਹਾਂ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਕਿਹਾ ਕਿ ਹਲਕਾ ਉੱਤਰੀ ਦੇ ਲੋਕਾਂ ਵੱਲੋਂ ਮਿਲੇ ਭਰਪੂਰ ਪਿਆਰ ਅਤੇ ਸਮਰਥਨ ਲਈ ਉਹ ਸ਼ਬਦਾਂ ਵਿੱਚ ਧੰਨਵਾਦ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਪਿਛਲੇ ਕਾਰਜਕਾਲ ਦੌਰਾਨ ਜਿਹੜੇ ਵਿਕਾਸ ਕਾਰਜ ਅਧੂਰੇ ਰਹਿ ਗਏ ਸਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ
ਵਿਧਾਇਕ ਬੱਗਾ ਨੇ ਕਿਹਾ ਕਿ ਸੜਕਾਂ, ਸੀਵਰੇਜ, ਪੀਣ ਵਾਲੇ ਪਾਣੀ ਅਤੇ ਸਟਰੀਟ ਲਾਈਟਾਂ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਰਹੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਲੋਕਾਂ ਦੇ ਵਿਚਕਾਰ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਦੇ ਅਤੇ ਹੱਲ ਕਰਦੇ ਰਹਿਣਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸਮੂਹ ਕੌਂਸਲਰਾਂ ਤੋਂ ਇਲਾਵਾ ਸੂਬਾ, ਜ਼ਿਲ੍ਹਾ, ਬਲਾਕ, ਵਾਰਡ ਅਤੇ ਬੂਥ ਪੱਧਰ ਦੇ ਅਹੁਦੇਦਾਰਾਂ ਸਮੇਤ ਪਾਰਟੀ ਦੇ ਵੱਖ-ਵੱਖ ਫਰੰਟਲ ਸੰਗਠਨਾਂ, ਮਹਿਲਾ ਵਿੰਗ ਅਤੇ ਯੂਥ ਵਿੰਗ ਦੇ ਅਹੁਦੇਦਾਰ ਵੀ ਮੌਜੂਦ ਸਨ।
Madan-Lal-Bagga-Mla-Ludhiana-North-