ਕੇਜਰੀਵਾਲ ਨੇ ਗੋਆ ਵਿੱਚ ਆਮ ਆਦਮੀ ਪਾਰਟੀ ਅਤੇ ਗੋਆ ਫਾਰਵਰਡ ਪਾਰਟੀ ਵਿਚਾਲੇ ਗਠਜੋੜ ਦਾ ਕੀਤਾ ਐਲਾਨ
Sep13,2026
| Jagrati Lahar Bureau | New Delhi/goa
ਸਾਡਾ ਗਠਜੋੜ ਨੂੰ ‘‘ਗੋਆ ਫਰਸਟ’’ ਕਿਹਾ ਜਾਵੇਗਾ, ਜੋ ਭਾਜਪਾ-ਕਾਂਗਰਸ ਦਾ ਮਜ਼ਬੂਤ ਵਿਕਲਪ ਬਣੇਗਾ- ਕੇਜਰੀਵਾਲ
ਗਣੇਸ਼ ਚਤੁਰਥੀ 'ਤੇ ਅਸੀਂ ਗੋਆ ਦੀ ਰਾਜਨੀਤੀ ਵਿੱਚ ਨਵੀਂ ਸ਼ੁਰੂਆਤ ਕਰ ਰਹੇ ਹਾਂ, ਅਗਲੀ ਸਰਕਾਰ ‘ਗੋਆ ਫਰਸਟ’ ਅਲਾਇੰਸ ਦੀ ਬਣੇਗੀ- ਕੇਜਰੀਵਾਲ
ਤੀਜਾ ਵਿਕਲਪ ਨਾ ਹੋਣ ਕਰਕੇ ਭਾਜਪਾ ਅਤੇ ਕਾਂਗਰਸ ਨੇ ਮਿਲ ਕੇ ਗੋਆ ਨੂੰ ਬਰਬਾਦ ਕਰ ਦਿੱਤਾ- ਕੇਜਰੀਵਾਲ
2017 ਅਤੇ 2022 ਵਿੱਚ ਗੋਆ ਵਿੱਚ ਕਾਂਗਰਸ ਨੇ ਆਪਣੇ ਵਿਧਾਇਕ ਵੇਚ ਕੇ ਭਾਜਪਾ ਦੀ ਸਰਕਾਰ ਬਣਵਾਈ- ਕੇਜਰੀਵਾਲ
ਦੋ ਵਾਰ ਗੋਆ ਵਾਸੀ ਭਾਜਪਾ-ਕਾਂਗਰਸ ਤੋਂ ਧੋਖਾ ਖਾਣ ਤੋਂ ਬਾਅਦ ਤੀਜੀ ਵਾਰ ਧੋਖਾ ਖਾਣ ਦੇ ਮੂਡ ਵਿੱਚ ਨਹੀਂ ਹਨ- ਕੇਜਰੀਵਾਲ
ਕਾਂਗਰਸ-ਭਾਜਪਾ ਤੋਂ ਮਿਲ ਕੇ ਬਣੀ ਮੌਜੂਦਾ ਸਰਕਾਰ ਦੀ ਕੋਈ ਵਿਚਾਰਧਾਰਾ ਨਹੀਂ, ਇਹਨਾਂ ਲਈ ਜੇਬਾਂ ਪਹਿਲਾਂ ਹਨ- ਕੇਜਰੀਵਾਲ
ਨਵੀਂ ਦਿੱਲੀ/ਗੋਆ, 13 ਸਤੰਬਰ
ਕਾਂਗਰਸ ਅਤੇ ਭਾਜਪਾ ਤੋਂ ਵਾਰ-ਵਾਰ ਧੋਖਾ ਖਾ ਰਹੀ ਗੋਆ ਦੀ ਜਨਤਾ ਨੂੰ ਐਤਵਾਰ ਨੂੰ ਇੱਕ ਤੀਜਾ ਮਜ਼ਬੂਤ ਬਦਲ ‘‘ਗੋਆ ਫਰਸਟ’’ ਅਲਾਇੰਸ ਦੇ ਰੂਪ ਵਿੱਚ ਮਿਲ ਗਿਆ। ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੋਆ ਫਾਰਵਰਡ ਪਾਰਟੀ (ਜੀਐੱਫਪੀ) ਦੇ ਮੁਖੀ ਵਿਜੇ ਸਰਦੇਸਾਈ ਦੀ ਮੌਜੂਦਗੀ ਵਿੱਚ ਗੋਆ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗਠਜੋੜ ਦਾ ਵੱਡਾ ਐਲਾਨ ਕੀਤਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘‘ਆਪ’’ ਅਤੇ ਜੀਐੱਫਪੀ ਦਾ ‘ਗੋਆ ਫਰਸਟ’ ਅਲਾਇੰਸ ਗੋਆ ਵਿੱਚ ਭਾਜਪਾ ਅਤੇ ਕਾਂਗਰਸ ਦਾ ਮਜ਼ਬੂਤ ਬਦਲ ਬਣੇਗਾ। ਗਣੇਸ਼ ਚਤੁਰਥੀ 'ਤੇ ਅਸੀਂ ਗੋਆ ਦੀ ਰਾਜਨੀਤੀ ਵਿੱਚ ਇਹ ਨਵੀਂ ਸ਼ੁਰੂਆਤ ਕਰ ਰਹੇ ਹਾਂ। ਗੋਆ ਵਿੱਚ ਅਗਲੀ ਸਰਕਾਰ ‘ਗੋਆ ਫਰਸਟ’ ਅਲਾਇੰਸ ਦੀ ਬਣੇਗੀ। ਤੀਜਾ ਵਿਕਲਪ ਨਾ ਹੋਣ ਕਰਕੇ ਭਾਜਪਾ ਅਤੇ ਕਾਂਗਰਸ ਨੇ ਮਿਲ ਕੇ ਗੋਆ ਨੂੰ ਬਰਬਾਦ ਕਰ ਦਿੱਤਾ। ਦੋ ਵਾਰ ਭਾਜਪਾ ਅਤੇ ਕਾਂਗਰਸ ਤੋਂ ਧੋਖਾ ਖਾ ਚੁੱਕੀ ਗੋਆ ਦੀ ਜਨਤਾ ਤੀਜੀ ਵਾਰ ਧੋਖਾ ਖਾਣ ਦੇ ਮੂਡ ਵਿੱਚ ਨਹੀਂ ਹੈ।
ਐਤਵਾਰ ਨੂੰ ਗੋਆ ਦੇ ਅਬੋਲਿਮ ਹਾਲ ਵਿੱਚ ਗੋਆ ਫਾਰਵਰਡ ਪਾਰਟੀ ਦੇ ਵਿਜੇ ਸਰਦੇਸਾਈ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਿਹਾ ਜਾਂਦਾ ਹੈ ਕਿ ਸ਼ੁਭ ਕੰਮ ਗਣੇਸ਼ ਜੀ ਦਾ ਨਾਂ ਲੈ ਕੇ ਕਰਨਾ ਚਾਹੀਦਾ ਹੈ। ਇਸ ਲਈ ਗਣੇਸ਼ ਚਤੁਰਥੀ ਤੋਂ ਵਧੀਆ ਕੋਈ ਹੋਰ ਮੌਕਾ ਨਹੀਂ ਹੋ ਸਕਦਾ ਸੀ। ਅੱਜ ਅਸੀਂ ਗੋਆ ਵਿੱਚ ਗੋਆ ਫਾਰਵਰਡ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਗਠਜੋੜ ਦਾ ਐਲਾਨ ਕਰ ਰਹੇ ਹਾਂ, ਜਿਸ ਦਾ ਨਾਂ ਗੋਆ ਫਰਸਟ ਅਲਾਇੰਸ ਹੈ। ਇਹ ਗਠਜੋੜ ਬਣਾਉਣ ਦੀ ਲੋੜ ਇਸ ਲਈ ਪਈ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਗੋਆ ਦੇ ਲੋਕ ਦੇਖ ਰਹੇ ਹਨ ਕਿ ਉਨ੍ਹਾਂ ਕੋਲ ਕੋਈ ਬਦਲ ਨਹੀਂ ਹੈ। ਉਹ ਜਾਂ ਤਾਂ ਕਾਂਗਰਸ ਨੂੰ ਵੋਟ ਪਾ ਕੇ ਜਿਤਾਉਂਦੇ ਹਨ ਜਾਂ ਭਾਜਪਾ ਨੂੰ ਵੋਟ ਦਿੰਦੇ ਹਨ ਅਤੇ ਦੋਵਾਂ ਪਾਰਟੀਆਂ ਵਿਚਾਲੇ ਇੱਕ ਗਠਜੋੜ ਚੱਲ ਰਿਹਾ ਹੈ। 2017 ਵਿੱਚ ਲੋਕਾਂ ਨੇ ਭਾਜਪਾ ਤੋਂ ਦੁਖੀ ਹੋ ਕੇ ਕਾਂਗਰਸ ਨੂੰ ਵੋਟ ਦਿੱਤੀ ਅਤੇ ਕਾਂਗਰਸ ਨੇ ਆਪਣੇ ਵਿਧਾਇਕ ਵੇਚ ਕੇ ਭਾਜਪਾ ਦੀ ਸਰਕਾਰ ਬਣਵਾ ਦਿੱਤੀ। 2022 ਵਿੱਚ ਫਿਰ ਤੋਂ ਲੋਕਾਂ ਨੇ ਭਾਜਪਾ ਦੇ ਖ਼ਿਲਾਫ਼ ਵੋਟ ਦਿੱਤੀ, ਪਰ ਫਿਰ ਤੋਂ ਕਾਂਗਰਸ ਨੇ ਭਾਜਪਾ ਨੂੰ ਅੰਕੜੇ ਦਿੱਤੇ ਅਤੇ ਭਾਜਪਾ ਦੀ ਸਰਕਾਰ ਬਣਾ ਦਿੱਤੀ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕ ਦੋ ਵਾਰ ਧੋਖਾ ਖਾ ਚੁੱਕੇ ਹਨ ਅਤੇ ਹੁਣ ਤੀਜੀ ਵਾਰ ਧੋਖਾ ਖਾਣ ਦੇ ਮੂਡ ਵਿੱਚ ਨਹੀਂ ਹਨ। ਲੋਕਾਂ ਨੂੰ ਬਦਲ ਚਾਹੀਦਾ ਹੈ। ਇੱਕ ਪਾਸੇ ਕਾਂਗਰਸ, ਤਾਂ ਦੂਜੇ ਪਾਸੇ ਭਾਜਪਾ ਲੋਕਾਂ ਨੂੰ ਧੋਖਾ ਦੇ ਰਹੀ ਹੈ। ਚੋਣਾਂ ਦੌਰਾਨ ਭਾਜਪਾ ਵਾਲੇ ਕਾਂਗਰਸ ਨੂੰ ਬਹੁਤ ਗਾਲ੍ਹਾਂ ਕੱਢਦੇ ਹਨ ਅਤੇ ਉਸ ਤੋਂ ਬਾਅਦ ਉਨ੍ਹਾਂ ਹੀ ਕਾਂਗਰਸੀਆਂ ਨੂੰ ਨਾਲ ਲੈ ਕੇ ਸਰਕਾਰ ਬਣਾ ਲੈਂਦੇ ਹਨ। ਅੱਜ ਭਾਜਪਾ ਦੀ ਸਰਕਾਰ ਹੈ, ਪਰ ਉਸ ਵਿੱਚ ਅੱਧੇ ਤੋਂ ਵੱਧ ਕਾਂਗਰਸੀ ਹਨ। ਇਹ ਦੋਵੇਂ ਪਾਰਟੀਆਂ ਇੱਕ ਤਰ੍ਹਾਂ ਨਾਲ ਮਿਲ ਕੇ ਧੋਖਾ ਦੇ ਰਹੀਆਂ ਹਨ। ਅੰਦਰਖਾਤੇ ਦੋਵਾਂ ਵਿਚਾਲੇ ਪਿਆਰ-ਮੁਹੱਬਤ, ਸੈਟਿੰਗ ਅਤੇ ਡੀਲ ਹੈ। ਗੋਆ ਦੇ ਲੋਕ ਦੁਖੀ ਹਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਸਰਕਾਰ ਦੀ ਕੋਈ ਵਿਚਾਰਧਾਰਾ ਨਹੀਂ ਹੈ। ਇਹ ਨਾ ਭਾਜਪਾ ਦੀ ਸਰਕਾਰ ਹੈ ਅਤੇ ਨਾ ਕਾਂਗਰਸ ਦੀ ਸਰਕਾਰ ਹੈ। ਇਹ ਕੇਵਲ ਪੈਸੇ ਦੀ ਸਰਕਾਰ ਹੈ ਅਤੇ ਮਾਫੀਆ ਰਾਜ ਹੈ। ਇਹਨਾਂ ਲਈ ਕੇਵਲ ਪਾਕਿਟ ਫਰਸਟ ਹੈ, ਜਦਕਿ ਸਾਡਾ ਅਲਾਇੰਸ ਗੋਆ ਫਰਸਟ ਹੈ। ਅੱਜ ਗੋਆ ਦੇ ਹਰ ਖੇਤਰ ਵਿੱਚ ਮਾਫੀਆ ਰਾਜ ਹੈ, ਬਿਲਡਰ ਅਤੇ ਠੇਕੇਦਾਰ ਗੋਆ 'ਤੇ ਰਾਜ ਕਰ ਰਹੇ ਹਨ। ਅੱਜ ਜੇਕਰ ਕੋਈ ਭਾਜਪਾ ਦੇ ਲੋਕਾਂ ਨਾਲ ਗੱਲ ਕਰੇ, ਤਾਂ ਉਨ੍ਹਾਂ ਨੂੰ ਪੱਕਾ ਪਤਾ ਹੈ ਕਿ ਉਨ੍ਹਾਂ ਦੀ ਸਰਕਾਰ ਨਹੀਂ ਆਉਣ ਵਾਲੀ ਅਤੇ ਉਨ੍ਹਾਂ ਨੂੰ ਬਹੁਮਤ ਨਹੀਂ ਮਿਲਣ ਵਾਲਾ। ਪਰ ਭਾਜਪਾ ਵਾਲੇ ਬੇਸ਼ਰਮੀ ਨਾਲ ਖੁੱਲ੍ਹ ਕੇ ਬੋਲਦੇ ਹਨ ਕਿ ਸਾਡੀਆਂ ਛੇ ਸੀਟਾਂ ਵੀ ਆ ਗਈਆਂ, ਤਾਂ ਵੀ ਸਰਕਾਰ ਤਾਂ ਸਾਡੀ ਹੀ ਬਣੇਗੀ, ਕਿਉਂਕਿ ਕਾਂਗਰਸ ਹੈ ਨਾ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਦੋਵੇਂ ਮਿਲ ਕੇ ਭਾਜਪਾ ਦੀ ਸਰਕਾਰ ਬਣਾਉਣ ਨੂੰ ਲੈ ਕੇ ਬਹੁਤ ਜ਼ਿਆਦਾ ਆਤਮਵਿਸ਼ਵਾਸੀ ਹਨ। ਲੋਕ ਇਸ ਨੂੰ ਬਦਲਣਾ ਚਾਹੁੰਦੇ ਹਨ। ਹੁਣ ਤੱਕ ਭਾਜਪਾ ਅਤੇ ਕਾਂਗਰਸ ਨੂੰ ਛੱਡ ਕੇ ਲੋਕਾਂ ਕੋਲ ਕੋਈ ਬਦਲ ਨਹੀਂ ਸੀ। ਅੱਜ ਪਹਿਲੀ ਵਾਰ ‘‘ਗੋਆ ਫਰਸਟ’’ ਦੇ ਰੂਪ ਵਿੱਚ ਇੱਕ ਮਜ਼ਬੂਤ ਬਦਲ ਆਇਆ ਹੈ, ਜੋ ਇੱਕ ਗੈਰ-ਭਾਜਪਾ ਅਤੇ ਗੈਰ-ਕਾਂਗਰਸ ਗਠਜੋੜ ਹੈ। ਜੋ ਲੋਕ ਭਾਜਪਾ ਨੂੰ ਹਰਾਉਣਾ ਚਾਹੁੰਦੇ ਹਨ ਅਤੇ ਜੋ ਕਾਂਗਰਸ ਦੀ ਚੀਟਿੰਗ ਤੋਂ ਤੰਗ ਆ ਚੁੱਕੇ ਹਨ, ਉਹ ਸਾਰੇ ‘‘ਗੋਆ ਫਰਸਟ’’ ਅਲਾਇੰਸ ਨੂੰ ਵੋਟ ਪਾ ਸਕਦੇ ਹਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਤੈਅ ਹੈ ਕਿ ਭਾਜਪਾ ਨੂੰ ਇਸ ਵਾਰ ਚੋਣਾਂ ਵਿੱਚ ਬਹੁਮਤ ਨਹੀਂ ਮਿਲ ਰਿਹਾ। ਇਹ ਵੀ ਤੈਅ ਹੈ ਕਿ ਕਾਂਗਰਸ ਦੇ ਜਿੰਨੇ ਵਿਧਾਇਕ ਜਿੱਤਣਗੇ, ਉਨ੍ਹਾਂ ਵਿੱਚੋਂ ਜ਼ਿਆਦਾਤਰ ਭਾਜਪਾ ਵਿੱਚ ਚਲੇ ਜਾਣਗੇ ਅਤੇ ਭਾਜਪਾ ਦੀ ਸਰਕਾਰ ਬਣਾਉਣਗੇ। ਇਸੇ ਨੂੰ ਰੋਕਣ ਲਈ ‘‘ਗੋਆ ਫਰਸਟ’’ ਬਣਿਆ ਹੈ। ਇਹ ਕੋਈ ਕਾਗਜ਼ੀ ਅਲਾਇੰਸ ਨਹੀਂ ਹੈ, ਇਹ ਜਿੱਤੇਗਾ ਅਤੇ ਆਪਣੇ ਦਮ 'ਤੇ ‘‘ਗੋਆ ਫਰਸਟ’’ ਦੀ ਪੂਰਨ ਬਹੁਮਤ ਦੀ ਸਰਕਾਰ ਬਣੇਗੀ। ਇਹ ਇੱਕ ਇਮਾਨਦਾਰ ਗਠਜੋੜ ਹੈ ਜੋ ਗੋਆ ਦੇ ਲੋਕਾਂ ਪ੍ਰਤੀ ਵਫ਼ਾਦਾਰ ਰਹੇਗਾ। ਹੁਣ ਤੱਕ ਨਾ ਭਾਜਪਾ ਗੋਆ ਦੇ ਲੋਕਾਂ ਲਈ ਵਫ਼ਾਦਾਰ ਸੀ ਅਤੇ ਨਾ ਹੀ ਕਾਂਗਰਸ ਵਫ਼ਾਦਾਰ ਸੀ।
-arvindkejriwal-goafirstalliance-aamaadmiparty-goaforwardparty-goapolitics