ਪੰਜਾਬ ਨਾਲ ਧੋਖਾ ਕਰਨ ਤੋਂ ਬਾਅਦ ਰਾਘਵ ਚੱਢਾ ਹੁਣ ਸੂਬੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਲੋਕ ਉਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰਨਗੇ: ਕੁਲਦੀਪ ਸਿੰਘ ਧਾਲੀਵਾਲ
Sep10,2026
| Rajender Singh Jadon | Chandigarh
ਭਾਜਪਾ ਅਤੇ ਰਾਘਵ ਚੱਢਾ ਵੋਟਰ ਰਜਿਸਟ੍ਰੇਸ਼ਨ ਮੁੱਦੇ 'ਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ: ਕੁਲਦੀਪ ਸਿੰਘ ਧਾਲੀਵਾਲ
ਰਾਘਵ ਚੱਢਾ ਦੀ ਰਜਿੰਦਰ ਨਗਰ ਵੋਟਰ ਰਜਿਸਟ੍ਰੇਸ਼ਨ ਇੰਨੀ ਜਲਦੀ ਕਿਵੇਂ ਹੋ ਗਈ: ਕੁਲਦੀਪ ਸਿੰਘ ਧਾਲੀਵਾਲ
ਚੋਣ ਕਮਿਸ਼ਨ ਨੂੰ ਜਵਾਬ ਦੇਣਾ ਚਾਹੀਦਾ ਹੈ, ਰਾਘਵ ਚੱਢਾ ਦੇ ਦਿੱਲੀ ਦੇ ਪਤੇ ਦੀ ਤਸਦੀਕ ਕਿਸਨੇ ਕੀਤੀ ਅਤੇ ਉਨ੍ਹਾਂ ਦੀ ਅਰਜ਼ੀ ਦੀ ਪ੍ਰਕਿਰਿਆ ਕਿਸਨੇ ਕੀਤੀ: ਕੁਲਦੀਪ ਸਿੰਘ ਧਾਲੀਵਾਲ
ਆਮ ਲੋਕ ਵੋਟਰ ਰਜਿਸਟ੍ਰੇਸ਼ਨ ਲਈ ਹਫ਼ਤਿਆਂ ਅਤੇ ਮਹੀਨਿਆਂ ਤੱਕ ਇੰਤਜ਼ਾਰ ਕਰਦੇ ਹਨ, ਰਾਘਵ ਚੱਢਾ ਨੂੰ ਕਿਹੜੀ ਵਿਸ਼ੇਸ਼ ਸਹੂਲਤ ਦਿੱਤੀ ਗਈ: ਕੁਲਦੀਪ ਸਿੰਘ ਧਾਲੀਵਾਲ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵੀਰਵਾਰ ਨੂੰ ਮੋਹਾਲੀ ਵਿੱਚ ਰਾਘਵ ਚੱਢਾ ਦੀ ਵੋਟਰ ਸੂਚੀ ਵਿੱਚੋਂ ਨਾਂ ਕੱਟੇ ਜਾਣ ਦੇ ਮੁੱਦੇ 'ਤੇ ਪੰਜਾਬ ਅਤੇ ਭਗਵੰਤ ਮਾਨ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਲਈ ਭਾਜਪਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਤਿੱਖੀ ਆਲੋਚਨਾ ਕੀਤੀ। 'ਆਪ' ਪੰਜਾਬ ਦੇ ਮੁੱਖ ਬੁਲਾਰੇ ਨੇ ਕਿਹਾ ਕਿ ਇਹ ਝੂਠਾ ਬਿਆਨ ਫੈਲਾਉਣ ਲਈ ਇਸ ਮੁੱਦੇ ਨੂੰ ਰਾਸ਼ਟਰੀ ਪੱਧਰ 'ਤੇ ਚੁੱਕਿਆ ਗਿਆ ਕਿ ਪੰਜਾਬ ਸਰਕਾਰ ਨੇ ਜਾਣਬੁੱਝ ਕੇ ਰਾਘਵ ਚੱਢਾ ਦੀ ਵੋਟ ਕੱਟੀ ਹੈ।
ਇੱਕ ਪ੍ਰੈਸ ਕਾਨਫਰੰਸ ਮੀਡੀਆ ਨੂੰ ਸੰਬੋਧਿਤ ਕਰਦਿਆਂ ਧਾਲੀਵਾਲ ਨੇ ਕਿਹਾ ਕਿ 'ਆਪ' ਵੱਲੋਂ ਰਾਘਵ ਚੱਢਾ ਦੀ ਵੋਟਰ ਰਜਿਸਟ੍ਰੇਸ਼ਨ ਸਬੰਧੀ ਚੋਣ ਕਮਿਸ਼ਨ ਤੋਂ ਜਾਣਕਾਰੀ ਮੰਗਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਦੀ ਵੋਟਰ ਰਜਿਸਟ੍ਰੇਸ਼ਨ ਰਜਿੰਦਰ ਨਗਰ, ਦਿੱਲੀ ਵਿਖੇ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਸਵਾਲ ਕੀਤਾ ਕਿ ਇਹ ਰਜਿਸਟ੍ਰੇਸ਼ਨ ਇੰਨੀ ਤੇਜ਼ੀ ਨਾਲ ਕਿਵੇਂ ਹੋ ਸਕਦੀ ਹੈ ਜਦੋਂ ਕਿ ਆਮ ਨਾਗਰਿਕਾਂ ਨੂੰ ਫਾਰਮ ਜਮ੍ਹਾਂ ਕਰਵਾਉਣ ਤੋਂ ਬਾਅਦ ਵੀ ਹਫ਼ਤਿਆਂ ਜਾਂ ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਉਨ੍ਹਾਂ ਪੁੱਛਿਆ “ਲੋਕ ਆਪਣੀ ਵੋਟ ਬਣਾਉਣ ਲਈ ਬੀਐਲਓਜ਼, ਐਸਡੀਐਮ ਦਫ਼ਤਰਾਂ ਅਤੇ ਤਹਿਸੀਲਦਾਰ ਦਫ਼ਤਰਾਂ ਦੇ ਗੇੜੇ ਮਾਰ ਰਹੇ ਹਨ। ਇਸ ਮਾਮਲੇ ਵਿੱਚ ਕਿਹੜੀ ਵਿਸ਼ੇਸ਼ ਸਹੂਲਤ ਦਿੱਤੀ ਗਈ?”।
'ਆਪ' ਪੰਜਾਬ ਦੇ ਮੁੱਖ ਬੁਲਾਰੇ ਨੇ ਅੱਗੇ ਸਵਾਲ ਕੀਤਾ ਕਿ ਰਜਿੰਦਰ ਨਗਰ ਵੋਟਰ ਰਜਿਸਟ੍ਰੇਸ਼ਨ ਲਈ ਚੱਢਾ ਦੇ ਪਤੇ ਦੀ ਤਸਦੀਕ ਕਿਸਨੇ ਕੀਤੀ ਸੀ। ਉਨ੍ਹਾਂ ਨੇ ਜ਼ਿਕਰ ਕੀਤਾ"ਵੋਟਰ ਵੇਰੀਫਿਕੇਸ਼ਨ ਦੌਰਾਨ, ਬੀਐਲਓ ਆਮ ਤੌਰ 'ਤੇ ਸਬੰਧਤ ਸਥਾਨਕ ਨੁਮਾਇੰਦਿਆਂ, ਗੁਆਂਢੀਆਂ ਜਾਂ ਖੇਤਰ ਨਾਲ ਜੁੜੇ ਹੋਰ ਵਿਅਕਤੀਆਂ ਰਾਹੀਂ ਬਿਨੈਕਾਰ ਦੀ ਰਿਹਾਇਸ਼ ਦੀ ਤਸਦੀਕ ਕਰਦੇ ਹਨ,"।
ਉਨ੍ਹਾਂ ਕਿਹਾ “ਰਾਘਵ ਚੱਢਾ ਦੀ ਰਿਹਾਇਸ਼ ਦੀ ਤਸਦੀਕ ਕਿਸਨੇ ਕੀਤੀ? ਜਦੋਂ ਮੌਜੂਦ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਦਿੱਲੀ ਦੀ ਰਿਹਾਇਸ਼ ਅਤੇ ਜਿਸ ਪਤੇ 'ਤੇ ਵੋਟ ਦਰਜ ਕੀਤੀ ਗਈ ਸੀ, ਉਹ ਵੱਖ-ਵੱਖ ਸਨ, ਤਾਂ ਵੇਰੀਫਿਕੇਸ਼ਨ ਕਿਸਨੇ ਕੀਤੀ? ਰਾਘਵ ਚੱਢਾ ਦਾ ਰਜਿੰਦਰ ਨਗਰ ਵਾਲਾ ਘਰ ਪਿਛਲੇ ਕੁਝ ਸਮੇਂ ਤੋਂ ਬੰਦ ਪਿਆ ਹੈ। ਚੋਣ ਕਮਿਸ਼ਨ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਸ ਅਰਜ਼ੀ ਦੀ ਜਾਂਚ ਅਤੇ ਤਸਦੀਕ ਕਿਸਨੇ ਕੀਤੀ ਅਤੇ ਕਿਹੜੇ ਨਿਯਮਾਂ ਤਹਿਤ ਇਹ ਰਜਿਸਟ੍ਰੇਸ਼ਨ ਇੰਨੀ ਤੇਜ਼ੀ ਨਾਲ ਕੀਤੀ ਗਈ,”।
ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਅਤੇ ਭਗਵੰਤ ਮਾਨ ਸਰਕਾਰ ਨੂੰ ਨਿਸ਼ਾਨਾ ਬਣਾਉਣ ਲਈ ਹਰ ਮੁੱਦੇ ਦੀ ਵਾਰ-ਵਾਰ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਹੈ, ਚਾਹੇ ਉਹ ਸਿਆਸੀ, ਸਮਾਜਿਕ, ਖੇਤੀਬਾੜੀ, ਨਸ਼ਿਆਂ ਨਾਲ ਸਬੰਧਤ ਹੋਵੇ ਜਾਂ ਕੋਈ ਹੋਰ ਮਾਮਲਾ ਹੋਵੇ। ਉਨ੍ਹਾਂ ਕਿਹਾ, "ਤਾਜ਼ਾ ਵਿਵਾਦ ਨੇ ਇੱਕ ਵਾਰ ਫਿਰ ਉਸ ਤਰੀਕੇ ਨੂੰ ਬੇਨਕਾਬ ਕਰ ਦਿੱਤਾ ਹੈ ਜਿਸ ਨਾਲ ਪੰਜਾਬ ਨੂੰ ਰਾਸ਼ਟਰੀ ਪੱਧਰ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਸੀ।"
ਰਾਘਵ ਚੱਢਾ 'ਤੇ ਨਿਸ਼ਾਨਾ ਸਾਧਦਿਆਂ 'ਆਪ' ਪੰਜਾਬ ਦੇ ਮੁੱਖ ਬੁਲਾਰੇ ਨੇ ਕਿਹਾ ਕਿ ਪੰਜਾਬ ਨੇ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਨ ਦਾ ਮੌਕਾ ਦਿੱਤਾ, ਪਰ ਹੁਣ ਉਹ ਅਜਿਹੇ ਬਿਆਨ ਦੇ ਰਹੇ ਹਨ ਜਿਨ੍ਹਾਂ ਦੀ ਵਰਤੋਂ ਪੰਜਾਬ ਅਤੇ ਇਸ ਦੀ ਸਰਕਾਰ ਨੂੰ ਨਕਾਰਾਤਮਕ ਤੌਰ 'ਤੇ ਦਿਖਾਉਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ “ਜਿਸ ਸੂਬੇ ਅਤੇ ਪੰਜਾਬ ਦੀ ਪਾਰਟੀ ਨੇ ਤੁਹਾਨੂੰ ਰਾਜ ਸਭਾ ਮੈਂਬਰ ਬਣਾਇਆ, ਉਸ ਨਾਲ ਇਸ ਤਰ੍ਹਾਂ ਧੋਖਾ ਨਹੀਂ ਕੀਤਾ ਜਾਣਾ ਚਾਹੀਦਾ। ਪੰਜਾਬੀ, ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕਰਨਗੇ,”।
ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ 'ਆਪ' ਨੇ ਨਾ ਤਾਂ ਕਿਸੇ ਦੀ ਵੋਟ ਕੱਟਣ ਲਈ ਕਿਹਾ ਹੈ ਅਤੇ ਨਾ ਹੀ ਕੋਈ ਗੈਰ-ਕਾਨੂੰਨੀ ਵੋਟ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਅੱਗੇ ਕਿਹਾ “ਚੋਣ ਕਮਿਸ਼ਨ ਨੂੰ ਪੂਰੇ ਤੱਥ ਲੋਕਾਂ ਦੇ ਸਾਹਮਣੇ ਰੱਖਣੇ ਚਾਹੀਦੇ ਹਨ। ਜੇਕਰ ਇਸ ਮਾਮਲੇ 'ਚ ਵੋਟਰ ਰਜਿਸਟ੍ਰੇਸ਼ਨ ਇੰਨੀ ਜਲਦੀ ਹੋ ਸਕਦੀ ਹੈ, ਤਾਂ ਆਮ ਨਾਗਰਿਕ ਵੀ ਇਹ ਜਾਣਨ ਦੇ ਹੱਕਦਾਰ ਹਨ ਕਿ ਉਨ੍ਹਾਂ ਨੂੰ ਉਸੇ ਪ੍ਰਕਿਰਿਆ ਲਈ ਦਫ਼ਤਰਾਂ ਦੇ ਚੱਕਰ ਕਿਉਂ ਕੱਟਣੇ ਪੈਂਦੇ ਹਨ ਅਤੇ ਹਫ਼ਤਿਆਂ ਜਾਂ ਮਹੀਨਿਆਂ ਤੱਕ ਇੰਤਜ਼ਾਰ ਕਿਉਂ ਕਰਨਾ ਪੈਂਦਾ ਹੈ,”।
ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਭਾਜਪਾ ਅਤੇ ਰਾਘਵ ਚੱਢਾ ਨੂੰ ਪੰਜਾਬ ਅਤੇ ਭਗਵੰਤ ਮਾਨ ਸਰਕਾਰ ਨੂੰ ਬਦਨਾਮ ਕਰਨ ਲਈ ਅਜਿਹੇ ਮੁੱਦਿਆਂ ਦੀ ਵਰਤੋਂ ਕਰਨਾ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 'ਆਪ' ਪੰਜਾਬ ਨੂੰ ਬਦਨਾਮ ਕਰਨ ਦੀ ਹਰ ਕੋਸ਼ਿਸ਼ ਨੂੰ ਬੇਨਕਾਬ ਕਰਦੀ ਰਹੇਗੀ ਅਤੇ ਸੱਚੇ ਤੱਥ ਲੋਕਾਂ ਦੇ ਸਾਹਮਣੇ ਰੱਖੇਗੀ।
-punjabpolitics-kuldeepsinghdhaliwal-raghavchadha-voterregistration-aappunjab