ਲੁਧਿਆਣਾ ਜਲੰਧਰ ਬਾਈਪਾਸ ਨੇੜੇ ਫੂਡ ਸੇਫਟੀ ਵਿਭਾਗ ਦੀ ਰੇਡ, ਮੁਰੱਬਾ-ਚਟਨੀ ਤੇ ਸਿਰਕਾ ਵੱਡੀ ਮਾਤਰਾ ਵਿੱਚ ਸੀਲ
Sep10,2026
| Surinder Arora Soni | Ludhiana
ਬਿਨਾਂ ਐਕਸਪਾਇਰੀ ਡੇਟ ਅਤੇ ਕਥਿਤ ਤੌਰ ’ਤੇ ਐਕਸਪਾਇਰ ਹੋਇਆ ਸਮਾਨ ਮਿਲਣ ’ਤੇ ਵਿਭਾਗ ਨੇ ਜਾਂਚ ਕੀਤੀ ਸ਼ੁਰੂ
ਲੁਧਿਆਣਾ, ਜਲੰਧਰ ਬਾਈਪਾਸ ਨੇੜੇ ਮੁਰੱਬਾ, ਚਟਨੀ ਅਤੇ ਸਿਰਕਾ ਪੈਕ ਕਰਕੇ ਬਾਜ਼ਾਰ ਵਿੱਚ ਸਪਲਾਈ ਕਰਨ ਵਾਲੀ ਇੱਕ ਫੈਕਟਰੀ ’ਤੇ ਜ਼ਿਲ੍ਹਾ ਸਿਹਤ ਵਿਭਾਗ ਦੇ ਫੂਡ ਸੇਫਟੀ ਅਧਿਕਾਰੀਆਂ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਵਿਭਾਗ ਦੀ ਟੀਮ ਨੇ ਵੱਡੀ ਮਾਤਰਾ ਵਿੱਚ ਖਾਣ-ਪੀਣ ਵਾਲਾ ਸਮਾਨ ਸੀਲ ਕੀਤਾ।
ਫੂਡ ਸੇਫਟੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਜਾਂਚ ਦੌਰਾਨ ਵੱਡੀ ਮਾਤਰਾ ਵਿੱਚ ਅਜਿਹਾ ਸਮਾਨ ਮਿਲਿਆ, ਜੋ ਦੂਜੇ ਸੂਬਿਆਂ ਤੋਂ ਵੱਡੇ ਡਰੰਮਾਂ ਵਿੱਚ ਮੰਗਵਾਇਆ ਜਾ ਰਿਹਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਸਮਾਨ ’ਤੇ ਐਕਸਪਾਇਰੀ ਡੇਟ ਦਰਜ ਨਹੀਂ ਸੀ, ਜਦਕਿ ਕੁਝ ਸਮਾਨ ਐਕਸਪਾਇਰ ਹੋਇਆ ਪਾਇਆ ਗਿਆ ਅਤੇ ਉਸ ਵਿੱਚੋਂ ਬਦਬੂ ਵੀ ਆ ਰਹੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਕੁਝ ਸਮਾਨ ਨੂੰ ਮੌਕੇ ’ਤੇ ਹੀ ਨਸ਼ਟ ਕਰਨ ਦੀ ਕਾਰਵਾਈ ਕੀਤੀ ਜਾਵੇਗੀ, ਜਦਕਿ ਬਾਕੀ ਸਮਾਨ ਨੂੰ ਸੀਲ ਕਰ ਦਿੱਤਾ ਗਿਆ ਹੈ। ਸੀਲ ਕੀਤੇ ਗਏ ਸਮਾਨ ਦੀ ਜਾਂਚ ਤੋਂ ਬਾਅਦ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।
ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਖਾਣ-ਪੀਣ ਵਾਲੀ ਵਸਤੂ ਖਰੀਦਣ ਤੋਂ ਪਹਿਲਾਂ ਉਸ ਦੀ ਪੈਕਿੰਗ, ਐਕਸਪਾਇਰੀ ਡੇਟ ਅਤੇ ਹੋਰ ਜ਼ਰੂਰੀ ਜਾਣਕਾਰੀ ਜ਼ਰੂਰ ਚੈੱਕ ਕਰਨ।
ਉੱਥੇ ਹੀ ਫੈਕਟਰੀ ਮਾਲਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਉਨ੍ਹਾਂ ਦੇ ਟਿਕਾਣੇ ’ਤੇ ਰੇਡ ਕਿਉਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਰੀਬ ਡੇਢ ਸਾਲ ਤੋਂ ਇਹ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਕੋਲ ਇਸ ਕੰਮ ਲਈ ਲਾਇਸੈਂਸ ਵੀ ਮੌਜੂਦ ਹੈ।
ਫਿਲਹਾਲ ਫੂਡ ਸੇਫਟੀ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਸਮਾਨ ਦੀ ਪੈਕਿੰਗ ਅਤੇ ਵਿਕਰੀ ਸਬੰਧੀ ਕਿਹੜੇ ਨਿਯਮਾਂ ਦੀ ਉਲੰਘਣਾ ਹੋਈ ਹੈ ਅਤੇ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈ।
-ludhiana-foodsafetydepartment-foodsafetyraid-punjabnews-ludhiananews