* ਪਹਿਲੇ ਦਿਨ ਦੀ ਭੁੱਖ ਹੜਤਾਲ ’ਚ ਅਸ਼ੋਕ ਥਾਪਰ, ਪਾਲੀ ਸਹਿਜਪਾਲ, ਆਸ਼ੀਸ਼ ਬੌਨੀ, ਹੈਰੀ ਵਿਰਦੀ, ਪ੍ਰਮੋਦ ਥਾਪਰ ਤੇ ਸੁਨੀਲ ਠਾਕੁਰ ਹੋਏ ਸ਼ਾਮਲ
ਲੁਧਿਆਣਾ। ਦੇਸ਼ ਦੀ ਆਜ਼ਾਦੀ ਦੇ 80 ਸਾਲ ਬੀਤ ਜਾਣ ਦੇ ਬਾਵਜੂਦ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਨੂੰ ਬਣਦਾ ਮਾਣ-ਸਨਮਾਨ ਨਾ ਮਿਲਣ ਤੋਂ ਨਾਰਾਜ਼ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਵੱਲੋਂ ਸੋਮਵਾਰ ਨੂੰ ਨੌਘਰਾ ਸਥਿਤ ਜਨਮਸਥਲੀ ’ਤੇ ਸੰਕੇਤਕ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਸ਼ਹੀਦ ਸੁਖਦੇਵ ਦੀ ਪ੍ਰਤਿਮਾ ਨੂੰ ਨਮਨ ਕਰਨ ਉਪਰੰਤ ਸ਼ਹੀਦ ਦੇ ਵੰਸ਼ਜ ਅਸ਼ੋਕ ਥਾਪਰ ਸਮੇਤ ਪਾਲੀ ਸਹਿਜਪਾਲ, ਆਸ਼ੀਸ਼ ਬੌਨੀ, ਹੈਰੀ ਵਿਰਦੀ, ਪ੍ਰਮੋਦ ਥਾਪਰ ਅਤੇ ਸੁਨੀਲ ਠਾਕੁਰ ਪਹਿਲੇ ਦਿਨ ਦੇ ਸੰਕੇਤਕ ਅਨਸ਼ਨ ’ਤੇ ਬੈਠੇ। ਭੁੱਖ ਹੜਤਾਲ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੀ। ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਸੁਖਦੇਵ ਥਾਪਰ ਨੂੰ ਬਣਦਾ ਮਾਣ-ਸਨਮਾਨ ਨਾ ਦੇ ਕੇ ਉਨ੍ਹਾਂ ਦੀ ਸ਼ਹਾਦਤ ਦਾ ਅਪਮਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਾਢੇ ਚਾਰ ਸਾਲ ਦੇ ਸ਼ਾਸਨਕਾਲ ਦੌਰਾਨ ਸ਼ਹੀਦ ਸੁਖਦੇਵ ਦੀ ਜਨਮਸਥਲੀ ’ਤੇ ਨਤਮਸਤਕ ਹੋਣਾ ਤਾਂ ਦੂਰ, ਕਿਸੇ ਜਨਤਕ ਮੰਚ ’ਤੇ ਉਨ੍ਹਾਂ ਦਾ ਨਾਮ ਤੱਕ ਲੈਣਾ ਮੁਨਾਸਿਬ ਨਹੀਂ ਸਮਝਿਆ। ਅਸ਼ੋਕ ਥਾਪਰ ਨੇ ਕਿਹਾ ਕਿ ਸ਼ਹੀਦਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਦਾਅਵਾ ਕਰਨ ਵਾਲੀ ਸਰਕਾਰ ਦੀ ਸ਼ਹੀਦ ਸੁਖਦੇਵ ਪ੍ਰਤੀ ਬੇਰੁਖ਼ੀ ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ। ਉਨ੍ਹਾਂ ਚੌੜਾ ਬਾਜ਼ਾਰ ਤੋਂ ਸ਼ਹੀਦ ਸੁਖਦੇਵ ਦੀ ਜਨਮਸਥਲੀ ਨੂੰ ਜਾਣ ਵਾਲੇ ਸਿੱਧੇ ਰਸਤੇ ਦੀ ਖਸਤਾ ਹਾਲਤ ’ਤੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇੱਕ ਵਿਸ਼ੇਸ਼ ਭਾਈਚਾਰੇ ਨਾਲ ਸਬੰਧਤ ਸ਼ਹੀਦਾਂ ਦੇ ਸਮਾਰਕਾਂ ’ਤੇ ਕਰੋੜਾਂ ਰੁਪਏ ਖਰਚ ਕਰਨ ਦੇ ਦਾਅਵੇ ਕਰਨ ਵਾਲੇ ਸੱਤਾਧਾਰੀ ਲੋਕ ਸ਼ਹੀਦ ਸੁਖਦੇਵ ਦੀ ਜਨਮਸਥਲੀ ਤੱਕ ਜਾਣ ਵਾਲੀ ਕੁਝ ਮੀਟਰ ਸੜਕ ਨਾਂ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੇ ਤਰਕ ਦੇ ਰਹੇ ਹਨ। ਇਸੇ ਤਰ੍ਹਾਂ ਲੁਧਿਆਣਾ ਰੇਲਵੇ ਸਟੇਸ਼ਨ ਦਾ ਨਾਮ ਸ਼ਹੀਦ ਸੁਖਦੇਵ ਥਾਪਰ ਦੇ ਨਾਮ ’ਤੇ ਰੱਖਣ ਦੀ ਮੰਗ ਨੂੰ ਵੀ ਅਣਦੇਖਿਆ ਕੀਤਾ ਜਾ ਰਿਹਾ ਹੈ। ਟਰੱਸਟ ਦੀ ਯੁਥ ਇਕਾਈ ਦੇ ਪ੍ਰਧਾਨ ਤ੍ਰਿਭੁਵਨ ਥਾਪਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਟਰੱਸਟ ਦੇਸ਼ ਭਗਤ ਸੰਗਠਨਾਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰੇਗਾ । ਇਸ ਮੌਕੇ ਰਾਕੇਸ਼ ਕੁਮਾਰ, ਰੋਤਾਂਸ਼, ਹਰੀਸ਼ ਕੌਲ, ਵਿਸ਼ੂ, ਹੈਰੀ, ਗੌਰਵ, ਸੌਰਵ ਮਿਸ਼ਰਾ, ਚੇਤਨ ਮਲਹੋਤਰਾ, ਸੰਦੀਪ ਕਨੌਜੀਆ, ਗਣੇਸ਼ ਚੌਹਾਨ, ਅਗੁਲ ਮਾਥੁਰ ਸਮੇਤ ਹੋਰ ਵੀ ਹਾਜ਼ਰ ਸਨ।