ਚੰਡੀਗੜ੍ਹ ਮੋਹਾਲੀ ਬਾਰਡਰ ਤੇ ਕਿਸਾਨਾਂ ਦਾ ਪੱਕਾ ਮੋਰਚਾ ਦੂਜੇ ਦਿਨ ਵੀ ਜਾਰੀ, ਪੰਜਾਬ ਭਰ ਤੋਂ ਆਈਆਂ ਹਨ ਟਰਾਲੀਆਂ, ਭਾਂਤ ਭਾਂਤ ਦੇ ਲੱਗ ਰਹੇ ਹਨ ਲੰਗਰ
Sep2,2026
| Gurvinder Singh Mohali | Chandigarh
ਕਿਸਾਨਾਂ ਵਲੋਂ ਹੱਕ ਲੈ ਕੇ ਹੀ ਵਾਪਸ ਜਾਣ ਦਾ ਐਲਾਨ, ਵੱਖ-ਵੱਖ ਬੁਲਾਰਿਆਂ ਨੇ ਸਟੇਜ ਤੋਂ ਕੱਢੀ ਭੜਾਸ
ਮੋਹਾਲੀ , 2 ਸਤੰਬਰ (ਗੁਰਵਿੰਦਰ ਸਿੰਘ) ਸੰਯੁਕਤ ਕਿਸਾਨ ਮੋਰਚਾ (ਐਸ ਕੇ ਐਮ) ਵੱਲੋਂ ਮੋਹਾਲੀ -ਚੰਡੀਗੜ੍ਹ ਸਰਹੱਦ ਤੇ ਲਾਇਆ ਪੱਕਾ ਮੋਰਚਾ ਅੱਜ ਦੂਜੇ ਦਿਨ ਵਿੱਚ ਦਾਖ਼ਲ ਹੋ ਗਿਆ। ਅੱਜ ਸਵੇਰੇ 11 ਵਜੇ ਹੀ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚੋਂ ਹੋਰਨਾਂ ਥਾਵਾਂ ਤੋਂ ਕਿਸਾਨ ਤੇ ਮਜ਼ਦੂਰ, ਨੌਜਵਾਨ ਅਤੇ ਬੀਬੀਆਂ ਕਾਫ਼ਲਿਆਂ ਦੇ ਰੂਪ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸੀ ਅਤੇ ਦੁਪਹਿਰ ਦੋ ਵਜੇ ਤੱਕ ਵੱਡੀ ਭੀੜ੍ਹ ਜਮ੍ਹਾ ਹੋ ਗਈ। ਮੁਹਾਲੀ ਤੋਂ ਚੰਡੀਗੜ੍ਹ ਵਾਲੀ ਇਸ ਮੁੱਖ ਸੜਕ ਤੇ ਆਵਾਜਾਈ ਬੰਦ ਹੈ।
ਇਸ ਮੌਕੇ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦੇਸ਼ ਦੇ ਅਨਾਜ ਭੰਡਾਰ ਦੀ 70 ਤੋਂ 80 ਫੀਸਦੀ ਲੋੜ ਨੂੰ ਪੂਰਾ ਕਰਨ ਵਾਲਾ ਅੰਨਦਾਤਾ ਅੱਜ ਇਨਸਾਫ਼ ਲਈ ਸੜਕਾਂ ਤੇ ਰੁਲ ਰਿਹਾ ਹੈ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਆਪਣੇ ਹੱਕਾਂ ਲਈ ਕਿਸਾਨਾਂ ਨੂੰ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਤੋਂ ਅੱਜ ਸਿਰਫ਼ ਕਿਸਾਨ ਹੀ ਨਹੀਂ ਬਲਕਿ ਸਾਰੇ ਵਰਗ ਦੁਖੀ ਹਨ। ਗੰਨੇ ਦਾ ਭਾਅ ਘੱਟੋ-ਘੱਟ 500 ਰੁਪਏ ਪ੍ਰਤੀ ਕੁਇੰਟਲ ਦੇਣ ਦੀ ਮੰਗ ਕਰਦਿਆਂ ਉਹਨਾਂ ਕਿਹਾ ਕਿ ਗੰਨਾ ਉਤਪਾਦਕਾਂ ਦੇ ਬਕਾਇਆ ਭੁਗਤਾਨ, ਕਰਜ਼ਾ-ਮੁਆਫ਼ੀ ਅਤੇ ਹੋਰ ਅਹਿਮ ਮਸਲਿਆਂ ਨੂੰ ਫੌਰੀ ਹੱਲ ਕੀਤਾ ਜਾਣਾ ਚਾਹੀਦਾ ਹੈ।
ਮੋਰਚੇ ਨੰ ਸੰਬੋਧਨ ਕਰਦਿਆਂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕਿਸਾਨਾਂ ਸਿਰ ਚੜ੍ਹੇ ਕਰਜ਼ਿਆਂ ਨੂੰ ਪੂਰੀ ਤਰ੍ਹਾਂ ਮੁਆਫ਼ ਕਰਨ ਅਤੇ ਗੰਨਾ ਉਤਪਾਦਕਾਂ ਦੀਆਂ ਰੁਕੀਆਂ ਅਦਾਇਗੀਆਂ ਸਮੇਂ ਸਿਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੁਰਾਣੇ ਜਲ-ਵੰਡ ਸਮਝੌਤਿਆਂ ਨੂੰ ਰੱਦ ਕੀਤੇ ਜਾਣ। ਮਨਜੀਤ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਸਬਰ ਦੀ ਹੋਰ ਪ੍ਰੀਖਿਆ ਨਾ ਲਵੇ, ਬਲਕਿ ਕਿਸਾਨਾਂ ਦੀਆਂ ਮੰਗਾਂ ਮੰਨਣ ਨੂੰ ਤਰਜ਼ੀਹ ਦਿੱਤੀ ਜਾਵੇ। ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਦੇਸ਼ ਦੇ ਹੁਕਮਰਾਨਾਂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦਾ ਕਿਸਾਨ ਹੁਣ ਇੱਥੋਂ ਆਪਣੇ ਹੱਕ ਵਾਪਸ ਲੈ ਕੇ ਘਰਾਂ ਨੂੰ ਪਰਤੇਗਾ। ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਜੇਕਰ ਪੰਜਾਬ ਅਤੇ ਕੇਂਦਰ ਸਰਕਾਰ ਨੇ ਆਪਣੇ ਅਧੀਨ ਆਉਂਦੇ ਮਸਲਿਆਂ ਦਾ ਹੱਲ ਨਹੀਂ ਕੀਤਾ ਤਾਂ ਸੂਬੇ ਦਾ ਕਿਸਾਨ ਇਸ ਵਾਰ ਸਰਕਾਰਾਂ ਦੀ ਭੂਤਣੀ ਭੁਲਾ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਧਰਨਾ ਪ੍ਰਦਰਸ਼ਨ ਸੱਤ ਸਤੰਬਰ ਤੋਂ ਅੱਗੇ ਵੀ ਵਧ ਸਕਦਾ ਹੈ।
-kisanmorcha-skm-punjabfarmers-mohalichandigarhborder-farmersprotest