ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ
Jul15,2026
| Jagrati Lahar Bureau | Chandigarh
ਕਿਹਾ: ਸਿਰਫ ਦਾਅਵੇ ਕਰਨ ਨਾਲ ਵਿਕਾਸ ਨਹੀਂ ਹੁੰਦਾ, ਜਮੀਨੀ ਪੱਧਰ ਤੇ ਦਿਖਣਾ ਵੀ ਚਾਹੀਦਾ ਹੈ
ਚੰਡੀਗੜ੍ਹ ਦਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਸ਼ਹਿਰ ਦੇ ਵਿਕਾਸ ਲਈ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਸੈਕਟਰ 41 ਸਥਿਤ ਕ੍ਰਿਸ਼ਨਾ ਮਾਰਕਟ ਵਿੱਚ ਲਗਾਏ ਗਏ ਨਵੇਂ ਸ਼ੈੱਡਾਂ ਅਤੇ ਰਾਮ ਦਰਬਾਰ ਵਿਖੇ ਲਗਾਈਆਂ ਗਈਆਂ ਨਵੀਆਂ ਸੋਲਰ ਲਾਈਟਾਂ ਦਾ ਉਦਘਾਟਨ ਕੀਤਾ ਗਿਆ। ਇਹਨਾਂ ਪ੍ਰੋਜੈਕਟਾਂ ਵਾਸਤੇ ਸੰਸਦ ਮੈਂਬਰ ਵੱਲੋਂ ਆਪਣੇ ਐਮਪੀ ਕੋਟੇ ਵਿੱਚੋਂ ਗਰਾਂਟ ਜਾਰੀ ਕੀਤੀ ਗਈ ਸੀ।
ਇਸ ਮੌਕੇ ਸੰਬੋਧਨ ਕਰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਭਾਵੇਂ ਸ਼ਹਿਰ ਦੇ ਲੋਕਾਂ ਨੂੰ ਮੁਢਲੀਆਂ ਸੁਵਿਧਾਵਾਂ ਮੁਹਈਆ ਕਰਵਾਉਣ ਦੀ ਜ਼ਿੰਮੇਵਾਰੀ ਨਗਰ ਨਿਗਮ ਦੀ ਬਣਦੀ ਹੈ, ਲੇਕਿਨ ਉਹ ਲੋਕਾਂ ਦੀਆਂ ਮੰਗਾਂ ਦੇ ਅਧਾਰ ਤੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਲਈ ਆਪਣੇ ਨਿਰਧਾਰਿਤ ਐਮ.ਪੀ ਕੋਟੇ ਵਿੱਚੋਂ ਫੰਡ ਜਾਰੀ ਕਰ ਰਹੇ ਹਨ। ਉਹਨਾਂ ਨੇ ਦੱਸਿਆ ਕਿ ਸ਼ਹਿਰ ਵਿੱਚ ਐਮ.ਪੀ ਕੋਟੇ ਤਹਿਤ ਜਾਰੀ ਫੰਡਾਂ ਨਾਲ ਕਈ ਸਾਰੇ ਵਿਕਾਸ ਪ੍ਰੋਜੈਕਟ ਚੱਲ ਰਹੇ ਹਨ।
ਤਿਵਾੜੀ ਨੇ ਕਿਹਾ ਕਿ ਵਿਕਾਸ ਸਿਰਫ ਦਾਅਵੇ ਕਰਨ ਨਾਲ ਨਹੀਂ ਹੁੰਦਾ, ਬਲਕਿ ਜਮੀਨੀ ਪੱਧਰ ਤੇ ਨਜ਼ਰ ਵੀ ਆਉਣਾ ਚਾਹੀਦਾ ਹੈ। ਉਹ ਖੋਖਲੇ ਦਾਅਵੇ ਕਰਨ ਦੀ ਬਜਾਏ, ਕੰਮ ਕਰਨ ਵਿੱਚ ਜਿਆਦਾ ਭਰੋਸਾ ਕਰਦੇ ਹਨ, ਜਿਹੜਾ ਜਮੀਨੀ ਪੱਧਰ ਤੇ ਨਜ਼ਰ ਵੀ ਆ ਰਿਹਾ ਹੈ। ਇਸਦੇ ਤਹਿਤ, ਕ੍ਰਿਸ਼ਨਾ ਮਾਰਕੀਟ ਵਿੱਚ ਸ਼ੈਡ ਲੱਗਣ ਨਾਲ ਇੱਥੇ ਕੰਮ ਕਰਨ ਵਾਲੇ ਦੁਕਾਨਦਾਰਾਂ, ਵੈਂਡਰਾਂ ਅਤੇ ਆਉਣ ਵਾਲੇ ਲੋਕਾਂ ਨੂੰ ਸਹੂਲਤ ਮਿਲੇਗੀ। ਉੱਥੇ ਹੀ, ਰਾਮ ਦਰਬਾਰ ਵਿਖੇ ਲੱਗੀਆਂ ਸੋਲਰ ਲਾਈਟਾਂ ਇਲਾਕੇ ਵਿੱਚ ਹਨੇਰੇ ਦੀ ਸਮੱਸਿਆ ਨੂੰ ਦੂਰ ਕਰਨ ਦੇ ਨਾਲ ਨਾਲ ਲੋਕਾਂ ਦੀ ਸੁਰੱਖਿਆ ਵਿੱਚ ਵੀ ਵਾਧਾ ਕਰਨਗੀਆਂ।
ਇਸ ਦੌਰਾਨ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ ਐਸ ਲੱਕੀ ਅਤੇ ਹੋਰ ਪਤਵੰਤੀਆਂ ਸ਼ਖਸੀਅਤਾਂ ਵੱਲੋਂ ਸ਼ਹਿਰ ਦੇ ਵਿਕਾਸ ਲਈ ਫੰਡ ਜਾਰੀ ਕਰਨ ਵਾਸਤੇ ਸੰਸਦ ਮੈਂਬਰ ਦਾ ਧੰਨਵਾਦ ਪ੍ਰਗਟਾਇਆ ਗਿਆ। ਲੱਕੀ ਨੇ ਕਿਹਾ ਕਿ ਕਾਂਗਰਸ ਵਿਕਾਸ ਦੀ ਸਿਆਸਤ ਉੱਪਰ ਭਰੋਸਾ ਕਰਦੀ ਹੈ। ਉਹਨਾਂ ਨੇ ਕਿਹਾ ਕਿ ਸ਼ਹਿਰ ਵਿੱਚ ਜਿੰਨੇ ਵੀ ਵਿਕਾਸ ਕਾਰਜ ਹੋਏ ਹਨ, ਉਹ ਕਾਂਗਰਸ ਦੇ ਸ਼ਾਸਨ ਦੌਰਾਨ ਹੀ ਹੋਏ ਹਨ।
ਇਹਨਾਂ ਪ੍ਰੋਗਰਾਮਾਂ ਦੌਰਾਨ ਹੋਰਨਾਂ ਤੋਂ ਇਲਾਵਾ, ਹਰਦੀਪ ਸਿੰਘ ਬੁਟਰੇਲਾ, ਚੰਦਰਮੁਖੀ ਸ਼ਰਮਾ, ਓਮ ਪ੍ਰਕਾਸ਼, ਈਸ਼ਵਰ ਚੰਦ ਗੋਇਲ, ਸੋਨੀਆ ਗੁਰਚਰਨ ਸਿੰਘ ਅਤੇ ਗੁਰਚਰਨ ਸਿੰਘ ਸਣੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਰਹੇ।
Mp-Manish-Tewari-Inaugurates-Multiple-Development-Projects-In-Chandigarh