*ਨਸ਼ੇ ਦੀ ਤਲਬ ਤੋਂ ਉਮੀਦ ਵੱਲ, ਪੰਜਾਬ ਵਿੱਚ ਨਸ਼ਾ ਮੁਕਤੀ ਦੀ ਲੜਾਈ ਵਿੱਚ ਕਿਤਾਬਾਂ ਬਣ ਰਹੀਆਂ ਹਨ ਪ੍ਰਭਾਵੀ ਸਾਧਨ*
*ਮਾਨਸਿਕ ਸਿਹਤ ਵਿੱਚ ਸੁਧਾਰ ਅਤੇ ਰਿਕਵਰੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਨਸ਼ਾ ਮੁਕਤੀ ਕੇਂਦਰਾਂ 'ਚ ਸਥਾਪਿਤ ਲਾਇਬ੍ਰੇਰੀਆਂ ਬਣ ਰਹੀਆਂ ਹਨ ਸਹਾਰਾ*
*ਕਿਤਾਬਾਂ, ਨਾ ਕਿ ਨਸ਼ਾ: ਪੰਜਾਬ ਦੇ ਮੁੜ- ਵਸੇਬਾ ਕੇਂਦਰ ਕਿਸ ਤਰ੍ਹਾਂ ਮਰੀਜ਼ਾਂ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਵਿੱਚ ਕਰ ਰਹੇ ਹਨ ਸਹਾਇਤਾ*
*10 ਜ਼ਿਲ੍ਹਿਆਂ ਵਿੱਚ ਲਾਇਬ੍ਰੇਰੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰ ਰਹੇ ਹਨ ਫੈਲੋਜ਼ ; ਸਾਲ ਦੇ ਅੰਤ ਤੱਕ 80 ਫੀਸਦੀ ਤੋਂ ਵੱਧ ਨਸ਼ਾ ਮੁਕਤੀ ਕੇਂਦਰਾਂ ਤੱਕ ਪ੍ਰੋਗਰਾਮ ਦੇ ਵਿਸਥਾਰ ਦੀ ਯੋਜਨਾ*
ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚੱਲ ਰਹੀ ਲੜਾਈ ਵਿੱਚ ਲਾਇਬ੍ਰੇਰੀਆਂ ਇੱਕ ਨਵੇਂ ਪਰ ਬੇਹੱਦ ਪ੍ਰਭਾਵਸ਼ਾਲੀ ਹਥਿਆਰ ਵਜੋਂ ਉੱਭਰ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸਰਕਾਰੀ ਨਸ਼ਾ ਮੁਕਤੀ ਅਤੇ ਰਿਹੈਬਿਲੀਟੇਸ਼ਨ ਕੇਂਦਰਾਂ ਵਿੱਚ ਸਥਾਪਤ ਕੀਤੀਆਂ ਗਈਆਂ ਲਾਇਬ੍ਰੇਰੀਆਂ ਨਸ਼ੇ ਤੋਂ ਉੱਭਰ ਰਹੇ ਲੋਕਾਂ ਨੂੰ ਨਸ਼ੇ ਦੀ ਤਲਬ ਨਾਲ ਨਜਿੱਠਣ, ਮਾਨਸਿਕ ਸਿਹਤ ਵਿੱਚ ਸੁਧਾਰ ਲਿਆਉਣ ਅਤੇ ਰਿਕਵਰੀ ਦੌਰਾਨ ਸਕਾਰਾਤਮਕ ਰੁਟੀਨ ਵਿਕਸਿਤ ਕਰਨ ਵਿੱਚ ਮਦਦ ਕਰ ਰਹੀਆਂ ਹਨ। ਇਨ੍ਹਾਂ ਲਾਇਬ੍ਰੇਰੀਆਂ ਦੀ ਸਥਾਪਨਾ, ਨਵੀਨੀਕਰਨ ਅਤੇ ਸਾਂਭ-ਸੰਭਾਲ ਪੰਜਾਬ ਦੇ ‘ਲੀਡਰਸ਼ਿਪ ਇਨ ਮੈਂਟਲ ਹੈਲਥ ਪ੍ਰੋਗਰਾਮ’ ਰਾਹੀਂ ਕੀਤੀ ਗਈ ਹੈ। ਇਹ ਅਜਿਹਾ ਫੈਲੋਸ਼ਿਪ ਪ੍ਰੋਗਰਾਮ ਹੈ, ਜੋ ਨੌਜਵਾਨਾਂ ਨੂੰ ਸੂਬੇ ਦੀ ਨਸ਼ਾ ਵਿਰੋਧੀ ਮੁਹਿੰਮ ਨਾਲ ਜੋੜਦਾ ਹੈ। ਹੁਣ ਤੱਕ ਫੈਲੋਜ਼ ਵੱਲੋਂ 10 ਜ਼ਿਲ੍ਹਿਆਂ ਦੇ ਸਰਕਾਰੀ ਕੇਂਦਰਾਂ ਵਿੱਚ ਲਾਇਬ੍ਰੇਰੀ ਪਹਿਲਕਦਮੀਆਂ ਨੂੰ ਸਹਿਯੋਗ ਦਿੱਤਾ ਗਿਆ ਹੈ ਅਤੇ ਸਾਲ ਦੇ ਅੰਤ ਤੱਕ 80 ਫੀਸਦੀ ਤੋਂ ਵੱਧ ਨਸ਼ਾ ਮੁਕਤੀ ਅਤੇ ਰਿਹੈਬਿਲੀਟੇਸ਼ਨ ਕੇਂਦਰਾਂ ਤੱਕ ਇਸ ਪਹਿਲ ਦਾ ਵਿਸਥਾਰ ਕਰਨ ਦੀ ਯੋਜਨਾ ਹੈ।
ਧਾਰਮਿਕ ਗ੍ਰੰਥਾਂ, ਸਿੱਖ ਇਤਿਹਾਸ, ਸਾਹਿਤ, ਕਵਿਤਾ, ਜੀਵਨੀਆਂ, ਪੰਜਾਬੀ ਸੱਭਿਆਚਾਰ ਅਤੇ ਮਾਨਸਿਕ ਸਿਹਤ ਨਾਲ ਸਬੰਧਤ ਕਿਤਾਬਾਂ ਨਾਲ ਭਰਪੂਰ ਇਹ ਲਾਇਬ੍ਰੇਰੀਆਂ ਮਰੀਜ਼ਾਂ ਨੂੰ ਧਿਆਨ ਕੇਂਦਰਿਤ ਕਰਨ ਅਤੇ ਆਤਮ -ਚਿੰਤਨ ਨਾਲ ਜੋੜਕੇ,ਉਹ ਸਮਰੱਥਾ ਮੁੜ ਹਾਸਲ ਕਰਨ ਵਿੱਚ ਮਦਦ ਕਰ ਰਹੀਆਂ ਹਨ, ਜੋ ਨਸ਼ੇ ਦੀ ਲਤ ਅਕਸਰ ਖੋਹ ਲੈਂਦੀ ਹੈI
ਬਠਿੰਡਾ ਸਥਿਤ ਸਰਕਾਰੀ ਨਸ਼ਾ ਮੁਕਤੀ ਅਤੇ ਰਿਹੈਬਿਲੀਟੇਸ਼ਨ ਕੇਂਦਰ ਵਿੱਚ ਕਿਤਾਬਾਂ ਹੁਣ ਇਲਾਜ ਪ੍ਰਕਿਰਿਆ ਦਾ ਅਹਿਮ ਹਿੱਸਾ ਬਣ ਚੁੱਕੀਆਂ ਹਨ। ਮਰੀਜ਼ ਆਪਣੇ ਖਾਲੀ ਸਮੇਂ ਵਿੱਚ ਪੜ੍ਹਨ ਵਿੱਚ ਰੁਚੀ ਲੈ ਰਹੇ ਹਨ ਅਤੇ ਅਕਸਰ ਇੱਕ-ਦੂਜੇ ਨਾਲ ਉਹਨਾਂ ਕਹਾਣੀਆਂ ਬਾਰੇ ਗੱਲਬਾਤ ਕਰਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੀ ਝਲਕ ਦਿਖਾਈ ਦਿੰਦੀ ਹੈ।
ਬਠਿੰਡਾ ਸਥਿਤ ਪੰਜਾਬ ਸਰਕਾਰ ਦੇ ਨਸ਼ਾ ਮੁਕਤੀ ਕੇਂਦਰ ਵਿੱਚ ਕਾਊਂਸਲਰ ਸੋਮਾ ਨੇ ਦੱਸਿਆ, “ਪਹਿਲਾਂ ਇੱਥੇ ਕੋਈ ਲਾਇਬ੍ਰੇਰੀ ਨਹੀਂ ਸੀ। ਇੱਥੋਂ ਦੇ ਡਾਕਟਰ ਸਾਹਿਬ ਨੇ ਪਹਿਲ ਕਰਕੇ ਇਸ ਦੀ ਸ਼ੁਰੂਆਤ ਕੀਤੀ। ਜਦੋਂ ਮਰੀਜ਼ ਪੜ੍ਹਨਾ ਸ਼ੁਰੂ ਕਰਦੇ ਹਨ ਤਾਂ ਉਨ੍ਹਾਂ ਦਾ ਧਿਆਨ ਦੂਜੇ ਪਾਸੇ ਲੱਗ ਜਾਂਦਾ ਹੈ। ਉਹ ਕਿਤਾਬਾਂ ਵਿੱਚ ਇੰਨੇ ਮਗਨ ਹੋ ਜਾਂਦੇ ਹਨ ਕਿ ਨਸ਼ੇ ਦੀ ਤਲਬ ਘਟਣ ਲੱਗ ਪੈਂਦੀ ਹੈ। ਕਹਾਣੀਆਂ, ਕਵਿਤਾ ਅਤੇ ਸਵੈ-ਜੀਵਨੀਆਂ ਖ਼ਾਸ ਤੌਰ 'ਤੇ ਲੋਕਪ੍ਰਿਯ ਹਨ।” ਉਨ੍ਹਾਂ ਕਿਹਾ ਕਿ ਪੜ੍ਹਨਾ ਹੁਣ ਨਿਯਮਤ ਕਾਊਂਸਲਿੰਗ ਸੈਸ਼ਨਾਂ ਦਾ ਇੱਕ ਮਹੱਤਵਪੂਰਨ ਪੂਰਕ ਬਣ ਗਿਆ ਹੈ।
ਸੋਮਾ ਨੇ ਕਿਹਾ, “ਕਿਤਾਬਾਂ ਮਰੀਜ਼ਾਂ ਨੂੰ ਆਪਣੀ ਜ਼ਿੰਦਗੀ ਅਤੇ ਭਵਿੱਖ ਬਾਰੇ ਵੱਖਰੇ ਢੰਗ ਨਾਲ ਸੋਚਣ ਲਈ ਪ੍ਰੇਰਦੀਆਂ ਹਨ। ਉਹ ਵਧੇਰੇ ਸ਼ਾਂਤ ਹੋ ਜਾਂਦੇ ਹਨ ਅਤੇ ਰਿਕਵਰੀ ਸਬੰਧੀ ਚਰਚਾਵਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲੱਗਦੇ ਹਨ। ਪੜ੍ਹਨ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਸਕਾਰਾਤਮਕਤਾ ਵਾਪਸ ਆਉਂਦੀ ਹੈ।”
ਲਾਇਬ੍ਰੇਰੀਆਂ ਦਾ ਪ੍ਰਭਾਵ ਸਿਰਫ਼ ਬਠਿੰਡਾ ਤੱਕ ਸੀਮਿਤ ਨਹੀਂ ਹੈ। ਹੋਰ ਰਿਹੈਬਿਲੀਟੇਸ਼ਨ ਕੇਂਦਰਾਂ ਵਿੱਚ ਵੀ ਕਾਊਂਸਲਰਾਂ ਨੇ ਦੇਖਿਆ ਹੈ ਕਿ ਮਰੀਜ਼ ਪੜ੍ਹਨ ਦੀ ਆਦਤ ਰਾਹੀਂ ਸਿਹਤਮੰਦ ਰੁਟੀਨ ਵਿਕਸਿਤ ਕਰ ਰਹੇ ਹਨ।
ਹੁਸ਼ਿਆਰਪੁਰ ਸਥਿਤ ਪੰਜਾਬ ਸਰਕਾਰ ਦੇ ਨਸ਼ਾ ਮੁਕਤੀ ਕੇਂਦਰ ਵਿੱਚ ਕਲੀਨਿਕਲ ਮਨੋਵਿਗਿਆਨੀ ਸੰਦੀਪ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਕਿਤਾਬਾਂ ਰਾਹੀਂ ਕਈ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਅ ਦੇਖਿਆ ਹੈ।
ਉਨ੍ਹਾਂ ਕਿਹਾ, “ਅਸੀਂ 2016 ਵਿੱਚ ਆਪਣੇ ਘਰਾਂ ਤੋਂ ਕਿਤਾਬਾਂ ਲਿਆ ਕੇ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਸੀ। ਨਸ਼ੇ ਕਾਰਨ ਲੰਮੇ ਸਮੇਂ ਤੋਂ ਪ੍ਰਭਾਵਿਤ ਹੋ ਚੁੱਕੇ ਮਰੀਜ਼ ਹੌਲੀ-ਹੌਲੀ ਲਾਇਬ੍ਰੇਰੀ ਆਉਣ ਲੱਗੇ। ਜ਼ਿਆਦਾਤਰ ਪ੍ਰੇਰਣਾਦਾਇਕ ਕਿਤਾਬਾਂ ਪੜ੍ਹਦੇ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਨਸ਼ੇ ਤੋਂ ਉਭਰਨ ਅਤੇ ਮੁੜ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਕੀਤੀ। ਇਸ ਦੌਰਾਨ ਸਾਨੂੰ ਇਹ ਵੀ ਪਤਾ ਲੱਗਿਆ ਕਿ ਕਈ ਲੋਕਾਂ ਨੂੰ ਇਹ ਬੁਨਿਆਦੀ ਜਾਣਕਾਰੀ ਵੀ ਨਹੀਂ ਸੀ ਕਿ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਸੂਈਆਂ ਰਾਹੀਂ ਐਚਆਈਵੀ/ਏਡਜ਼ ਫੈਲ ਸਕਦਾ ਹੈ। ਸਾਡੀ ਲਾਇਬ੍ਰੇਰੀ ਵਿੱਚ ਜੀਵਨੀਆਂ, ਧਾਰਮਿਕ ਕਿਤਾਬਾਂ ਅਤੇ ਨਸ਼ਾ ਵਿਰੋਧੀ ਸਾਹਿਤ ਬਹੁਤ ਪੜ੍ਹਿਆ ਜਾਂਦਾ ਹੈ । ਹਾਲਾਂਕਿ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਕਿਤਾਬ ਡਾ. ਨਰਿੰਦਰ ਸਿੰਘ ਕਪੂਰ ਦੀ ‘ਡੂੰਘੀਆਂ ਸਿਖਰਾਂ’ ਹੈ।”
ਸਿੱਖ ਧਰਮ, ਸਿੱਖ ਇਤਿਹਾਸ, ਅਧਿਆਤਮ ਅਤੇ ਮਹਾਨ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਨਾਲ ਸਬੰਧਤ ਕਿਤਾਬਾਂ ਸਭ ਤੋਂ ਵੱਧ ਪਸੰਦ ਕੀਤੀਆਂ ਜਾਂਦੀਆਂ ਹਨ। ਕਾਊਂਸਲਰਾਂ ਦਾ ਕਹਿਣਾ ਹੈ ਕਿ ਕਈ ਮਰੀਜ਼ ਸੰਘਰਸ਼ ਅਤੇ ਮੁਸ਼ਕਲਾਂ ਤੋਂ ਬਾਅਦ ਸਫ਼ਲਤਾ ਹਾਸਲ ਕਰਨ ਵਾਲੇ ਲੋਕਾਂ ਦੀਆਂ ਕਹਾਣੀਆਂ ਵੱਲ ਖ਼ਾਸ ਤੌਰ 'ਤੇ ਆਕਰਸ਼ਿਤ ਹੁੰਦੇ ਹਨ। ਅਜਿਹੀਆਂ ਕਹਾਣੀਆਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਮਹਿਸੂਸ ਹੁੰਦੀਆਂ ਹਨ। ਕੇਂਦਰ ਵਿੱਚ ਇਲਾਜ ਅਧੀਨ ਇੱਕ ਮਰੀਜ਼ ਨੇ ਦੱਸਿਆ ਕਿ ਪੜ੍ਹਨਾ ਉਸ ਲਈ ਪ੍ਰੇਰਣਾ ਦਾ ਸਰੋਤ ਬਣ ਗਿਆ ਹੈ।
ਨਥਾਣਾ ਪਿੰਡ ਦੇ ਪਰਮਿੰਦਰ ਸਿੰਘ (ਬਦਲਿਆ ਹੋਇਆ ਨਾਮ), ਜੋ ਇਸ ਵੇਲੇ ਬਠਿੰਡਾ ਕੇਂਦਰ ਵਿੱਚ ਇਲਾਜ ਅਧੀਨ ਹਨ, ਨੇ ਕਿਹਾ, “ਮੈਨੂੰ ਸਿੱਖ ਇਤਿਹਾਸ ਅਤੇ ਸਵੈ-ਜੀਵਨੀਆਂ ਪੜ੍ਹਨਾ ਪਸੰਦ ਹੈ। ਜਦੋਂ ਤੁਸੀਂ ਉਨ੍ਹਾਂ ਲੋਕਾਂ ਬਾਰੇ ਪੜ੍ਹਦੇ ਹੋ ਜਿਨ੍ਹਾਂ ਨੇ ਮੁਸ਼ਕਲਾਂ ਦਾ ਸਾਹਮਣਾ ਕੀਤਾ ਅਤੇ ਫਿਰ ਵੀ ਜ਼ਿੰਦਗੀ ਵਿੱਚ ਸਫ਼ਲਤਾ ਹਾਸਲ ਕੀਤੀ, ਤਾਂ ਹੌਂਸਲਾ ਮਿਲਦਾ ਹੈ। ਮੈਂ ਹਾਲ ਹੀ ਵਿੱਚ ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਬਾਰੇ ਪੜ੍ਹਿਆ, ਜੋ ਮੈਨੂੰ ਬਹੁਤ ਪ੍ਰੇਰਣਾਦਾਇਕ ਲੱਗਿਆ।”
ਮਲੇਰਕੋਟਲਾ ਦੇ ਅੱਬਾਸਪੁਰਾ ਨਿਵਾਸੀ ਬਲਦੇਵ ਸਿੰਘ ਨੇ ਕਿਹਾ ਕਿ ਲਾਇਬ੍ਰੇਰੀ ਨੇ ਉਨ੍ਹਾਂ ਨੂੰ ਆਪਣੀ ਇੱਕ ਪੁਰਾਣੀ ਆਦਤ ਨਾਲ ਮੁੜ ਜੋੜ ਦਿੱਤਾ ਹੈ। ਉਨ੍ਹਾਂ ਕਿਹਾ, “ਮੈਨੂੰ ਖ਼ਾਸ ਤੌਰ 'ਤੇ ਡਾ. ਸਤਨਾਮ ਸਿੰਘ ਸੰਧੂ ਦੀਆਂ ਕਿਤਾਬਾਂ ਪੜ੍ਹਨਾ ਪਸੰਦ ਹੈ। ਪੜ੍ਹਨ ਨਾਲ ਮੇਰਾ ਮਨ ਰੁੱਝਿਆ ਰਹਿੰਦਾ ਹੈ ਅਤੇ ਮੈਂ ਆਪਣੇ ਮਕਸਦ 'ਤੇ ਧਿਆਨ ਕੇਂਦਰਿਤ ਰੱਖ ਪਾਉਂਦਾ ਹਾਂ।”
ਕਾਊਂਸਲਰਾਂ ਦਾ ਕਹਿਣਾ ਹੈ ਕਿ ਅਜਿਹੇ ਤਜ਼ਰਬੇ ਹੁਣ ਲਗਾਤਾਰ ਸਾਹਮਣੇ ਆ ਰਹੇ ਹਨ। ਜੋ ਮਰੀਜ਼ ਸ਼ੁਰੂ ਵਿੱਚ ਪੜ੍ਹਨ ਵਿੱਚ ਦਿਲਚਸਪੀ ਨਹੀਂ ਦਿਖਾਉਂਦੇ, ਉਹ ਹੌਲੀ-ਹੌਲੀ ਇਹ ਆਦਤ ਵਿਕਸਿਤ ਕਰ ਲੈਂਦੇ ਹਨ। ਉਹ ਪਹਿਲਾਂ ਛੋਟੀਆਂ ਅਤੇ ਸਰਲ ਕਿਤਾਬਾਂ ਨਾਲ ਸ਼ੁਰੂਆਤ ਕਰਦੇ ਹਨ ਅਤੇ ਬਾਅਦ ਵਿੱਚ ਇੱਕ-ਦੂਜੇ ਨਾਲ ਕਿਤਾਬਾਂ ਦਾ ਆਦਾਨ-ਪ੍ਰਦਾਨ ਕਰਦੇ ਹਨ, ਪੜ੍ਹੀ ਹੋਈ ਸਮੱਗਰੀ 'ਤੇ ਚਰਚਾ ਕਰਦੇ ਹਨ ਅਤੇ ਧਰਮ, ਇਤਿਹਾਸ, ਕਵਿਤਾ ਅਤੇ ਹੋਰ ਵਿਸ਼ਿਆਂ ਵਿੱਚ ਘੰਟਿਆਂ ਤੱਕ ਡੁੱਬੇ ਰਹਿੰਦੇ ਹਨ।
ਇੱਕ ਪੰਨਾ ਪਲਟਣ ਦੀ ਇਸ ਸਧਾਰਨ ਪ੍ਰਕਿਰਿਆ ਦੇ ਨਾਲ, ਮੁੱਖ ਮੰਤਰੀ ਮਾਨ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ੇ ਨਾਲ ਜੂਝ ਰਹੇ ਅਨੇਕਾਂ ਲੋਕ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਇ ਸ਼ੁਰੂ ਕਰ ਰਹੇ ਹਨ।
Libraries-Are-Helping-Recovering-Youth-Break-Free-From-Drugs-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)