ਚੰਡੀਗੜ੍ਹ ਦੇ ਸੈਕਟਰ 11 ਦੀ ਦਵਾਈਆਂ ਦੀ ਦੁਕਾਨ ਤੇ ਗੋਲੀਆਂ ਚਲਾਉਣ ਵਾਲੇ ਦੋ ਆਰੋਪੀ ਪੁਲੀਸ ਮੁਕਾਬਲੇ ਦੌਰਾਨ ਜ਼ਖ਼ਮੀ
Jun18,2026
| Gurwinder Singh | Chandigarh
ਧਨਾਸ ਜੰਗਲ ਖੇਤਰ ਦੇ ਰਸਤੇ ਵਿੱਚ ਭੱਜਣ ਦੀ ਕੋਸ਼ਿਸ਼ ਦੌਰਾਨ ਪੁਲੀਸ ਫਾਇਰਿੰਗ ਦੌਰਾਨ ਹੋਏ ਜਖਮੀ
ਚੰਡੀਗੜ੍ਹ, 18 ਜੂਨ (ਗੁਰਵਿੰਦਰ ਸਿੰਘ) ਬੀਤੀ 13 ਜੂਨ ਨੂੰ ਚੰਡੀਗੜ੍ਹ ਦੇ ਸੈਕਟਰ 11 ਵਿਖੇ ਸਥਿਤ ਦਵਾਈਆਂ ਦੀ ਮਸ਼ਹੂਰ ਦੁਕਾਨ ਦੀ ਕੁਮਾਰ ਮੈਡੀਕੋਜ਼ ਦੇ ਅੰਦਰ ਵੜ ਕੇ ਉੱਥੋਂ ਦੇ ਕੈਸ਼ੀਅਰ ਨੂੰ ਗੋਲੀਆਂ ਮਾਰ ਕੇ ਕਤਲ ਦੀ ਵਾਰਦਾਤ ਵਿੱਚ ਸ਼ਾਮਿਲ ਦੋ ਆਰੋਪੀ ਅੱਜ ਤੜਕੇ ਪੁਲੀਸ ਮੁਕਾਬਲੇ ਵਿੱਚ ਜਖਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲੀਸ ਵਲੋਂ ਆਰੀਅਨ ਅਤੇ ਸੰਨੀ ਮਹਿਰਾ ਨਾਮ ਦੇ ਇਨ੍ਹਾਂ ਦੋਵਾਂ ਆਰੋਪੀਆਂ ਨੂੰ ਜੰਮੂ-ਕਸ਼ਮੀਰ ਤੋਂ ਗ੍ਰਿਫਤਾਰ ਕਰਕੇ ਬੁੱਧਵਾਰ ਦੇਰ ਸ਼ਾਮ ਚੰਡੀਗੜ੍ਹ ਲਿਆਂਦਾ ਗਿਆ ਸੀ। ਅੱਜ ਸਵੇਰੇ ਪੁਲੀਸ ਦੀਆਂ ਗੱਡੀਆਂ ਦੇ ਨਾਲ ਕ੍ਰਾਈਮ ਬ੍ਰਾਂਚ ਦਫ਼ਤਰ ਲਿਜਾਂਦੇ ਸਮੇਂ, ਮੁਲਜ਼ਮਾਂ ਨੇ ਧਨਾਸ ਜੰਗਲ ਖੇਤਰ ਦੇ ਰਸਤੇ ਵਿੱਚ ਪੁਲੀਸ ਦੀ ਗ੍ਰਿਫਤ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸਤੇ ਪੁਲੀਸ ਟੀਮ ਨੇ ਕਾਰਵਾਈ ਕਰਦਿਆਂ ਮੁਲਜ਼ਮਾਂ ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਵਲੋਂ ਗੋਲੀ ਚਲਾਏ ਜਾਣ ਤੇ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਸੈਕਟਰ 16 ਦੇ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਮੁਕਾਬਲਾ ਚੰਡੀਗੜ੍ਹ ਪੁਲੀਸ ਦੀ ਕ੍ਰਾਈਮ ਬ੍ਰਾਂਚ ਅਤੇ ਅਪਰੇਸ਼ਨ ਸੈਲ ਦੀਆਂ ਟੀਮਾਂ ਵੱਲੋਂ ਕੀਤਾ ਗਿਆ, ਜੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਲਿਆ ਰਹੀਆਂ ਸਨ।
ਇੱਥੇ ਜ਼ਿਕਰਯੋਗ ਹੈ ਕਿ ਬੀਤੀ 13 ਜੂਨ ਨੂੰ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨ ਸੈਕਟਰ 11 ਵਿਖੇ ਸਥਿਤ ਦੀ ਕੁਮਾਰ ਮੈਡੀਕੋਜ਼ ਨਾਮ ਦੀ ਦਵਾਈਆਂ ਦੀ ਮਸ਼ਹੂਰ ਦੁਕਾਨ ਦੇ ਅੰਦਰ ਦਿਨ ਦਿਹਾੜੇ ਦਾਖਿਲ ਹੋ ਕੇ ਦੁਕਾਨ ਦੇ ਕੈਸ਼ੀਅਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਫਰਾਰ ਹੋ ਗਏ ਸਨ। ਇਸ ਦੌਰਾਨ ਹਮਲਾਵਰਾਂ ਨੇ ਕੁਝ ਹੀ ਸਕਿੰਟਾਂ ਵਿੱਚ 13 ਗੋਲੀਆਂ ਚਲਾਈਆਂ ਸਨ ਅਤੇ ਗੋਲੀਆਂ ਲੱਗਣ ਕਰਕੇ ਮੈਡੀਕਲ ਸਟੋਰ ਦਾ ਕੈਸ਼ੀਅਰ ਜਾਨਕੀ ਦਾਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ।
ਇਸ ਸੰਬੰਧੀ ਚੰਡੀਗੜ੍ਹ ਪੁਲੀਸ ਦੀਆਂ ਵੱਖ ਵੱਖ ਟੀਮਾਂ ਵੱਲੋਂ ਉਕਤ ਮਾਮਲੇ ਸਬੰਧੀ ਜਾਂਚ ਦੌਰਾਨ ਲਗਭਗ ਤਿੰਨ ਦਿਨਾਂ ਦੇ ਸੰਘਰਸ਼ ਤੋਂ ਬਾਅਦ ਮੁਲਜ਼ਮਾਂ ਦੀ ਪਛਾਣ ਕੀਤੀ ਸੀ ਅਤੇ ਉਨ੍ਹਾਂ ਦੀ ਲੋਕੇਸ਼ਨ ਰਾਜੌਰੀ (ਜੰਮੂ-ਕਸ਼ਮੀਰ) ਵਿਖੇ ਟਰੇਸ ਕੀਤੀ ਸੀ। ਦੱਸਿਆ ਗਿਆ ਹੈ ਕਿ ਇਸ ਵਿਸ਼ਾਲ ਤਲਾਸ਼ੀ ਮੁਹਿੰਮ ਵਿੱਚ ਕਈ ਰਾਜਾਂ ਦੀ ਪੁਲੀਸ ਸ਼ਾਮਲ ਸੀ, ਜੋ ਅਖੀਰ ਵਿੱਚ ਰਾਜੌਰੀ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਖਤਮ ਹੋਈ।
ਸੂਤਰਾਂ ਅਨੁਸਾਰ ਤੀਜਾ ਮੁਲਜ਼ਮ ਅਜੇ ਵੀ ਫਰਾਰ ਹੈ। ਦੱਸਿਆ ਜਾ ਰਿਹਾ ਹੈ ਕਿ ਸੰਨੀ ਹੀ ਉਹ ਸ਼ੂਟਰ ਹੈ ਜਿਸ ਨੇ ਇੱਕ ਆਧੁਨਿਕ ਹਥਿਆਰ ਨਾਲ 13 ਗੋਲੀਆਂ ਚਲਾਈਆਂ ਸਨ। ਹਾਲਾਂਕਿ ਪੁਲੀਸ ਵੱਲੋਂ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਵਾਰਦਾਤ ਵਿੱਚ ਵਰਤੇ ਗਏ ਹਥਿਆਰ ਵੀ ਅਜੇ ਬਰਾਮਦ ਕੀਤੇ ਜਾਣੇ ਬਾਕੀ ਹਨ।
Two-Accused-Who-Opened-Fire-At-A-Drug-Store-In-Sector-11-Chandigarh-Injured-In-Police-Encounter