ਖੰਨਾ 'ਚ ਹਾਈਵੋਲਟੇਜ ਡਰਾਮਾ: ਕਾਊਂਟਰ ਇੰਟੈਲੀਜੈਂਸ ਨੂੰ ਦੇਖ ਛੱਤ 'ਤੇ ਚੜ੍ਹਿਆ ਵਿਅਕਤੀ
Jul7,2026
| Ravinder Singh Dhilllon | Khanna
ਖੰਨਾ 'ਚ ਹਾਈਵੋਲਟੇਜ ਡਰਾਮਾ: ਕਾਊਂਟਰ ਇੰਟੈਲੀਜੈਂਸ ਨੂੰ ਦੇਖ ਛੱਤ 'ਤੇ ਚੜ੍ਹਿਆ ਵਿਅਕਤੀ, 2 ਘੰਟੇ ਚੱਲਿਆ ਰੈਸਕਿਊ, ਵੀਡੀਓ ਵਾਇਰਲ ਕਰ ਇਨਕਾਊਂਟਰ ਦਾ ਜਤਾਇਆ ਖ਼ਦਸ਼ਾ
-ਖੰਨਾ ਦੇ ਬੁੱਲੇਪੁਰ ਇਲਾਕੇ ਚ ਮੰਗਲਵਾਰ ਨੂੰ ਉਸ ਵੇਲੇ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ, ਜਦੋਂ ਕਾਊਂਟਰ ਇੰਟੈਲੀਜੈਂਸ ਦੀ ਟੀਮ ਦੀ ਆਮਦ ਤੋਂ ਬਾਅਦ ਇੱਕ ਵਿਅਕਤੀ ਆਪਣੇ ਕਿਰਾਏ ਦੇ ਮਕਾਨ ਦੀ ਛੱਤ 'ਤੇ ਚੜ੍ਹ ਗਿਆ ਅਤੇ ਕਰੀਬ ਦੋ ਘੰਟੇ ਤੱਕ ਹੇਠਾਂ ਉਤਰਣ ਤੋਂ ਇਨਕਾਰ ਕਰਦਾ ਰਿਹਾ।
ਜਾਣਕਾਰੀ ਅਨੁਸਾਰ ਕਾਊਂਟਰ ਇੰਟੈਲੀਜੈਂਸ ਦੀ ਟੀਮ ਕਿਸੇ ਇਨਪੁੱਟ ਦੇ ਆਧਾਰ 'ਤੇ ਉਕਤ ਵਿਅਕਤੀ ਦੀ ਵੈਰੀਫਿਕੇਸ਼ਨ ਲਈ ਪਿੰਡ ਬੁੱਲੇਪੁਰ ਪਹੁੰਚੀ ਸੀ। ਜਿਵੇਂ ਹੀ ਟੀਮ ਉਸ ਦੇ ਘਰ ਪਹੁੰਚੀ ਤਾਂ ਉਹ ਘਰ ਦੀ ਛੱਤ 'ਤੇ ਚੜ੍ਹ ਗਿਆ ਅਤੇ ਪੁਲਿਸ ਦੇ ਹੱਥ ਨਹੀਂ ਆਇਆ। ਸਥਿਤੀ ਨੂੰ ਦੇਖਦੇ ਹੋਏ ਕਾਊਂਟਰ ਇੰਟੈਲੀਜੈਂਸ ਨੇ ਮਕਾਨ ਦੇ ਆਲੇ-ਦੁਆਲੇ ਘੇਰਾਬੰਦੀ ਕਰ ਦਿੱਤੀ।
ਇਸ ਦੌਰਾਨ ਛੱਤ 'ਤੇ ਖੜ੍ਹੇ ਵਿਅਕਤੀ ਨੇ ਇੱਕ ਵੀਡੀਓ ਵੀ ਵਾਇਰਲ ਕਰ ਦਿੱਤੀ, ਜਿਸ ਵਿੱਚ ਉਸ ਨੇ ਦਾਅਵਾ ਕੀਤਾ ਕਿ ਉਸ ਦਾ ਇਨਕਾਊਂਟਰ ਕੀਤਾ ਜਾ ਸਕਦਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਹੋਰ ਸੰਵੇਦਨਸ਼ੀਲ ਹੋ ਗਿਆ ਅਤੇ ਸਥਾਨਕ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ।
ਸੂਚਨਾ ਮਿਲਦੇ ਹੀ ਖੰਨਾ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਕਰੀਬ ਦੋ ਘੰਟਿਆਂ ਤੱਕ ਪੁਲਿਸ ਅਤੇ ਅਧਿਕਾਰੀਆਂ ਵੱਲੋਂ ਲਗਾਤਾਰ ਵਿਅਕਤੀ ਨੂੰ ਸਮਝਾਇਆ ਜਾਂਦਾ ਰਿਹਾ। ਕਾਫੀ ਮੁਸ਼ੱਕਤ ਤੋਂ ਬਾਅਦ ਉਹ ਹੇਠਾਂ ਉਤਰਿਆ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਸੁਰੱਖਿਅਤ ਹਿਰਾਸਤ ਵਿੱਚ ਲੈ ਲਿਆ।
ਡੀਐਸਪੀ ਮੋਹਿਤ ਸਿੰਗਲਾ ਨੇ ਦੱਸਿਆ ਕਿ ਛੱਤ 'ਤੇ ਚੜ੍ਹੇ ਵਿਅਕਤੀ ਸਬੰਧੀ ਸੂਚਨਾ ਮਿਲਣ 'ਤੇ ਪੁਲਿਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਸੀ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਉਸ ਨੂੰ ਸਮਝਾ ਕੇ ਹੇਠਾਂ ਉਤਾਰਿਆ ਗਿਆ ਅਤੇ ਹੁਣ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਗਲੀ ਕਾਰਵਾਈ ਪੁੱਛਗਿੱਛ ਦੇ ਆਧਾਰ 'ਤੇ ਕੀਤੀ ਜਾਵੇਗੀ।
Khanna-High-Voltage-Drama-Counter-Inteligence-Police