ਬਲੌਂਗੀ ਵਿੱਚ ਜਨਮਦਿਨ ਪਾਰਟੀ ਦੌਰਾਨ ਖੂਨੀ ਟਕਰਾਅ, ਨੌਜਵਾਨ ਦਾ ਗਲਾ ਵੱਢ ਕੇ ਕਤਲ
May28,2026
| Gurvinder Singh Mohali | Mohali
ਮਾਮੂਲੀ ਤਕਰਾਰ ਨੇ ਲਿਆ ਭਿਆਨਕ ਰੂਪ; ਦੋ ਨੌਜਵਾਨ ਜਖਮੀ, ਮੁੱਖ ਆਰੋਪੀ ਮਨੀਸ਼ ਫਰਾਰ
ਮੋਹਾਲੀ, 28 ਮਈ
ਗੁਰਵਿੰਦਰ ਸਿੰਘ
ਮੋਹਾਲੀ ਦੀ ਜ਼ੂਹ ਵਿੱਚ ਪੈਂਦੇ ਪਿੰਡ ਬਲੌਂਗੀ ਦੀ ਆਦਰਸ਼ ਕਾਲੋਨੀ ਵਿੱਚ ਬੀਤੀ ਦੇਰ ਰਾਤ ਮਾਮੂਲੀ ਗੱਲ ਤੋਂ ਬਾਅਦ ਅਭਿਸ਼ੇਕ ਨਾਮ ਦੇ ਇੱਕ ਨੌਜਵਾਨ ਦਾ ਗਲਾ ਵੱਢ ਕੇ ਕਤਲ ਕਰਨ ਦਾ ਮਾਮਲਾ ਸਾਮ੍ਹਣੇ ਆਇਆ ਹੈ। ਵਾਰਦਾਤ ਤੋਂ ਬਾਅਦ ਬਲੌਂਗੀ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਮ੍ਰਿਤਕ ਅਭਿਸ਼ੇਕ ਦੇ ਭਰਾ ਦੀਪਕ ਕੁਮਾਰ ਅਤੇ ਜਖਮੀ ਨੌਜਵਾਨ ਜੋਤਿਸ਼ ਦੇ ਭਰਾ ਨਿਤੀਸ਼ ਨੇ ਦੱਸਿਆ ਕਿ ਬੀਤੀ ਰਾਤ ਪ੍ਰਸ਼ਾਂਤ ਦਾ ਜਨਮ ਦਿਨ ਸੀ ਅਤੇ ਅਭਿਸ਼ੇਕ ਅਤੇ ਜੋਤਿਸ਼ ਪ੍ਰਸ਼ਾਂਤ ਦਾ ਜਨਮਦਿਨ ਮਨਾਉਣ ਉੱਥੇ ਗਏ ਸੀ। ਉਹਨਾਂ ਦੱਸਿਆ ਕਿ ਹਮਲਾਵਰ ਮਨੀਸ਼ ਪਹਿਲਾਂ ਪ੍ਰਸ਼ਾਂਤ ਦੇ ਪਿਤਾ ਨਾਲ ਗਾਲੀ ਗਲੌਚ ਕਰਦਾ ਸੀ ਅਤੇ ਪਾਰਟੀ ਵੇਲੇ ਗਲੀ ਵਿੱਚ ਆਪਣੇ ਦੋਸਤਾਂ ਨੂੰ ਇਸ ਸੰਬੰਧੀ ਦੱਸਿਆ ਸੀ, ਜਿਸ ’ਤੇ ਉਹਨਾਂ ਦੋਵਾਂ ਨੇ ਕਿਹਾ ਕਿ ਮਨੀਸ਼ ਨਾਲ ਗੱਲ ਕਰ ਲੈਂਦੇ ਹਾਂ।
ਉਹਨਾਂ ਦੱਸਿਆ ਕਿ ਜਦੋਂ ਉਹਨਾਂ ਨੇ ਮਨੀਸ਼ ਨੂੰ ਪ੍ਰਸ਼ਾਂਤ ਦੇ ਪਿਤਾ ਨੂੰ ਗਲਤ ਬੋਲਣ ਬਾਰੇ ਪੁੱਛਿਆ ਤਾਂ ਮਨੀਸ਼ ਨੇ ਪ੍ਰਸ਼ਾਂਤ ’ਤੇ ਹਮਲਾ ਕਰ ਦਿੱਤਾ। ਜਦੋਂ ਅਭਿਸ਼ੇਕ ਨੇ ਛੁੜਾਉਣ ਦੀ ਕੋਸ਼ਿਸ਼ ਕੀਤੀ ਤਾਂ ਮਨੀਸ਼ ਨੇ ਚਾਕੂ ਕੱਢ ਕੇ ਉਸਦੀ ਗਰਦਨ ’ਤੇ ਵਾਰ ਕਰ ਦਿੱਤਾ, ਜਿਸ ਕਾਰਨ ਉਸਦੀ ਗਰਦਨ ’ਤੇ ਡੂੰਘਾ ਜਖਮ ਹੋ ਗਿਆ ਅਤੇ ਉਹ ਮੌਕੇ ’ਤੇ ਹੀ ਡਿੱਗ ਪਿਆ। ਬਾਅਦ ਵਿੱਚ ਉਸਦੀ ਮੌਤ ਹੋ ਗਈ।
ਇਸ ਦੌਰਾਨ ਮਨੀਸ਼ ਨੇ ਪ੍ਰਸ਼ਾਂਤ ਅਤੇ ਜੋਤਿਸ਼ ’ਤੇ ਵੀ ਹਮਲਾ ਕਰ ਦਿੱਤਾ, ਜਿਸ ਕਾਰਨ ਦੋਵੇਂ ਜਖਮੀ ਹੋ ਗਏ। ਇੱਕ ਦੀ ਬਾਂਹ ਅਤੇ ਦੂਜੇ ਦੀ ਲੱਤ ’ਤੇ ਜਖਮ ਆਏ ਹਨ। ਦੋਵਾਂ ਨੂੰ ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਅੱਜ ਬਾਅਦ ਦੁਪਹਿਰ ਪ੍ਰਸ਼ਾਂਤ ਨੂੰ ਛੁੱਟੀ ਮਿਲ ਗਈ, ਜਦੋਂਕਿ ਜੋਤਿਸ਼ ਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਹੈ। ਹਮਲੇ ਤੋਂ ਬਾਅਦ ਮਨੀਸ਼ ਮੌਕੇ ਤੋਂ ਫਰਾਰ ਹੋ ਗਿਆ।
ਸੰਪਰਕ ਕਰਨ ’ਤੇ ਥਾਣਾ ਬਲੌਂਗੀ ਦੇ ਐਸਐਚਓ ਪੈਰੀਵਿੰਕਲ ਗਰੇਵਾਲ ਨੇ ਦੱਸਿਆ ਕਿ ਬੀਤੀ ਰਾਤ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਹੋਇਆ ਹੈ ਅਤੇ ਦੋ ਨੌਜਵਾਨ ਜਖਮੀ ਹੋਏ ਹਨ। ਉਹਨਾਂ ਕਿਹਾ ਕਿ ਪੁਲੀਸ ਵੱਲੋਂ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਮਲਾਵਰ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।
Mohali-News-