* ਵਿਧਾਨ ਸਭਾ ਦੇ ਇਤਿਹਾਸਕ ਇਜਲਾਸ ਦੌਰਾਨ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਸੋਧ ਅਤੇ ਵਾਧੇ ਸਬੰਧੀ ਮਤਾ ਸਰਬਸੰਮਤੀ ਨਾਲ ਹੋਇਆ ਪਾਸ
ਕੌਮਾਂਤਰੀ ਮਜ਼ਦੂਰ ਦਿਵਸ ਦੇ ਮੌਕੇ ਕਿਰਤ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਸੂਬੇ ਭਰ ਦੇ ਮਜ਼ਦੂਰਾਂ ਲਈ ਘੱਟੋ-ਘੱਟ ਉਜਰਤਾਂ ਦੀਆਂ ਦਰਾਂ ਨੂੰ ਸੋਧਣ ਅਤੇ ਵਧਾਉਣ ਸਬੰਧੀ ਇੱਕ ਅਹਿਮ ਮਤਾ ਪੇਸ਼ ਕੀਤਾ। ਇਹ ਮਤਾ 'ਕਿਰਤੀ ਦਿਵਸ' (ਮਜ਼ਦੂਰ ਦਿਵਸ) ਮੌਕੇ ਸੱਦੇ ਗਏ ਵਿਧਾਨ ਸਭਾ ਦੇ ਇੱਕ ਵਿਸ਼ੇਸ਼ ਅਤੇ ਇਤਿਹਾਸਕ ਇਜਲਾਸ ਦੌਰਾਨ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਮੰਤਰੀ ਨੇ ਕਿਰਤੀਆਂ ਲਈ ਘੱਟੋ-ਘੱਟ ਉਜਰਤਾਂ ਦੇ ਬੇਸਿਕ ਰੇਟਾਂ ਵਿੱਚ 15 ਫੀਸਦੀ ਵਾਧਾ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਵੀ ਕੀਤਾ।
ਮਤਾ ਪੇਸ਼ ਕਰਦਿਆਂ ਕਿਰਤ ਮੰਤਰੀ ਨੇ ਦੱਸਿਆ ਕਿ ਦੇਸ਼, ਸਮਾਜ ਅਤੇ ਅਰਥਵਿਵਸਥਾ ਦੀ ਰੀੜ੍ਹ ਮੰਨੇ ਜਾਂਦੇ ਮਜ਼ਦੂਰਾਂ ਦੇ ਵਡਮੁੱਲੇ ਯੋਗਦਾਨ ਨੂੰ ਸ਼ਰਧਾਂਜਲੀ ਦੇਣ ਲਈ ਲਗਭਗ 69 ਸਾਲਾਂ ਬਾਅਦ 1 ਮਈ ਨੂੰ ਅਜਿਹਾ ਇਤਿਹਾਸਕ ਇਜਲਾਸ ਸੱਦਿਆ ਗਿਆ ਹੈ। ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ ਹਰ ਵਿਕਾਸ ਪ੍ਰਾਜੈਕਟ ਅਤੇ ਤਰੱਕੀ ਦਾ ਹਰ ਮੀਲ ਪੱਥਰ ਕਿਰਤੀਆਂ ਦੇ ਅਣਥੱਕ ਯਤਨਾਂ, ਸਮਰਪਣ ਅਤੇ ਸਿਰੜ ਕਰਕੇ ਹੀ ਸੰਭਵ ਹੁੰਦਾ ਹੈ।
ਮਈ ਦਿਵਸ ਦੀ ਇਤਿਹਾਸਕ ਮਹੱਤਤਾ ਦਾ ਜ਼ਿਕਰ ਕਰਦਿਆਂ ਸ. ਸੌਂਦ ਨੇ ਕਿਹਾ ਕਿ ਇਹ ਦਿਨ 1886 ਵਿੱਚ ਸ਼ਿਕਾਗੋ ਦੇ ਹੇਅਮਾਰਕਿਟ ਸਕੁਏਅਰ ਵਿਖੇ ਇਤਿਹਾਸਕ ਅੰਦੋਲਨ ਦੌਰਾਨ ਮਜ਼ਦੂਰਾਂ ਵੱਲੋਂ ਕੀਤੀਆਂ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਹੈ। ਜ਼ਿਕਰਯੋਗ ਹੈ ਕਿ ਮਜ਼ਦੂਰਾਂ ਦੀ ਅੱਠ ਘੰਟੇ ਕੰਮ ਕਰਨ ਦੀ ਮੰਗ ਵੀ ਇਸੇ ਅੰਦੋਲਨ ਦੇ ਸਿੱਟੇ ਵਜੋਂ ਉੱਠੀ ਸੀ। ਇਹ ਦਿਨ ਸਮਾਜਿਕ ਨਿਆਂ, ਬਿਹਤਰ ਕੰਮਕਾਜੀ ਮਾਹੌਲ ਅਤੇ ਕਿਰਤ ਅਧਿਕਾਰਾਂ ਦੀ ਨਿਰੰਤਰ ਪ੍ਰਾਪਤੀ ਦਾ ਪ੍ਰਤੀਕ ਮੰਨਿਆਂ ਜਾਂਦਾ ਹੈ।
ਮੰਤਰੀ ਨੇ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਸ਼ਾਨਾਮੱਤੀ ਅਧਿਆਤਮਿਕ ਵਿਰਾਸਤ ਦਾ ਹਵਾਲਾ ਦਿੰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ “ਕਿਰਤ ਕਰੋ, ਨਾਮ ਜਪੋ, ਅਤੇ ਵੰਡ ਛਕੋ'' ਦੇ ਸਿਧਾਂਤਾਂ ਨੂੰ ਯਾਦ ਕੀਤਾ, ਜੋ ਨਾਲ ਸਿਰਫ਼ ਅਜੋਕੇ ਦੌਰ ਵਿੱਚ ਪ੍ਰਸੰਗਿਕ ਹਨ ਸਗੋਂ ਕਿਰਤ ਦੀ ਸ਼ਾਨ ਅਤੇ ਮਹੱਤਤਾ 'ਤੇ ਵੀ ਅਧਾਰਤ ਹਨ।
ਮੌਜੂਦਾ ਉਜਰਤ ਢਾਂਚੇ ਵੱਲ ਧਿਆਨ ਦਿਵਾਉਂਦਿਆਂ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਪੰਜਾਬ ਵਿੱਚ ਘੱਟੋ-ਘੱਟ ਉਜਰਤਾਂ ਦੇ ਬੇਸਿਕ ਰੇਟ ਆਖਰੀ ਵਾਰ 2012 ਵਿੱਚ ਸੋਧੇ ਗਏ ਸਨ ਅਤੇ ਹੁਣ ਸਾਡੇ ਦੂਰਦਰਸ਼ੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਮਜ਼ਦੂਰਾਂ ਨੂੰ ਇਹ ਅਤਿ-ਲੋੜੀਂਦੀ ਰਾਹਤ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਅੱਗੇ ਕਿਹਾ ਕਿ ਭਾਵੇਂ ਮਹਿੰਗਾਈ ਭੱਤੇ ਵਿੱਚ ਸਮੇਂ-ਸਮੇਂ 'ਤੇ ਵਾਧਾ ਹੋਇਆ ਹੈ, ਪਰ ਮੂਲ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ, ਜੋ ਮਜ਼ਦੂਰ ਵਰਗ ਨੂੰ ਬਹੁਤ ਮਹਿੰਗਾ ਪਿਆ ਹੈ। ਸਮੇਂ ਸਿਰ ਸੋਧ ਦੀ ਲੋੜ ਨੂੰ ਪਛਾਣਦਿਆਂ ਸਦਨ ਨੇ ਜ਼ੋਰਦਾਰ ਸਿਫਾਰਸ਼ ਕੀਤੀ ਕਿ ਸਰਕਾਰ ਘੱਟੋ-ਘੱਟ ਉਜਰਤਾਂ ਨੂੰ ਵਧਾਉਣ ਲਈ ਇੱਕ ਫੈਸਲਾਕੁੰਨ ਕਦਮ ਚੁੱਕੇ।
ਮਤਾ, ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਕਾਮਿਆਂ ਨੂੰ ਸੂਬੇ ਦੇ ਵਿਕਾਸ ਅਤੇ ਖੁਸ਼ਹਾਲੀ ਵਿੱਚ ਉਹਨਾਂ ਵੱਲੋਂ ਪਾਏ ਅਥਾਹ ਯੋਗਦਾਨ ਲਈ ਢੁਕਵੀਂ ਮਾਨਤਾ, ਬਣਦਾ ਮੁਆਵਜ਼ਾ ਅਤੇ ਮਾਣ-ਸਨਮਾਨ ਦਿੱਤਾ ਜਾਵੇ। ਸਰਬਸੰਮਤੀ ਨਾਲ ਮਤੇ ਦਾ ਪਾਸ ਹੋਣਾ ਪੰਜਾਬ ਭਰ ਦੇ ਮਜ਼ਦੂਰਾਂ ਦੀ ਭਲਾਈ ਅਤੇ ਉੱਨਤੀ ਲਈ ਸਦਨ ਦੀ ਸਮੂਹਿਕ ਵਚਨਬੱਧਤਾ ਦਾ ਪ੍ਰਤੱਖ ਪ੍ਰਮਾਣ ਹੈ।
ਕਿਰਤ ਮੰਤਰੀ ਨੇ ਇਨਕਲਾਬੀ ਪੰਜਾਬੀ ਕਵੀ ਸੰਤ ਰਾਮ ਉਦਾਸੀ ਦਾ ਇੱਕ ਭਾਵੁਕ ਨਜ਼ਮ ਵੀ ਸੁਣਾਈ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਦੇ ਹੱਕ ਵਿੱਚ ਕੀਤੇ ਗਏ ਸੁਹਿਰਦ ਉਪਰਾਲਿਆਂ 'ਤੇ ਵੀ ਚਾਨਣਾ ਪਾਇਆ।
ਇਸ ਮਤੇ ‘ਤੇ ਕੈਬਨਿਟ ਮੰਤਰੀਆਂ ਐਡਵੋਕੇਟ ਹਰਪਾਲ ਸਿੰਘ ਚੀਮਾ, ਸ੍ਰੀ ਲਾਲ ਚੰਦ ਕਟਾਰੂਚੱਕ, ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਲਾਭ ਸਿੰਘ ਉਗੋਕੇ, ਸਰਵਜੀਤ ਕੌਰ ਮਾਣੂਕੇ ਸਮੇਤ ਹੋਰ ਮੈਂਬਰਾਂ ਨੇ ਵਿਚਾਰ-ਵਟਾਂਦਰੇ ਵਿੱਚ ਸ਼ਿਰਕਤ ਕੀਤੀ
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)