*-ਵੀਡੀਸੀ ਬਣੇ ਨਸ਼ਾ ਮਾਫੀਆ ਦੇ ਖ਼ਿਲਾਫ਼ ਸਰਕਾਰ ਦੀਆਂ ਅੱਖਾਂ ਅਤੇ ਕੰਨ* *-ਵੀਡੀਸੀ ਤੋਂ ਮਿਲੀ ਹਰ ਸੂਚਨਾ ’ਤੇ ਡੀਜੀਪੀ ਲੈਵਲ ਤੱਕ ਸਿੱਧਾ ਐਕਸ਼ਨ* *-ਸੂਚਨਾ ਦੇਣ ਵਾਲੇ ਵੀਡੀਸੀ ਮੈਂਬਰਾਂ ਦਾ ਨਾਮ ਰਹੇਗਾ ਪੂਰੀ ਤਰ੍ਹਾਂ ਗੁਪਤ* *-ਹਰ ਹਫ਼ਤਾ/ਪੱਖਵਾੜੇ ਪਿੰਡ-ਵਾਰਡ ਵਿੱਚ ਨਸ਼ੇ ਦੇ ਠਿਕਾਣਿਆਂ ’ਤੇ ਵੀਡੀਸੀ ਦੀ ਸਮੀਖਿਆ ਬੈਠਕ* *-15 ਦਿਨਾਂ ਵਿੱਚ 300 ਤੋਂ ਵੱਧ ਸਟ੍ਰੀਟ ਲੈਵਲ ਡਰੱਗ ਸੈਲਰ ਗ੍ਰਿਫ਼ਤਾਰ* ਚੰਡੀਗੜ੍ਹ, 17 ਫਰਵਰੀ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਵਿਰੋਧੀ ਪਾਰਟੀਆਂ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਬੀਤੇ ਦਿਨੀਂ ਮੋਗਾ ਦੇ ਕਿੱਲੀ ਚਾਹਲਾਂ ਵਿਖੇ ਆਯੋਜਿਤ ਵਿਲੇਜ ਡਿਫੈਂਸ ਕਮੇਟੀ (ਵੀਡੀਸੀ) ਦੇ ਸਹੁੰ ਚੁੱਕ ਸਮਾਗਮ ਨੇ ਉਨ੍ਹਾਂ ਰਵਾਇਤੀ ਪਾਰਟੀਆਂ ਦੀ ਤਕਲੀਫ਼ ਵਧਾ ਦਿੱਤੀ ਹੈ, ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ 'ਚਿੱਟੇ' ਦੀ ਅੱਗ ਵਿੱਚ ਧੱਕਿਆ ਸੀ। ਪੰਨੂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਸਿਆਸੀ ਫਾਇਦੇ ਲਈ ਨਸ਼ਿਆਂ ਨੂੰ ਉਤਸ਼ਾਹਿਤ ਕੀਤਾ, ਅੱਜ ਉਨ੍ਹਾਂ ਨੂੰ ਇਸ ਗੱਲ ਦੀ ਸਭ ਤੋਂ ਵੱਧ ਤਕਲੀਫ਼ ਹੋ ਰਹੀ ਹੈ ਕਿ ਪੰਜਾਬ ਵਿੱਚੋਂ ਨਸ਼ਿਆਂ ਦਾ ਕੋਹੜ ਹਮੇਸ਼ਾ ਲਈ ਖ਼ਤਮ ਹੋਣ ਜਾ ਰਿਹਾ ਹੈ। ਮੰਗਲਵਾਰ ਨੂੰ ਪਾਰਟੀ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ 2007 ਤੋਂ 2017 ਅਤੇ ਫਿਰ 2017 ਤੋਂ 2022 ਤੱਕ ਪੰਜਾਬ ਨੇ ਉਹ ਕਾਲਾ ਦੌਰ ਦੇਖਿਆ ਹੈ ਜਦੋਂ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਸੀ, ਤਾਂ ਕੁਝ ਹੀ ਘੰਟਿਆਂ ਵਿੱਚ ਉਸ ਦੀਆਂ ਤਸਵੀਰਾਂ ਉਸ ਸਮੇਂ ਦੇ ਸੱਤਾਧਾਰੀ ਆਗੂਆਂ ਨਾਲ ਵਾਇਰਲ ਹੋ ਜਾਂਦੀਆਂ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਪੈਸੇ ਦੀ ਖ਼ਾਤਰ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ। ਅੱਜ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪੂਰੀ ਇੱਛਾ ਸ਼ਕਤੀ ਨਾਲ ਨਸ਼ਿਆਂ ਵਿਰੁੱਧ ਜੰਗ ਲੜ ਰਹੀ ਹੈ, ਤਾਂ ਇਹ ਵਿਰੋਧੀ ਆਗੂ ਬੌਖਲਾਹਟ ਵਿੱਚ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ। ਪੰਨੂ ਨੇ ਕਿਹਾ ਕਿ ਮੋਗਾ ਦੇ ਕਿੱਲੀ ਚਹਿਲ ਵਿੱਚ ਉਮੜਿਆ ਭਾਰੀ ਇਕੱਠ ਵਿਰੋਧੀਆਂ ਦੀਆਂ ਅੱਖਾਂ ਵਿੱਚ ਰੜਕ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਆਪਣੀ ਖ਼ਰਾਬ ਸਿਹਤ ਦੇ ਬਾਵਜੂਦ ਹਸਪਤਾਲ ਤੋਂ ਸਿੱਧਾ ਰੈਲੀ ਵਿੱਚ ਪਹੁੰਚੇ ਅਤੇ 1.25 ਲੱਖ ਮੈਂਬਰਾਂ ਨੂੰ ਸਹੁੰ ਚੁਕਾਈ, ਜੋ ਨਸ਼ਿਆਂ ਵਿਰੁੱਧ ਜੰਗ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਜੋ ਲੋਕ ਅਫ਼ਸਰਾਂ ਦੇ ਉੱਥੇ ਜਾਣ 'ਤੇ ਸਵਾਲ ਉਠਾ ਰਹੇ ਹਨ, ਉਹ ਸ਼ਾਇਦ ਭੁੱਲ ਗਏ ਹਨ ਕਿ ਨਸ਼ਿਆਂ ਵਿਰੁੱਧ ਇਹ ਜੰਗ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਪੁਲਿਸ, ਪ੍ਰਸ਼ਾਸਨ ਅਤੇ ਜਨਤਾ ਦੀ ਸਾਂਝੀ ਜੰਗ ਹੈ। 'ਆਪ' ਆਗੂ ਨੇ ਕਿਹਾ ਕਿ ਪੰਜਾਬ ਦੇ ਹਰ ਪਿੰਡ ਅਤੇ ਵਾਰਡ ਤੋਂ 8 ਤੋਂ 10 ਜਾਗਰੂਕ ਨਾਗਰਿਕਾਂ ਨੂੰ ਮਿਲਾ ਕੇ ਲਗਭਗ 1.25 ਮੈਂਬਰਾਂ ਦੀ ਵਿਲੇਜ ਡਿਫੈਂਸ ਕਮੇਟੀ ਬਣਾਈ ਗਈ ਹੈ। ਇਹ ਕੋਈ ਕਾਗਜ਼ੀ ਕਾਰਵਾਈ ਨਹੀਂ ਹੈ, ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ 2018 ਵਿੱਚ ਕੀਤੀ ਸੀ। ਅੱਜ ਹਰ ਮੈਂਬਰ ਕੋਲ ਇੱਕ ਵਿਸ਼ੇਸ਼ ਐਪ ਹੈ, ਜਿਸ ਰਾਹੀਂ ਨਸ਼ਾ ਵੇਚਣ ਵਾਲਿਆਂ ਦੀ ਸਿੱਧੀ ਜਾਣਕਾਰੀ ਪੁਲਿਸ ਹੈੱਡਕੁਆਰਟਰ ਅਤੇ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚਦੀ ਹੈ। ਹੁਣ ਤੱਕ ਇਸ ਐਪ ਰਾਹੀਂ 1400 ਤੋਂ ਵੱਧ ਸ਼ਿਕਾਇਤਾਂ ਆਈਆਂ ਹਨ, ਜਿਨ੍ਹਾਂ 'ਤੇ ਸਖ਼ਤ ਕਾਰਵਾਈ ਕਰਦਿਆਂ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਹ ਜਨ-ਅੰਦੋਲਨ ਹੀ ਵਿਰੋਧੀਆਂ ਦੀ ਸਭ ਤੋਂ ਵੱਡੀ ਹਾਰ ਹੈ। ਵਿਰੋਧੀ ਨੇਤਾ ਸੁਖਜਿੰਦਰ ਸਿੰਘ ਰੰਧਾਵਾ 'ਤੇ ਨਿਸ਼ਾਨਾ ਸਾਧਦਿਆਂ ਪੰਨੂ ਨੇ ਸਵਾਲ ਕੀਤਾ ਕਿ ਉਸ ਵੇਲੇ ਉਨ੍ਹਾਂ ਦੀ ਕਲਮ ਕਿਉਂ ਨਹੀਂ ਚੱਲੀ ਜਦੋਂ ਗੁਟਕਾ ਸਾਹਿਬ ਦੀ ਝੂਠੀ ਕਸਮ ਖਾ ਕੇ ਪੰਜਾਬ ਦੇ ਲੋਕਾਂ ਨੂੰ ਠੱਗਿਆ ਗਿਆ ਸੀ? ਅੱਜ ਜਦੋਂ ਪੁਲਿਸ, ਪ੍ਰਸ਼ਾਸਨ ਅਤੇ ਜਨਤਾ ਮਿਲ ਕੇ ਨਸ਼ਿਆਂ ਵਿਰੁੱਧ ਲੜ ਰਹੇ ਹਨ, ਤਾਂ ਰੰਧਾਵਾ ਸਾਹਿਬ ਕੇਂਦਰ ਨੂੰ ਚਿੱਠੀਆਂ ਲਿਖ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਮਾਨ ਸਰਕਾਰ ਨੇ ਪੰਜਾਬ ਵਿੱਚੋਂ 'ਪਰਚਾ ਕਲਚਰ' ਖ਼ਤਮ ਕੀਤਾ ਹੈ ਅਤੇ ਕਿਸੇ ਵੀ ਬੇਗੁਨਾਹ 'ਤੇ ਗਲਤ ਕਾਰਵਾਈ ਨਹੀਂ ਹੋਣ ਦਿੱਤੀ ਜਾਵੇਗੀ, ਪਰ ਨਸ਼ਾ ਵੇਚਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੰਨੂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਵਿਰੋਧੀ ਪਾਰਟੀਆਂ ਚਾਹੁੰਦੀਆਂ ਹਨ ਕਿ ਪੰਜਾਬ ਵਿੱਚ ਨਸ਼ਿਆਂ ਨਾਲ ਲਾਸ਼ਾਂ ਡਿੱਗਦੀਆਂ ਰਹਿਣ ਤਾਂ ਜੋ ਇਹ ਉਨ੍ਹਾਂ 'ਤੇ ਆਪਣੀ ਗੰਦੀ ਰਾਜਨੀਤੀ ਕਰ ਸਕਣ। ਉਨ੍ਹਾਂ ਕਿਹਾ ਕਿ 1.25 ਲੱਖ ਵੀਡੀਸੀ ਮੈਂਬਰ ਕੇਵਲ ਨਸ਼ਾ ਤਸਕਰਾਂ ਨੂੰ ਹੀ ਨਹੀਂ, ਸਗੋਂ ਉਨ੍ਹਾਂ ਨੇਤਾਵਾਂ ਨੂੰ ਵੀ ਜਵਾਬ ਦੇਣਗੇ ਜੋ ਇਸ ਮੁਹਿੰਮ ਖ਼ਿਲਾਫ਼ ਬੋਲ ਰਹੇ ਹਨ। ਜਦੋਂ ਇਹ ਨੇਤਾ ਪਿੰਡਾਂ ਵਿੱਚ ਜਾਣਗੇ, ਤਾਂ ਪੰਜਾਬ ਦੇ ਲੋਕ ਇਨ੍ਹਾਂ ਨੂੰ ਪੁੱਛਣਗੇ ਕਿ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਅੱਗੇ ਆਏ ਹਾਂ, ਤਾਂ ਤੁਹਾਨੂੰ ਤਕਲੀਫ਼ ਕਿਉਂ ਹੋ ਰਹੀ ਹੈ? ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇਹ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਪੂਰੀ ਤਰ੍ਹਾਂ ਨਸ਼ਾ ਮੁਕਤ ਨਹੀਂ ਹੋ ਜਾਂਦਾ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)