ਮੋਦੀ ਨੇ ਮਜ਼ਦੂਰਾਂ ਤੋਂ ਬਾਅਦ, ਹੁਣ ਕਿਸਾਨਾਂ ਨਾਲ ਵੀ ਧੋਖਾ ਕੀਤਾ: ਬਘੇਲ** ਜਿਆਦਾ ਕੰਮ ਦੇ ਦਿਨਾਂ ਦੇ ਦਾਅਵੇ ਰਹੀਆਂ ਲੋਕਾਂ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ: ਵੜਿੰਗ** ਭਾਜਪਾ ਨੇ ਕਿਸਾਨ ਤੇ ਜਵਾਨ ਦੋਵਾਂ ਨਾਲ ਧੋਖਾ ਕੀਤਾ: ਬਾਜਵਾ ** ਮਾਨਸਾ, 17 ਫਰਵਰੀ: ਮਨਰੇਗਾ ਦੀ ਮੁੜ ਬਹਾਲੀ ਦੀ ਮੰਗ ਨੂੰ ਲੈ ਕੇ ਕਾਂਗਰਸ ਵੱਲੋਂ ਅੱਜ ਮਾਨਸਾ ਵਿੱਚ ‘ਮਨਰੇਗਾ ਬਚਾਓ ਸੰਗ੍ਰਾਮ’ ਤਹਿਤ ਇਕ ਵਿਸ਼ਾਲ ਰੈਲੀ ਕੀਤੀ ਗਈ, ਜਿਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਮਨਰੇਗਾ ਮਜ਼ਦੂਰਾਂ ਸਮੇਤ ਆਮ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਕਾਂਗਰਸ ਨੇ ਦੋਸ਼ ਲਗਾਇਆ ਕਿ ਪਹਿਲਾਂ ਮਨਰੇਗਾ ਨੂੰ ਖਤਮ ਕਰਕੇ ਮਜ਼ਦੂਰਾਂ ਨਾਲ ਧੋਖਾ ਕਰਨ ਵਾਲੀ ਭਾਜਪਾ ਸਰਕਾਰ ਨੇ ਹੁਣ ਭਾਰਤ-ਅਮਰੀਕਾ ਵਪਾਰ ਸਮਝੌਤੇ ਰਾਹੀਂ ਕਿਸਾਨਾਂ ਨਾਲ ਵੀ ਵਿਸ਼ਵਾਸ ਘਾਤ ਕੀਤਾ ਹੈ, ਜਿਸ ਸਮਝੌਤੇ ਨਾਲ ਦੇਸ਼ ਦੀ ਖੇਤੀ ਆਧਾਰਿਤ ਅਰਥ ਵਿਵਸਥਾ ਨੂੰ ਭਾਰੀ ਨੁਕਸਾਨ ਹੋਵੇਗਾ ਅਤੇ ਪੰਜਾਬ ਸਭ ਤੋਂ ਵੱਧ ਪ੍ਰਭਾਵਿਤ ਹੋਵੇਗਾ। ਰੈਲੀ ਨੂੰ ਸੰਬੋਧਨ ਕਰਦਿਆਂ, ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਜਨਰਲ ਸਕੱਤਰ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਸਾਹਮਣੇ ਪੂਰੀ ਤਰ੍ਹਾਂ ਗੋਡੇ ਟੇਕ ਦਿੱਤੇ ਹਨ। ਉਹ ਹੈਰਾਨ ਹਨ ਕਿ ਕਿਸ ਮਜਬੂਰੀ ਕਾਰਨ ਮੋਦੀ ਨੇ ਅਮਰੀਕਾ ਸਾਹਮਣੇ ਦੇਸ਼ ਦੇ ਹਿਤਾਂ ਨੂੰ ਸਮਰਪਣ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਿੱਥੇ ਅਮਰੀਕਾ ਭਾਰਤੀ ਉਤਪਾਦਾਂ ‘ਤੇ 18 ਫੀਸਦੀ ਟੈਰਿਫ ਲਗਾਏਗਾ, ਉੱਥੇ ਭਾਰਤ ‘ਜ਼ੀਰੋ ਟੈਰਿਫ’ ਸਮਝੌਤੇ ਤਹਿਤ ਕੁਝ ਵੀ ਚਾਰਜ ਨਹੀਂ ਕਰੇਗਾ। ਭੂਪੇਸ਼ ਬਘੇਲ ਨੇ ਕਿਹਾ ਕਿ ਮੋਦੀ ਤੋਂ ਪਹਿਲਾਂ ਪੰਡਿਤ ਜਵਾਹਰਲਾਲ ਨੇਹਰੂ ਤੋਂ ਲੈ ਕੇ ਡਾ. ਮਨਮੋਹਨ ਸਿੰਘ ਤੱਕ ਕਿਸੇ ਵੀ ਪ੍ਰਧਾਨ ਮੰਤਰੀ ਨੇ ਵਿਦੇਸ਼ੀਆਂ ਲਈ ਖੇਤੀ ਖੇਤਰ ਨਹੀਂ ਖੋਲ੍ਹਿਆ ਸੀ, ਲੇਕਿਨ ਮੋਦੀ ਨੇ ਇਹ ਕਰਕੇ ਕਿਸਾਨਾਂ ਦੇ ਹਿੱਤਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਇਸੇ ਤਰ੍ਹਾਂ, ਮਨਰੇਗਾ ਦਾ ਜਿਕਰ ਕਰਦਿਆਂ ਬਘੇਲ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਮੋਦੀ ਅਜਿਹਾ ਨਹੀਂ ਕਰਦੇ ਹਨ, ਤਾਂ 2027 ਵਿੱਚ ਪੰਜਾਬ ਵਿੱਚ ਬਣਨ ਵਾਲੀ ਕਾਂਗਰਸ ਦੀ ਸਰਕਾਰ ਇਸਨੂੰ ਮੁੜ ਬਹਾਲ ਕਰੇਗੀ ਅਤੇ 2029 ਵਿੱਚ ਕੇਂਦਰ ਵਿੱਚ ਪ੍ਰਧਾਨ ਮੰਤਰੀ ਵਜੋਂ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਬਣਨ ‘ਤੇ ਮਨਰੇਗਾ ਨੂੰ ਬਹਾਲ ਕਰਨ ਸਣੇ ਮਜ਼ਦੂਰੀ ਵੀ ਵਧਾਈ ਜਾਵੇਗੀ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੋਦੀ ਨਵੇਂ ਕਾਨੂੰਨ ਅਧੀਨ ਮਨਰੇਗਾ ਦੇ ਕੰਮ ਦੇ ਦਿਨ ਵਧਾ ਕੇ 125 ਕਰਨ ਸਬੰਧੀ ਦਾਅਵੇ ਨਾਲ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਲੇਕਿਨ ਜਿਹੜੀ ਸਰਕਾਰ 50 ਦਿਨਾਂ ਦਾ ਕੰਮ ਵੀ ਮੁਹੱਈਆ ਨਹੀਂ ਕਰਵਾ ਸਕੀ, ਉਹ 125 ਦਿਨ ਦਾ ਕੰਮ ਕਿਵੇਂ ਮੁਹਈਆ ਕਰਵਾਏਗੀ। ਉਨ੍ਹਾਂ ਆਮ ਆਦਮੀ ਪਾਰਟੀ ਸਰਕਾਰ ‘ਤੇ ਵੀ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਫੇਲ ਰਹਿਣ ਲਈ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਇਹਨਾਂ ਨੂੰ ਯਾਦ ਦਿਲਾਇਆ ਕਿ ਆਪ ਨੇ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ। ਹੁਣ ਜੇਕਰ ਇਹ ਭੁਗਤਾਨ ਕਰਦੀ ਵੀ ਹੈ, ਤਾਂ ਸਰਕਾਰ ਦੇ ਅਖੀਰਲੇ ਮਹੀਨਿਆਂ ਦੀ ਅਦਾਇਗੀ ਕਰਨ ਦੀ ਬਜਾਏ, ਪੂਰੇ ਪੰਜ ਸਾਲਾਂ ਦੇ 60 ਹਜ਼ਾਰ ਰੁਪਏ ਇਕੱਠੇ ਦੇਣੇ ਚਾਹੀਦੇ ਹਨ। ਵੜਿੰਗ ਨੇ ਆਮ ਆਦਮੀ ਪਾਰਟੀ ਦੀ ‘ਨਸ਼ਾ ਵਿਰੋਧੀ ਮੁਹਿੰਮ’ ਨੂੰ ਪੂਰੀ ਤਰ੍ਹਾਂ ਨਾਕਾਮ ਕਰਾਰ ਦਿੰਦਿਆਂ, ਕਿਹਾ ਕਿ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਦਿਆਂ ਸਿਆਸੀ ਰੈਲੀਆਂ ਕਰਕੇ ਹਜ਼ਾਰਾਂ ਕਰੋੜਾਂ ਰੁਪਏ ਖਰਚੇ ਗਏ ਹਨ। ਇੱਥੋਂ ਤੱਕ ਕਿ ਮੌਜੂਦਾ ਡੀਜੀਪੀ ਅਤੇ ਮੁੱਖ ਸਕੱਤਰ ਨੂੰ ਸਿਆਸੀ ਸਮਾਗਮ ਵਿੱਚ ਪਹਿਲਾਂ ਕਦੇ ਵੀ ਸ਼ਾਮਿਲ ਨਹੀਂ ਕੀਤਾ ਗਿਆ ਸੀ। ਪੰਜਾਬ ਕਾਂਗਰਸ ਪ੍ਰਧਾਨ ਨੇ ਚਿਤਾਵਨੀ ਦਿੱਤੀ ਕਿ ਭਾਜਪਾ ਪੰਜਾਬ ਵਿੱਚ ਕਾਨੂੰਨ-ਵਿਵਸਥਾ ਖਰਾਬ ਕਰਕੇ ਸੂਬੇ ਅੰਦਰ ਰਾਸ਼ਟਰਪਤੀ ਸ਼ਾਸਨ ਰਾਹੀਂ ਸੱਤਾ ਚਲਾਉਣੀ ਚਾਹੁੰਦੀ ਹੈ। ਜਦਕਿ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਮਾਜ ਦੇ ਸਾਰੇ ਵਰਗਾਂ ਅਤੇ ਖਾਸ ਕਰਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਕਿਸਾਨੀ ਅਤੇ ਫੌਜੀ ਵਿੱਚ ਸੇਵਾ ਲਈ ਜਾਣੇ ਜਾਂਦੇ ਹਨ। ਉਹਨਾਂ ਨੇ ਕਿਹਾ ਕਿ ਭਾਜਪਾ ਨੇ ਦੋਵਾਂ ਮਾਮਲਾ ਵਿੱਚ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਹੈ। ਜਿੱਥੇ ‘ਅਗਨੀਪਥ ਯੋਜਨਾ’ ਰਾਹੀਂ ਪੰਜਾਬ ਨੂੰ ਪਿੱਛੇ ਕੀਤਾ ਗਿਆ ਹੈ। ਉੱਥੇ ਹੀ, ਹੁਣ ਵਪਾਰ ਸਮਝੌਤੇ ਰਾਹੀਂ ਕਿਸਾਨਾਂ ਨੂੰ ਵੀ ਵੱਡਾ ਨੁਕਸਾਨ ਪਹੁੰਚੇਗਾ। ਉਨ੍ਹਾਂ ਸੂਬਾ ਸਰਕਾਰ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਸਖਤ ਨਿੰਦਾ ਕੀਤੀ। ਪਾਰਟੀ ਵੱਲੋਂ ਵਿਦ ਦਿਨ ਕੀਤੀ ਗਈ ਰੈਲੀ ਦਾ ਜ਼ਿਕਰ ਕਰਦਿਆਂ, ਉਹਨਾਂ ਨੇ ਕਿਹਾ ਕਿ ਪਹਿਲਾਂ ਕਦੇ ਨਹੀਂ ਹੋਇਆ ਕਿ ਡੀਜੀਪੀ ਵੱਲੋਂ ਵਰਦੀ ਵਿੱਚ ਰਹਿੰਦਿਆਂ ਰੈਲੀ ਨੂੰ ਸੰਬੋਧਿਤ ਕੀਤਾ ਗਿਆ ਹੋਵੇ। ਇਸ ਮੌਕੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਵਿਜੇ ਇੰਦਰ ਸਿੰਗਲਾ, ਡਾ. ਅਮਰ ਸਿੰਘ, ਬਲਕੌਰ ਸਿੰਘ, ਅਜੀਤ ਇੰਦਰ ਸਿੰਘ ਮੋਫ਼ਰ, ਵਿਕਰਮ ਮੋਫ਼ਰ, ਸੂਰਜ ਠਾਕੁਰ, ਹਰਦਿਆਲ ਕੰਬੋਜ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਸਨ।
Congress-Holds-Massive-Rally-In-Mansa-For-Restoration-Of-Mgnrega
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)