* ਇਸ ਨਾਲ ਇਸ ‘ਕੁਲੀਨ' ਸਿਆਸੀ ਵਰਗ ਦੀ ਅਸੰਵੇਦਨਸ਼ੀਲਤਾ ਅਤੇ ਗੈਰ ਸੰਜੀਦਗੀ ਜੱਗ ਜ਼ਾਹਰ ਹੋਈ * ਇਹ ਸਿਆਸੀ ਆਗੂ ਆਪਣੀਆਂ ਰੈਲੀਆਂ ਵਿੱਚ ਜ਼ਹਿਰ ਉਗਲ ਕੇ ਲੋਕਾਂ ਨੂੰ ਮੂਰਖ ਬਣਾਉਂਦੇ ਹਨ ਪਰ ਨਿੱਜੀ ਸਮਾਗਮਾਂ ਵਿੱਚ ਇਕ ਦੂਜੇ ਨੂੰ ਜੱਫੀਆਂ ਪਾਉਂਦੇ ਨੇ * ਇਹ ਆਗੂ ਪੰਜਾਬ ਦੀ ਥਾਂ ਹਮੇਸ਼ਾ ਆਪਣੇ ਹਿੱਤਾਂ ਦੀ ਰਾਖੀ ਲਈ ਘਿਓ-ਖਿਚੜੀ ਰਹਿੰਦੇ ਹਨ ਚੰਡੀਗੜ੍ਹ, 19 ਫਰਵਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਜਦੋਂ ਸੂਬੇ ਦੇ ਅਨਾਜ ਉਤਪਾਦਕ ਆਪਣੀਆਂ ਮੰਗਾਂ ਦੀ ਪੂਰਤੀ ਲਈ ਮਰਨ ਵਰਤ 'ਤੇ ਬੈਠੇ ਹਨ ਤਾਂ ਉਸ ਸਮੇਂ ਰਵਾਇਤੀ ਸਿਆਸੀ ਲੀਡਰ ਖ਼ਾਸ ਤੌਰ ਉਤੇ ਸੁਖਬੀਰ ਬਾਦਲ ਤੇ ਸੁਨੀਲ ਜਾਖੜ ਵਿਆਹਾਂ, ਰਿਸੈਪਸ਼ਨਾਂ ਅਤੇ ਦਾਅਵਤਾਂ ਦਾ ਆਨੰਦ ਮਾਣਦੇ ਹੋਏ ਤਸਵੀਰਾਂ ਖਿਚਵਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਦਹਾਕਿਆਂ ਤੋਂ ਸੂਬੇ 'ਤੇ ਰਾਜ ਕਰਨ ਵਾਲੇ ਇਸ 'ਕੁਲੀਨ' ਸਿਆਸੀ ਵਰਗ ਦੀ ਅਸੰਵੇਦਨਸ਼ੀਲਤਾ ਅਤੇ ਗੈਰ ਸੰਜੀਦਗੀ ਨੂੰ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਿਆਸੀ ਆਗੂ ਸੂਬੇ ਅਤੇ ਇੱਥੋਂ ਦੇ ਲੋਕਾਂ ਦੇ ਮਸਲਿਆਂ ਨੂੰ ਅੱਖੋਂ ਪਰੋਖੇ ਕਰਦੇ ਹੋਏ ਆਪਣੇ ਹਿੱਤਾਂ ਦੀ ਰਾਖੀ ਲਈ ਹਮੇਸ਼ਾ ਇੱਕ ਦੂਜੇ ਨਾਲ ਘਿਓ-ਖਿਚੜੀ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਆਗੂ ਆਪੋ-ਆਪਣੇ ਸਟੇਜਾਂ ਤੋਂ ਇੱਕ-ਦੂਜੇ ਵਿਰੁੱਧ ਜ਼ਹਿਰ ਉਗਲਦੇ ਹਨ ਪਰ ਨਿੱਜੀ ਸਮਾਗਮਾਂ ਵਿੱਚ ਇੱਕ-ਦੂਜੇ ਨੂੰ ਗਲੇ ਲਗਾ ਲੈਂਦੇ ਹਨ, ਜਿਸ ਨਾਲ ਇਨ੍ਹਾਂ ਦਾ ਸ਼ੱਕੀ ਚਿਹਰਾ ਨੰਗਾ ਹੁੰਦਾ ਹੈ। ਮੁੱਖ ਮੰਤਰੀ ਨੇ ਵਿਅੰਗ ਕਰਦਿਆਂ ਕਿਹਾ ਕਿ ਇਹ ਆਗੂ ਆਪਣੇ ਇਸ ਕਦਮ ਨੂੰ ਇਹ ਕਹਿ ਕੇ ਜਾਇਜ਼ ਠਹਿਰਾਉਣਗੇ ਕਿ ਇਹ ਉਨ੍ਹਾਂ ਦਾ ਸਮਾਜਿਕ ਫ਼ਰਜ਼ ਹੈ ਪਰ ਉਹ ਇਹ ਭੁੱਲ ਜਾਂਦੇ ਹਨ ਕਿ ਇਨ੍ਹਾਂ ਦੇ ਜ਼ਹਿਰੀਲੇ ਭਾਸ਼ਣਾਂ ਕਾਰਨ ਸੂਬੇ ਦਾ ਸਮਾਜਿਕ ਤਾਣਾ-ਬਾਣਾ ਵਿਗੜਦਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਆਗੂ ਆਪਣੇ ਨਿੱਜੀ ਸਿਆਸੀ ਮੁਫ਼ਾਦ ਲਈ ਲੋਕਾਂ ਨੂੰ ਵੰਡਦੇ ਹਨ ਪਰ ਆਪ ਅੰਦਰੋਂ ਇਕ ਦੂਜੇ ਨਾਲ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਸਿਆਸੀ ਆਗੂ ਲੋਕਾਂ ਨੂੰ ਮੂਰਖ ਬਣਾਉਂਦੇ ਹਨ ਕਿਉਂਕਿ ਸੂਬੇ ਦੇ ਪਿੰਡਾਂ ਵਿੱਚ ਲੋਕ ਸਿਆਸੀ ਪਾਰਟੀਆਂ ਦੇ ਨਾਮ `ਤੇ ਇਕ ਦੂਜੇ ਨਾਲ ਲੜਦੇ ਹਨ ਪਰ ਇਹ ਆਗੂ ਇਕ ਦੂਜੇ ਦੇ ਵਿਆਹਾਂ ਅਤੇ ਹੋਰ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਗਲੇ ਮਿਲਦੇ ਹਨ, ਜੋ ਅਚੰਭੇ ਵਾਲੀ ਗੱਲ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਸਬਕ ਸਿਖਾਇਆ ਜਾਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਹਮੇਸ਼ਾ ਆਮ ਆਦਮੀ ਦੀ ਸਰਕਾਰ ਚੁਣਨੀ ਚਾਹੀਦੀ ਹੈ। ਮੁੱਖ ਮੰਤਰੀ ਨੇ ਦੁਹਰਾਇਆ ਕਿ ਇਕ ਆਮ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਰਵਾਇਤੀ ਪਾਰਟੀਆਂ ਉਨ੍ਹਾਂ ਨਾਲ ਸਾੜਾ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਆਗੂ ਮੰਨਦੇ ਸਨ ਕਿ ਉਨ੍ਹਾਂ ਨੂੰ ਸੂਬੇ `ਤੇ ਰਾਜ ਕਰਨ ਦਾ ਇਲਾਹੀ ਅਧਿਕਾਰ ਹੈ, ਜਿਸ ਕਾਰਨ ਉਨ੍ਹਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਇਕ ਆਮ ਆਦਮੀ ਸੂਬੇ ਨੂੰ ਕੁਸ਼ਲਤਾ ਨਾਲ ਚਲਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਲੰਬੇ ਸਮੇਂ ਤੋਂ ਲੋਕਾਂ ਨੂੰ ਮੂਰਖ ਬਣਾਇਆ ਹੈ ਪਰ ਹੁਣ ਲੋਕ ਇਨ੍ਹਾਂ ਦੇ ਗੁਮਰਾਹਕੁੰਨ ਪ੍ਰਚਾਰ ਵਿੱਚ ਨਹੀਂ ਆ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਸੂਬੇ ਵਿੱਚ ਬਦਲ-ਬਦਲ ਕੇ ਰਾਜ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਸਾਡੀ ਸਰਕਾਰ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਤੇ ਉਹ ਲੋਕਾਂ ਦੀਆਂ ਉਮੀਦਾਂ `ਤੇ ਖਰਾ ਉਤਰਨ ਲਈ ਸਖ਼ਤ ਮਿਹਨਤ ਕਰਨਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਆਪਣਾ ਦਿਨ ਸਾਡੀ ਨਿੰਦਾ ਕਰਨ ਨਾਲ ਸ਼ੁਰੂ ਕਰਦੇ ਹਨ ਕਿਉਂਕਿ ਸਾਡੀ ਸਰਕਾਰ ਵੱਲੋਂ ਲਏ ਗਏ ਲੋਕ-ਪੱਖੀ ਫੈਸਲੇ ਤੋਂ ਇਹ ਆਗੂ ਸੜਦੇ ਹਨ। ਅਕਾਲੀ ਆਗੂਆਂ `ਤੇ ਵਿਅੰਗ ਕਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਆਗੂ ਫੋਕੀ ਬਿਆਨਬਾਜ਼ੀ ਤੋਂ ਇਲਾਵਾ ਲੋਕਾਂ ਨੂੰ ਕੁਝ ਵੀ ਠੋਸ ਦੇਣ ਵਿੱਚ ਅਸਫ਼ਲ ਰਹੇ। ਉਨ੍ਹਾਂ ਕਿਹਾ ਕਿ ਅਜਿਹੇ ਮਾੜੇ ਕੰਮਾਂ ਕਾਰਨ ਹੀ ਹੁਣ ਅਕਾਲੀ ਆਗੂਆਂ ਨੂੰ ਜਨਤਕ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਆਮ ਆਦਮੀ ਦੀ ਤਾਕਤ ਸਭ ਤੋਂ ਉੱਪਰ ਹੁੰਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਉਹ 25 ਸਾਲ ਰਾਜ ਕਰਨਗੇ, ਉਨ੍ਹਾਂ ਨੂੰ ਲੋਕਾਂ ਨੇ ਸਿਆਸੀ ਗੁਮਨਾਮੀ ਵਿੱਚ ਧੱਕ ਦਿੱਤਾ ਹੈ।
Cm-Slams-Sukhbir-And-Jakhar-For-Enjoying-Feasts-While-Food-Growers-Are-Undergoing-Fast
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)