ਮੋਹਾਲੀ, 20 ਸਤੰਬਰ (ਗੁਰਵਿੰਦਰ ਸਿੰਘ) ਸਥਾਨਕ ਸੈਕਟਰ 70 ਦੀਆਂ ਵੱਖ-ਵੱਖ ਵੈਲਫੇਅਰ ਐਸੋਸੀਏਸ਼ਨਾਂ ਅਤੇ ਰੈਜ਼ੀਡੈਂਟ ਜਥੇਬੰਦੀਆਂ ਦਾ ਇੱਕ ਵਫ਼ਦ ਐਮਸੀ ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ ਵਿੱਚ ਗਮਾਡਾ ਦੇ ਚੀਫ਼ ਐਡਮਿਨਿਸਟ੍ਰੇਟਰ (ਸੀਏ) ਨੂੰ ਮਿਲਿਆ। ਵਫ਼ਦ ਵੱਲੋਂ ਸੈਕਟਰ 70 ਦੇ LIG/MIG (Super) ਫਲੈਟਾਂ ਦੇ ਨੇੜੇ ਸਾਹਿਬਜ਼ਾਦਾ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਵੱਲੋਂ ਪ੍ਰਸਤਾਵਿਤ ਬਹੁ-ਮੰਜ਼ਿਲਾ ਇਮਾਰਤ ਦੀ ਉਸਾਰੀ ਰੋਕਣ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਵਫ਼ਦ ਨੇ ਸੀਏ ਗਮਾਡਾ ਦੇ ਧਿਆਨ ਵਿੱਚ ਲਿਆਂਦਾ ਕਿ ਸੈਕਟਰ 70 ਪਹਿਲਾਂ ਹੀ ਬਹੁਤ ਸੰਘਣੀ ਆਬਾਦੀ ਵਾਲਾ ਇਲਾਕਾ ਹੈ ਅਤੇ ਇੱਥੇ ਲਗਭਗ 26,000 ਲੋਕ ਵਸਦੇ ਹਨ। LIG, MIG (Super), MIG (Independent), ਪਹਿਲਾਂ ਤੋਂ ਮੌਜੂਦ ਬਹੁ-ਮੰਜ਼ਿਲਾ ਸੁਸਾਇਟੀਆਂ, ਪਿੰਡ ਮਟੌਰ ਅਤੇ ਹੋਰ ਰਿਹਾਇਸ਼ੀ ਇਲਾਕਿਆਂ ਕਾਰਨ ਇੱਥੇ ਆਬਾਦੀ ਦਾ ਦਬਾਅ ਕਾਫ਼ੀ ਜਿਆਦਾ ਹੈ।
ਵਫ਼ਦ ਨੇ ਮੰਗ ਕੀਤੀ ਕਿ ਨਵੇਂ ਨਕਸ਼ੇ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਸੈਕਟਰ ਦੀ ਮੌਜੂਦਾ ਆਬਾਦੀ, ਟ੍ਰੈਫਿਕ, ਪਾਰਕਿੰਗ, ਸੀਵਰੇਜ, ਡਰੇਨੇਜ, ਪੀਣ ਵਾਲੇ ਪਾਣੀ, ਬਿਜਲੀ, ਕੂੜਾ ਪ੍ਰਬੰਧਨ, ਫਾਇਰ ਸੇਫਟੀ ਅਤੇ ਵਾਤਾਵਰਣ ’ਤੇ ਪੈਣ ਵਾਲੇ ਪ੍ਰਭਾਵ ਦਾ ਵਿਸਥਾਰ ਨਾਲ ਅਧਿਐਨ ਕਰਵਾਇਆ ਜਾਵੇ।
ਜਥੇਬੰਦੀਆਂ ਨੇ ਇਹ ਵੀ ਕਿਹਾ ਕਿ ਪ੍ਰਸਤਾਵਿਤ ਇਮਾਰਤ ਦੇ ਬਣਨ ਨਾਲ ਆਲੇ-ਦੁਆਲੇ ਦੇ LIG ਅਤੇ MIG (Super) ਘਰਾਂ ਦੀ ਧੁੱਪ ਅਤੇ ਹਵਾ ’ਤੇ ਪ੍ਰਭਾਵ ਪੈ ਸਕਦਾ ਹੈ ਅਤੇ ਪਹਿਲਾਂ ਹੀ ਭਾਰੀ ਟ੍ਰੈਫਿਕ ਵਾਲੇ ਇਲਾਕੇ ਵਿੱਚ ਟ੍ਰੈਫਿਕ ਦਾ ਦਬਾਅ ਹੋਰ ਵਧ ਸਕਦਾ ਹੈ। ਇਲਾਕੇ ਵਿੱਚ ਕਈ ਸਕੂਲ ਅਤੇ ਹੋਰ ਜਨਤਕ ਸਹੂਲਤਾਂ ਹੋਣ ਕਾਰਨ ਪੀਕ ਸਮੇਂ ਦੌਰਾਨ ਪਹਿਲਾਂ ਹੀ ਟ੍ਰੈਫਿਕ ਦੀ ਸਮੱਸਿਆ ਰਹਿੰਦੀ ਹੈ।
ਇਸ ਮੌਕੇ ਸੀਏ ਗਮਾਡਾ ਸ੍ਰੀ ਸੰਦੀਪ ਰਿਸ਼ੀ ਵੱਲੋਂ ਵਫ਼ਦ ਨੂੰ ਇਸ ਪਲਾਟ ਅਤੇ ਇਸ ਨਾਲ ਸਬੰਧਤ ਮਨਜ਼ੂਰੀਆਂ ਬਾਰੇ ਗਮਾਡਾ ਦੇ ਰਿਕਾਰਡ ਅਨੁਸਾਰ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ 1.70 ਏਕੜ ਜ਼ਮੀਨ ਸਾਹਿਬਜ਼ਾਦਾ ਕੋਆਪਰੇਟਿਵ ਸੁਸਾਇਟੀ ਨੂੰ ਅਲਾਟ ਕੀਤੀ ਗਈ ਸੀ ਅਤੇ ਪਹਿਲਾਂ 102 G+12 ਫਲੈਟਾਂ ਦਾ ਬਿਲਡਿੰਗ ਪਲਾਨ ਮਨਜ਼ੂਰ ਹੋ ਚੁੱਕਾ ਹੈ। ਹੁਣ ਸੁਸਾਇਟੀ ਵੱਲੋਂ 102 S+13 ਫਲੈਟਾਂ ਦਾ ਸੋਧਿਆ ਹੋਇਆ ਪਲਾਨ ਪੇਸ਼ ਕੀਤਾ ਗਿਆ ਹੈ, ਜਿਸ ਦੀ ਕਮੇਟੀ ਵੱਲੋਂ ਜਾਂਚ ਅਤੇ ਤਕਨੀਕੀ ਪੜਤਾਲ ਕੀਤੀ ਜਾ ਰਹੀ ਹੈ।
ਵਫ਼ਦ ਵਿੱਚ ਸ਼ਾਮਲ ਸੈਕਟਰ 70 ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਪ੍ਰਸਤਾਵਿਤ ਉਸਾਰੀ ਬਾਰੇ ਇਲਾਕਾ ਨਿਵਾਸੀਆਂ ਦੀਆਂ ਚਿੰਤਾਵਾਂ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਪੂਰੀ ਤਰ੍ਹਾਂ ਸਪੱਸ਼ਟ ਫੈਸਲਾ ਨਹੀਂ ਲਿਆ ਜਾਂਦਾ, ਉਹ ਇਸ ਮਾਮਲੇ ਨੂੰ ਲਗਾਤਾਰ ਉਠਾਉਂਦੇ ਰਹਿਣਗੇ।
ਮੀਟਿੰਗ ਵਿੱਚ ਸੁਖਦੇਵ ਸਿੰਘ ਪਟਵਾਰੀ ਐਮਸੀ, ਗੁਰਜੀਤ ਸਿੰਘ ਐਮਸੀ, ਸੰਤੋਖ ਸਿੰਘ ਸਾਬਕਾ ਪ੍ਰਧਾਨ ਤੇ ਚਰਨਜੀਤ ਸਿੰਘ, ਸਕੱਤਰ, ਮਨਜੀਤ ਸਿੰਘ ਖਜ਼ਾਨਚੀ ਐਲ ਆਈ ਜੀ ਐਸੋਸੀਏਸ਼ਨ, ਆਰ.ਪੀ. ਕੰਬੋਜ (ਪ੍ਰਧਾਨ, MIG Super ਐਸੋਸੀਏਸ਼ਨ), ਆਰ.ਕੇ. ਗੁਪਤਾ (ਜਨਰਲ ਸਕੱਤਰ, MIG Super ਐਸੋਸੀਏਸ਼ਨ), ਸੁਖਦੇਵ ਸਿੰਘ (ਪ੍ਰਧਾਨ, MIG Independent), ਇੰਦਰਜੀਤ ਸਿੰਘ (SCL ਦੇ ਨੁਮਾਇੰਦੇ) ਸਮੇਤ ਸੈਕਟਰ 70 ਦੀਆਂ ਹੋਰ ਵੈਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦੇ ਹਾਜ਼ਰ ਸਨ।