*ਵੱਖ-ਵੱਖ ਸ਼ਹਿਰਾਂ ਵਿੱਚ ਸਫਾਈ ਲਈ 40 ਕਰੋੜ ਰੁਪਏ ਦੀ ਲਾਗਤ ਨਾਲ 730 ਮਸ਼ੀਨਾਂ ਖਰੀਦੀਆਂ* *ਸ਼ਹਿਰਾਂ ਨੂੰ ਸਾਫ-ਸੁਥਰਾ ਰੱਖਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ* *ਸੰਗਰੂਰ ਦੇ ਮੈਡੀਕਲ ਕਾਲਜ ਦਾ ਨਿਰਮਾਣ ਛੇਤੀ ਹੋਵੇਗਾ ਸ਼ੁਰੂ, ਸਾਰੀਆਂ ਰੁਕਾਵਟਾਂ ਦੂਰ ਹੋਈਆਂ* ਸੰਗਰੂਰ, 22 ਫਰਵਰੀ * ਸੂਬੇ ਦੇ ਸ਼ਹਿਰਾਂ ਦੀ ਸਾਫ ਸਫਾਈ ਅਤੇ ਸੀਵਰੇਜ ਦੀ ਸੁਚੱਜੀ ਵਿਵਸਥਾ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 7 ਜ਼ਿਲ੍ਹਿਆਂ ਵਿਚ ਸੀਵਰੇਜ ਲਾਈਨਾਂ ਦੀ ਸਫਾਈ ਬਿਹਤਰ ਢੰਗ ਨਾਲ ਕਰਨ ਲਈ ਸੁਪਰ ਸੰਕਸ਼ਨ-ਕਮ-ਜੈਟਿੰਗ ਮਸ਼ੀਨ ਸਮੇਤ 216 ਅਤਿ ਆਧੁਨਿਕ ਮਸ਼ੀਨਾਂ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਉਪਰੰਤ ਇੱਥੇ ਰਣਬੀਰ ਕਾਲਜ ਵਿਖੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਦੱਸਿਆ ਕਿ 7 ਜ਼ਿਲ੍ਹਿਆਂ ਸੰਗਰੂਰ, ਬਰਨਾਲਾ, ਬਠਿੰਡਾ, ਮਲੇਰਕੋਟਲਾ, ਮਾਨਸਾ, ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ ਵਿੱਚ ਸਫਾਈ ਲਈ 14.30 ਕਰੋੜ ਰੁਪਏ ਦੀ ਲਾਗਤ ਨਾਲ ਮਸ਼ੀਨਰੀ ਖਰੀਦੀ ਗਈ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਸਫ਼ਾਈ ਸਹੂਲਤਾਂ ਲਈ 40 ਕਰੋੜ ਰੁਪਏ ਦੀ ਲਾਗਤ ਨਾਲ 730 ਮਸ਼ੀਨਾਂ ਖਰੀਦੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵੱਖ ਵੱਖ ਸ਼ਹਿਰਾਂ ਲਈ ਇਹ ਅਤਿ ਆਧੁਨਿਕ ਸੁਪਰ ਸੰਕਸ਼ਨ-ਕਮ-ਜੈਟਿੰਗ ਮਸ਼ੀਨਰੀ ਖਰੀਦੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮਸ਼ੀਨਾਂ ਸ਼ਹਿਰਾਂ ਵਿਚ ਸੀਵਰੇਜ ਲਾਈਨਾਂ ਦੀ ਸਫਾਈ ਦਾ ਕੰਮ ਕਰਨ ਵਿਚ ਬਹੁਤ ਮਦਦਗਾਰ ਸਾਬਤ ਹੋਵੇਗੀ। ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸੀਵਰੇਜ ਦੀ ਸਫਾਈ ਲਈ ਨਵੀਆਂ ਮਸ਼ੀਨਾਂ ਆਉਣ ਨਾਲ ਹੁਣ ਸਫਾਈ ਕਰਮੀਆਂ ਨੂੰ ਸੀਵਰੇਜ ਸਾਫ ਕਰ ਲਈ ਮੈਨਹੋਲ ਵਿੱਚ ਨਹੀਂ ਉਤਰਨਾ ਪਵੇਗਾ ਸਗੋਂ ਉਹਨਾਂ ਨੂੰ ਮਸ਼ੀਨਾਂ ਨਾਲ ਸੀਵਰੇਜ ਦੀ ਸਫਾਈ ਕਰਨ ਵਾਸਤੇ ਸਿਖਲਾਈ ਦਿੱਤੀ ਜਾਦੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਮਸ਼ੀਨ ਸੀਵਰੇਜ ਦੀ ਸਮੱਸਿਆ ਦੂਰ ਕਰਨ ਵਿਚ ਬਹੁਤ ਸਹਾਈ ਹੋਵੇਗੀ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਦੀ ਸਫਾਈ ਵੱਲ ਵਿਸ਼ੇਸ਼ ਤੌਰ ਉੱਤੇ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਸਾਰੇ ਸ਼ਹਿਰਾਂ ਨੂੰ ਛੇਤੀ ਹੀ ਅਜਿਹੀਆਂ ਆਧੁਨਿਕ ਮਸ਼ੀਨਾਂ ਮੁੱਹਈਆ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਦੀ ਆਬਾਦੀ ਵਧਣ ਨਾਲ ਉਸ ਰਫਤਾਰ ਨਾਲ ਸਹੂਲਤਾਂ ਨਹੀਂ ਵਧੀਆਂ ਜਿਸ ਕਰਕੇ ਵੱਡੇ ਸ਼ਹਿਰਾਂ ਵਿੱਚ ਸਫਾਈ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਛੇਤੀ ਹੀ ਇਹਨਾਂ ਸ਼ਹਿਰਾਂ ਨੂੰ ਨਵੀਆਂ ਮਸ਼ੀਨਾਂ ਮੁਹਈਆ ਕਰਵਾਈਆਂ ਜਾਣਗੀਆਂ ਤਾਂ ਕਿ ਸ਼ਹਿਰਾਂ ਵਿੱਚ ਸਫਾਈ ਦੀ ਸੁਚੱਜੀ ਅਵਸਥਾ ਨੂੰ ਯਕੀਨੀ ਬਣਾਇਆ ਜਾ ਸਕੇ। ਸੰਗਰੂਰ ਵਿੱਚ ਮੈਡੀਕਲ ਕਾਲਜ ਦੀ ਸਥਾਪਨਾ ਲਈ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਕਾਲਜ ਦੇ ਨਿਰਮਾਣ ਲਈ ਸਾਰੇ ਅੜਿਕੇ ਦੂਰ ਕਰ ਦਿੱਤੇ ਗਏ ਹਨ ਅਤੇ ਛੇਤੀ ਹੀ ਇਹ ਪ੍ਰੋਜੈਕਟ ਸ਼ੁਰੂ ਹੋ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਕੁਝ ਸਵਾਰਥੀ ਲੋਕਾਂ ਨੇ ਆਪਣੇ ਨਿੱਜੀ ਹਿੱਤ ਪੂਰਨ ਲਈ ਇਸ ਕਾਲਜ ਦਾ ਕੰਮ ਰੋਕਣ ਵਿੱਚ ਰੁਕਾਵਟ ਪਾਈ ਸੀ ਜੋ ਸਰਕਾਰ ਦੇ ਯਤਨਾਂ ਸਦਕਾ ਦੂਰ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਬਹੁਤ ਛੇਤੀ ਇਸ ਕਾਲਜ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ। ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਸੂਬੇ ਵਿੱਚ ਸੰਗਰੂਰ ਸਮੇਤ ਤਿੰਨ ਨਵੇਂ ਮੈਡੀਕਲ ਬਣ ਜਾਣਗੇ ਜਿਸ ਨਾਲ ਸਾਡੇ ਬੱਚੇ ਇੱਥੇ ਹੀ ਮੈਡੀਕਲ ਦੀ ਪੜ੍ਹਾਈ ਕਰਕੇ ਸਿਹਤ ਖੇਤਰ ਵਿੱਚ ਸੇਵਾ ਨਿਭਾਉਣਗੇ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਕੋਚਿੰਗ ਦੇਣ ਲਈ ਪੰਜਾਬ ਵਿੱਚ ਅੱਠ ਯੂ.ਪੀ.ਐਸ.ਸੀ. ਕੇਂਦਰ ਖੋਲਣ ਦਾ ਐਲਾਨ ਕਰਦਿਆਂ ਕਿਹਾ ਕਿ ਇਹਨਾਂ ਵਿੱਚੋਂ ਇੱਕ ਕੇਂਦਰ ਸੰਗਰੂਰ ਵਿੱਚ ਖੋਲ੍ਹਿਆ ਜਾਵੇਗਾ ਅਤੇ ਹਰ ਕੇਂਦਰ ਵਿੱਚ ਲਾਇਬ੍ਰੇਰੀ, ਹੋਸਟਲ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੌਜੂਦ ਰਹਿਣਗੀਆਂ ਤਾਂ ਕਿ ਸਾਡੇ ਨੌਜਵਾਨ ਚੰਗੀ ਸਿਖਲਾਈ ਹਾਸਿਲ ਕਰਕੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਕਾਮਯਾਬ ਹੋ ਸਕਣ। ਸੰਗਰੂਰ ਜ਼ਿਲ੍ਹੇ ਵਿੱਚ ਪਹਿਲ ਪ੍ਰੋਜੈਕਟ ਦੇ ਉਪਰਾਲੇ ਹੇਠ ਔਰਤਾਂ ਨੂੰ ਔਰਤਾਂ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਦੇ ਕਦਮ ਦੀ ਸਫਲਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਪਿੰਡਾਂ ਵਿੱਚ ਹੁਣ ਸਰਕਾਰੀ ਸਕੂਲਾਂ ਦੇ ਨਾਲ ਨਾਲ ਪ੍ਰਾਈਵੇਟ ਸਕੂਲਾਂ ਦੀਆਂ ਵਰਦੀਆਂ ਵੀ ਔਰਤਾਂ ਵੱਲੋਂ ਤਿਆਰ ਜਾ ਰਹੀਆਂ ਹਨ ਜਿਸ ਨਾਲ ਉਹਨਾਂ ਨੂੰ ਵਿੱਤੀ ਤੌਰ ਉੱਤੇ ਬਹੁਤ ਫਾਇਦਾ ਹੋ ਰਿਹਾ ਹੈ। ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਮਾਡਲ ਨੂੰ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ ਤਾਂ ਕਿ ਸਾਡੀਆਂ ਮਹਿਲਾਵਾਂ ਖਾਸ ਤੌਰ 'ਤੇ ਪਿੰਡਾਂ ਵਿੱਚ ਰਹਿੰਦੀਆਂ ਔਰਤਾਂ ਨੂੰ ਆਰਥਿਕ ਤੌਰ ਤੇ ਆਤਮ ਨਿਰਭਰ ਬਣਾਇਆ ਜਾ ਸਕੇ ਸੜਕ ਸੁਰੱਖਿਆ ਫੋਰਸ ਦੇ ਇੱਕ ਸਾਲ ਮੁਕੰਮਲ ਹੋਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਫੋਰਸ ਦੇ ਗਠਨ ਨਾਲ ਸੂਬੇ ਵਿੱਚ ਸੜਕ ਹਾਦਸਿਆਂ ਵਿੱਚ ਮੌਤਾਂ ਦੀ ਦਰ ਵਿੱਚ ਬਹੁਤ ਕਮੀ ਆਈ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਮੌਤ ਦਰ ਵਿੱਚ 48.10 ਫੀਸਦੀ ਦੀ ਕਮੀ ਆਈ ਹੈ. ਉਹਨਾਂ ਦੱਸਿਆ ਕਿ ਇਸ ਫੋਰਸ ਦਾ ਗਠਨ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਹੈ ਜਿਸ ਕਰਕੇ ਹੋਰ ਸੂਬੇ ਵੀ ਇਸ ਫੋਰਸ ਦੇ ਗਠਨ ਲਈ ਸਾਥੋਂ ਸਲਾਹ ਲੈ ਰਹੇ ਹਨ। ਇਸ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਰਵਜੋਤ ਅਤੇ ਵਿਧਾਇਕ ਨਰਿੰਦਰ ਕੌਰ ਭਰਾਜ ਹਾਜ਼ਰ ਸਨ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)