ਮੋਹਾਲੀ ਪੁਲੀਸ ਵਲੋਂ ਨਵਾਂ ਗਰਾਂਓ ਵਿੱਚ ਪੈਂਦੇ ਪਿੰਡ ਕਾਂਸਲ ਵਿਖੇ ਹੋਏ ਇਕ ਅੰਨੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦਿਆਂ ਇਕ ਨਾਬਾਲਗ ਸਮੇਤ ਦੋ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਗ੍ਰਿਫਤਾਰ ਮੁਲਜਮ ਦੀ ਪਛਾਣ ਹਰਿੰਦਰ ਸਿੰਘ ਵਾਸੀ ਪਿੰਡ ਖੁੱਡਾ ਅਲੀ ਸ਼ੇਰ ਚੰਡੀਗੜ੍ਹ ਵਜੋਂ ਹੋਈ ਹੈ, ਜਦੋਂ ਕਿ ਉਸ ਦਾ ਦੂਜਾ ਸਾਥੀ ਨਾਬਾਲਗ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਐਸ. ਪੀ (ਜਾਂਚ) ਜੋਤੀ ਯਾਦਵ ਅਤੇ ਐਸ. ਪੀ. ਸਿਟੀ ਹਰਵੀਰ ਸਿੰਘ ਅਟਵਾਲ ਨੇ ਦੱਸਿਆ ਕਿ ਉਕਤ ਮੁਲਜਮਾਂ ਕੋਲੋਂ ਵਾਰਦਾਤ ਵਿੱਚ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੋਬਿੰਦ ਨੇ ਦੱਸਿਆ ਸੀ ਕਿ ਉਹ ਨੇਪਾਲ ਦੇ ਰਹਿਣ ਵਾਲੇ ਹਨ ਅਤੇ ਇਸ ਸਮੇਂ ਨਵਾਂ ਗਰਾਂਓ ਵਿਖੇ ਰਹਿ ਰਹੇ ਹਨ। ਉਸ ਦਾ ਪਿਤਾ ਯਮ ਪ੍ਰਸ਼ਾਦ ਪਿਛਲੇ 24 ਸਾਲਾਂ ਤੋਂ ਪੰਜਾਬ ਹਰਿਆਣਾ ਹਾਈਕੋਰਟ ਵਿਚ ਬਤੌਰ ਸੇਵਾਦਾਰ ਨੌਕਰੀ ਕਰਦਾ ਸੀ।
26 ਦਸੰਬਰ 2024 ਨੂੰ ਉਸ ਦਾ ਪਿਤਾ ਰੋਜਾਨਾ ਦੀ ਤਰ੍ਹਾਂ ਹਾਈਕੋਰਟ ਵਿੱਚ ਡਿਊਟੀ ਤੇ ਗਿਆ ਸੀ ਪ੍ਰੰਤੂ ਸ਼ਾਮ ਨੂੰ ਉਸ ਦਾ ਪਿਤਾ ਘਰ ਵਾਪਸ ਨਹੀਂ ਆਇਆ। ਉਸ ਵਲੋਂ ਆਪਣੇ ਪਿਤਾ ਦੀ ਭਾਲ ਕੀਤੀ ਜਾ ਰਹੀ ਸੀ ਤਾਂ 29 ਦਸੰਬਰ ਨੂੰ ਉਸ ਨੂੰ ਪਤਾ ਚੱਲਿਆ ਕਿ ਪੁਲੀਸ ਨੂੰ ਪਿੰਡ ਕਾਂਸਲ ਦੇ ਖੇਤਾਂ ਵਿੱਚੋਂ ਇਕ ਲਵਾਰਸ ਲਾਸ਼ ਮਿਲੀ ਹੈ। ਫਿਰ ਉਹ ਸਿਵਲ ਹਸਪਤਾਲ ਖਰੜ ਵਿਖੇ ਗਿਆ ਅਤੇ ਉਸ ਨੇ ਆਪਣੇ ਪਿਤਾ ਦੀ ਲਾਸ਼ ਦੀ ਸ਼ਨਾਖਤ ਕੀਤੀ। ਉਸ ਦੇ ਪਿਤਾ ਦੀ ਗਰਦਨ ਤੇ ਕਿਸੇ ਤੇਜਧਾਰ ਹਥਿਆਰ ਨਾਲ ਕਈ ਵਾਰ ਕੀਤੇ ਹੋਏ मठ।
ਐਸ. ਪੀ. ਜੋਤੀ ਯਾਦਵ ਨੇ ਦੱਸਿਆ ਕਿ ਉਕਤ ਅੰਨੇ ਕਤਲ ਦੀ ਗੁੱਥੀ ਸੁਲਝਾਉਣ ਲਈ ਐਸ. ਐਸ. ਪੀ ਦੀਪਕ ਪਾਰਿਕ ਦੇ ਹੁਕਮਾਂ ਤੇ ਸੀ. ਆਈ. ਏ ਸਟਾਫ ਅਤੇ ਨਵਾਂ ਗਰਾਂਓ ਪੁਲੀਸ ਦੀ ਇਕ ਸਾਂਝੀ ਟੀਮ ਬਣਾਈ ਗਈ ਸੀ ਜਿਸ ਵਲੋਂ ਹਰਿੰਦਰ ਸਿੰਘ ਅਤੇ ਇਕ ਨਾਬਾਲਗ ਮੁਲਜਮ ਨੂੰ ਇਸ ਕਤਲ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਮੁਲਜਮਾਂ ਨੇ ਮੁਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਲੁੱਟ ਖੋਹ ਕਰਦੇ ਹਨ ਅਤੇ 26-27 ਦਸੰਬਰ ਦੀ ਦਰਮਿਆਨੀ ਰਾਤ ਨੂੰ ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਨਵਾਂ ਗਰਾਂਓ ਏਰੀਏ ਵਿੱਚ ਘੁੰਮ ਰਹੇ ਸਨ। ਇਸ ਦੌਰਾਨ ਉਹ ਜਦੋਂ ਪਿੰਡ ਕਾਂਸਲ ਕੋਲ ਪੁੱਜੇ ਤਾਂ ਉਨਾਂ ਨੂੰ ਇਕ ਪੈਦਲ ਆ ਰਿਹਾ ਵਿਅਕਤੀ ਦਿਖਾਈ ਦਿੱਤਾ ਤਾਂ ਉਨਾਂ ਨੇ ਉਕਤ ਵਿਅਕਤੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਪੈਦਲ ਆ ਰਹੇ ਵਿਅਕਤੀ ਯਮ ਪ੍ਰਸ਼ਾਦ ਦੀ ਉਨਾਂ ਨਾਲ ਝੜਪ ਹੋ ਗਈ।
ਇਸ ਦੌਰਾਨ ਉਨਾਂ ਨੇ ਯਮ ਪ੍ਰਸ਼ਾਦ ਨੂੰ ਹੇਠਾਂ ਸੁੱਟ ਲਿਆ ਅਤੇ ਉਸ ਤੇ ਚਾਕੂਆਂ ਦੇ ਕਈ ਵਾਰ ਕੀਤੇ, ਜਿਸ ਕਾਰਨ ਯਮ ਪ੍ਰਸ਼ਾਦ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਹ ਫਰਾਰ ਹੋ ਗਏ।
ਐਸ. ਪੀ. ਦੇ ਦੱਸਣ ਮੁਤਾਬਕ ਉਕਤ ਮੁਲਜਮਾਂ ਦੀ ਗ੍ਰਿਫਤਾਰੀ ਨਾਲ ਇਕ ਹੋਰ ਮਾਮਲਾ ਵੀ ਸੁਲਝ ਗਿਆ ਹੈ। ਉਕਤ ਮੁਲਜਮਾਂ ਨੇ 26 ਦਸੰਬਰ ਦੀ ਰਾਤ ਨੂੰ ਨੇਮਰਾਜ ਵਾਸੀ ਨੇਪਾਲ ਹਾਲ ਵਾਸੀ ਪਿੰਡ ਕਾਂਸਲ ਜੋ ਕਿ ਸੈਕਟਰ 7 ਚੰਡੀਗੜ੍ਹ ਵਿਖੇ ਨੌਕਰੀ ਕਰਦਾ ਹੈ, ਨੂੰ ਵੀ ਲੁੱਟ ਦਾ ਸ਼ਿਕਾਰ ਬਣਾਉਂਦਿਆਂ ਉਸ ਕੋਲੋਂ ਮੋਬਾਇਲ ਫੋਨ ਅਤੇ ਉਸ ਦਾ ਪਰਸ ਖੋਹਿਆ ਸੀ।