ਜ਼ਿਲ੍ਹੇ ਵਿੱਚ ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਦੇ ਵਿਰੁੱਧ ਸਿਹਤ ਵਿਭਾਗ ਨੇ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਡਾ ਆਸ਼ੀਸ਼ ਚਾਵਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਨੂੰ ਸੁਰੱਖਿਅਤ ਅਤੇ ਸਾਫ਼-ਸੁਥਰਾ ਭੋਜਨ ਪ੍ਰਦਾਨ ਕਰਨ ਦੇ ਉਦੇਸ਼ ਨਾਲ 7 ਤੋਂ 21 ਅਪ੍ਰੈਲ ਤੱਕ ਵਿਸ਼ੇਸ਼ ਖਾਦ ਸੁਰੱਖਿਆ ਵੈਨ ਮੁਹਿੰਮ ਚਲਾਈ ਜਾਵੇਗੀ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਹ ਮੁਹਿੰਮ ਪੂਰੀ ਤਰ੍ਹਾਂ ਜਨ ਸੁਰੱਖਿਆ ਅਤੇ ਜਾਗਰੂਕਤਾ ਲਈ ਹੈ ਅਤੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਘਬਰਾਹਟ ਦੀ ਲੋੜ ਨਹੀਂ ਹੈ। ਵਿਭਾਗ ਦਾ ਮੁੱਖ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਮੌਕੇ ‘ਤੇ ਹੀ ਖੁਰਾਕ ਦੀ ਜਾਂਚ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ।
ਡਾ. ਚਾਵਲਾ ਦੇ ਅਨੁਸਾਰ, ਇਹ ਵੈਨ ਆਧੁਨਿਕ ਪ੍ਰਾਰੰਭਿਕ ਜਾਂਚ ਸਹੂਲਤਾਂ ਨਾਲ ਲੈਸ ਹੈ, ਜਿਸ ਰਾਹੀਂ ਆਮ ਨਾਗਰਿਕ ਸਿਰਫ਼ ₹50 ਦੀ ਨਾਮਾਤਰ ਫੀਸ ਦੇ ਕੇ ਆਪਣੇ ਖਾਣ-ਪੀਣ ਦੇ ਨਮੂਨੇ ਦੀ ਜਾਂਚ ਕਰਵਾ ਸਕਦੇ ਹਨ। ਇਸ ਦੇ ਨਾਲ ਹੀ ਸਟ੍ਰੀਟ ਵੇਂਡਰਾਂ, ਡੇਅਰੀਆਂ, ਮਿਠਾਈ ਦੀਆਂ ਦੁਕਾਨਾਂ ਅਤੇ ਫਾਸਟ ਫੂਡ ਵਿਕਰੇਤਾਵਾਂ ਨੂੰ ਵੀ ਖੁਰਾਕ ਸੁਰੱਖਿਆ ਮਿਆਰਾਂ ਬਾਰੇ ਜਾਗਰੂਕ ਕੀਤਾ ਜਾਵੇਗਾ।
ਨਿਰਧਾਰਤ ਪ੍ਰੋਗਰਾਮ ਅਨੁਸਾਰ 7 ਅਪ੍ਰੈਲ ਨੂੰ ਹੈਬੋਵਾਲ ਡੇਅਰੀ ਕੰਪਲੈਕਸ, 8 ਅਪ੍ਰੈਲ ਨੂੰ ਸਬਜ਼ੀ ਮੰਡੀ ਜਲੰਧਰ ਬਾਈਪਾਸ (ਟ੍ਰੇਨਿੰਗ), 9 ਅਪ੍ਰੈਲ ਨੂੰ ਮੇਰਿਟੋਰਿਅਸ ਸਕੂਲ ਅਤੇ ਰੋਜ਼ ਗਾਰਡਨ, 10 ਅਪ੍ਰੈਲ ਨੂੰ ਜਮਾਲਪੁਰ ਅਤੇ ਨੇੜਲੇ ਇਲਾਕਿਆਂ ਵਿੱਚ ਫਾਸਟ ਫੂਡ ਵੇਂਡਰਾਂ ਦੀ ਜਾਂਚ ਅਤੇ ਜਾਗਰੂਕਤਾ, 11 ਅਪ੍ਰੈਲ ਨੂੰ ਬੱਸ ਸਟੈਂਡ, 12 ਅਪ੍ਰੈਲ ਨੂੰ ਕਿਪਸ ਮਾਰਕੀਟ, 13 ਅਪ੍ਰੈਲ ਨੂੰ ਰੱਖ ਬਾਗ, ਦੁਰਗਾ ਮਾਤਾ ਮੰਦਰ ਅਤੇ ਗੁਰੂ ਨਾਨਕ ਸਟੇਡੀਅਮ, 14 ਅਪ੍ਰੈਲ ਨੂੰ ਦੁੱਖ ਨਿਵਾਰਣ ਸਾਹਿਬ ਗੁਰਦੁਆਰਾ ਨਾਲ ਲੱਗਦੇ ਇਲਾਕਿਆਂ ਵਿਚ , 15 ਅਪ੍ਰੈਲ ਨੂੰ ਤਾਜਪੁਰ ਰੋਡ ਡੇਅਰੀ ਕੰਪਲੈਕਸ, 16 ਅਪ੍ਰੈਲ ਨੂੰ ਪੀਏਯੂ ਲੁਧਿਆਣਾ (ਟ੍ਰੇਨਿੰਗ, ਜਾਗਰੂਕਤਾ ਅਤੇ ਟੈਸਟਿੰਗ), 17 ਅਪ੍ਰੈਲ ਨੂੰ ਦਾਨਾ ਮੰਡੀ ਜਗਰਾਉਂ ਵਿੱਚ ਸਟ੍ਰੀਟ ਵੇਂਡਰਾਂ, ਡੇਅਰੀਆਂ, ਫਾਸਟ ਫੂਡ ਅਤੇ ਮਿਠਾਈ ਦੀਆਂ ਦੁਕਾਨਾਂ ਦੀ ਜਾਂਚ, 18 ਅਪ੍ਰੈਲ ਨੂੰ ਸਰਕਾਰੀ ਸਕੂਲ ਇੰਦਰਾਪੁਰੀ ਨਾਲ ਲੱਗਦੇ ਇਲਾਕਿਆਂ ਵਿਚ, 19 ਅਪ੍ਰੈਲ ਨੂੰ ਜੀਟੀਬੀ ਮਾਰਕੀਟ ਕਮੇਟੀ ਖੰਨਾ, 20 ਅਪ੍ਰੈਲ ਨੂੰ ਰੇਲਵੇ ਸਟੇਸ਼ਨ ਅਤੇ 21 ਅਪ੍ਰੈਲ ਨੂੰ ਸਮਰਾਲਾ ਵਿੱਚ ਇਹ ਮੁਹਿੰਮ ਚਲਾਈ ਜਾਵੇਗੀ।
ਇਹ ਮੁਹਿੰਮ ਫ਼ੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ ਹੈ, ਜਿਸ ਦਾ ਉਦੇਸ਼ ਲੋਕਾਂ ਨੂੰ ਮਿਲਾਵਟ ਰਹਿਤ ਅਤੇ ਸੁਰੱਖਿਅਤ ਖੁਰਾਕ ਬਾਰੇ ਜਾਗਰੂਕ ਕਰਨਾ ਹੈ।
ਸਿਹਤ ਵਿਭਾਗ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਲੈਣ, ਆਪਣੇ ਖੁਰਾਕ ਦੇ ਨਮੂਨੇ ਜਾਂਚ ਲਈ ਲਿਆਉਣ ਅਤੇ ਸੁਰੱਖਿਅਤ ਸਮਾਜ ਦੀ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ।