ਲਾਲੜੂ ਪੁਲਿਸ ਨੇ 31 ਹਜ਼ਾਰ ਨਸ਼ੀਲੀਆਂ ਲੋਮੋਟਿਲ ਗੋਲੀਆਂ ਸਮੇਤ ਦੋ ਤਸਕਰ ਕੀਤੇ ਕਾਬੂ
Jul9,2026
| Gurvinder Singh Mohali | Lalru/sas Nagar
'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵੱਡੀ ਕਾਰਵਾਈ, ਬਨਾਰਸ ਤੋਂ ਲਿਆ ਕੇ ਇਲਾਕੇ ਵਿੱਚ ਵੇਚਣ ਦੀ ਸੀ ਯੋਜਨਾ; ਪੁਲਿਸ ਰਿਮਾਂਡ ਦੌਰਾਨ ਹੋਰ ਖੁਲਾਸਿਆਂ ਦੀ ਉਮੀਦ
ਮੋਹਾਲੀ, 9 ਜੁਲਾਈ (ਗੁਰਵਿੰਦਰ ਸਿੰਘ): ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਗੌਰਵ ਯਾਦਵ ਦੀ ਅਗਵਾਈ ਹੇਠ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਜ਼ਿਲ੍ਹਾ ਐਸ.ਏ.ਐਸ. ਨਗਰ ਪੁਲਿਸ ਨੂੰ ਇੱਕ ਹੋਰ ਵੱਡੀ ਸਫ਼ਲਤਾ ਮਿਲੀ ਹੈ। ਲਾਲੜੂ ਪੁਲਿਸ ਨੇ 31,000 ਨਸ਼ੀਲੀਆਂ ਲੋਮੋਟਿਲ ਗੋਲੀਆਂ ਸਮੇਤ ਦੋ ਕਥਿਤ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਕਾਰਵਾਈ ਡੀ.ਆਈ.ਜੀ. ਰੋਪੜ ਰੇਂਜ ਨਾਨਕ ਸਿੰਘ, ਸੀਨੀਅਰ ਪੁਲਿਸ ਕਪਤਾਨ ਐਸ.ਏ.ਐਸ. ਨਗਰ, ਕਪਤਾਨ ਪੁਲਿਸ ਦਿਹਾਤੀ ਅਤੇ ਡੀ.ਐਸ.ਪੀ. ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀਆਂ ਹਦਾਇਤਾਂ ਅਨੁਸਾਰ, ਇੰਸਪੈਕਟਰ ਯੋਗੇਸ਼ ਕੁਮਾਰ, ਮੁੱਖ ਅਫ਼ਸਰ ਥਾਣਾ ਲਾਲੜੂ ਦੀ ਨਿਗਰਾਨੀ ਹੇਠ ਅਮਲ ਵਿੱਚ ਲਿਆਂਦੀ ਗਈ।
ਪੁਲਿਸ ਮੁਤਾਬਕ 8 ਜੁਲਾਈ ਨੂੰ ਥਾਣੇਦਾਰ ਗੁਰਵਿੰਦਰ ਸਿੰਘ, ਇੰਚਾਰਜ ਪੁਲਿਸ ਚੌਂਕੀ ਲੈਹਲੀ, ਆਪਣੀ ਟੀਮ ਸਮੇਤ ਦੱਪਰ ਟੋਲ ਪਲਾਜ਼ਾ ਨੇੜੇ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕਰ ਰਹੇ ਸਨ। ਇਸ ਦੌਰਾਨ ਹਰਿਆਣਾ ਰੋਡਵੇਜ਼ ਦੀ ਬੱਸ ਵਿੱਚੋਂ ਉਤਰੇ ਦੋ ਨੌਜਵਾਨ ਪੁਲਿਸ ਨੂੰ ਦੇਖ ਕੇ ਘਬਰਾ ਗਏ ਅਤੇ ਆਪਣੇ ਕੋਲ ਮੌਜੂਦ ਪਿੱਠੂ ਬੈਗ ਨੂੰ ਖੱਡ ਵਿੱਚ ਸੁੱਟ ਕੇ ਤੇਜ਼ੀ ਨਾਲ ਤੁਰਨ ਲੱਗੇ। ਸ਼ੱਕ ਦੇ ਆਧਾਰ 'ਤੇ ਦੋਵਾਂ ਨੂੰ ਕਾਬੂ ਕਰਕੇ ਬੈਗ ਦੀ ਤਲਾਸ਼ੀ ਲਈ ਗਈ, ਜਿਸ ਵਿੱਚੋਂ 31,000 ਨਸ਼ੀਲੀਆਂ ਗੋਲੀਆਂ ਮਾਰਕਾ ਲੋਮੋਟਿਲ ਬਰਾਮਦ ਹੋਈਆਂ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਵਰਿੰਦਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਘੜਾਮਾ, ਥਾਣਾ ਬਨੂੰੜ, ਜ਼ਿਲ੍ਹਾ ਪਟਿਆਲਾ ਅਤੇ ਹਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਖੂਹਾ, ਥਾਣਾ ਬਨੂੰੜ, ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ।
ਪੁਲਿਸ ਨੇ ਦੋਵਾਂ ਖ਼ਿਲਾਫ਼ ਥਾਣਾ ਲਾਲੜੂ ਵਿਖੇ ਮੁਕੱਦਮਾ ਨੰਬਰ 136 ਮਿਤੀ 8 ਜੁਲਾਈ 2026 ਅਧੀਨ ਧਾਰਾ 22 ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।
ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਥਿਤ ਤੌਰ 'ਤੇ ਖੁਲਾਸਾ ਕੀਤਾ ਕਿ ਉਹ ਇਹ ਨਸ਼ੀਲੀਆਂ ਗੋਲੀਆਂ ਬਨਾਰਸ (ਉੱਤਰ ਪ੍ਰਦੇਸ਼) ਤੋਂ ਲਿਆਏ ਸਨ ਅਤੇ ਆਪਣੇ ਇਲਾਕੇ ਵਿੱਚ ਸਪਲਾਈ ਕਰਨ ਦੀ ਯੋਜਨਾ ਸੀ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਰ ਪੁੱਛਗਿੱਛ ਦੌਰਾਨ ਨਸ਼ਾ ਤਸਕਰੀ ਨਾਲ ਜੁੜੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
Lalru-Police-Arrested-Drugs-Peddlers-