ਨਸ਼ਿਆਂ ’ਤੇ ਕਾਬੂ ਪਾਉਣ ਵਿੱਚ ਪੰਜਾਬ ਬਣੇਗਾ ਮਾਡਲ ਸੂਬਾ : ਸਿਹਤ ਮੰਤਰੀ ** ਮਾਨਸਿਕ ਤੰਦਰੁਸਤੀ ਨੂੰ ਵਧਾਉਣ ਅਤੇ ਨਸ਼ਿਆਂ ਦੀ ਲਾਹਣਤ ਨੂੰ ਖਤਮ ਕਰਨ ਲਈ ਪ੍ਰਭਾਵੀ ਰਣਨੀਤੀ ਤਿਆਰ ਕਰੇਗਾ ਪੰਜਾਬ ਚੰਡੀਗੜ੍ਹ, 19 ਫਰਵਰੀ: ਸੂਬੇ ਵਿੱਚ ਨਸ਼ਿਆਂ ਦੀ ਲਾਹਣਤ ਦਾ ਡੱਟਵਾਂ ਮੁਕਾਬਲਾ ਕਰਨ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਬੁੱਧਵਾਰ ਨੂੰ ਸੂਬੇ ਵਿੱਚ ਇੱਕ ਵਿਆਪਕ ‘ਮਾਨਸਿਕ ਸਿਹਤ ਨੀਤੀ’ ਤਿਆਰ ਕਰਨ ਲਈ ਮਾਹਿਰਾਂ ਨਾਲ ਵਿਚਾਰ-ਚਰਚਾ ਕੀਤੀ। ‘‘ਪੰਜਾਬ ਦੀ ਤੰਦਰੁਸਤੀ ਦੀ ਯਾਤਰਾ: ਵਿਦ ਸਾਈਕੋਲਾਜੀਕਲ ਵੈਲ ਬੀਇੰਗ’’ ਵਿਸ਼ੇ ’ਤੇ ਮਾਹਿਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਪਣਾਈ ਮਾਨਸਿਕ ਸਿਹਤ ਅਤੇ ਤੰਦਰੁਸਤੀ ’ਤੇ ਕੇਂਦ੍ਰਿਤ ਵਿਆਪਕ ਪਹੁੰਚ ਨਾਲ ਨਸ਼ੇ ਦੀ ਲਾਹਣਤ ਨਾਲ ਨਜਿੱਠਣ ਦੀ ਵਚਨਬੱਧਤਾ ਦੁਹਰਾਈ। ਮਾਹਿਰਾਂ ਦੀ ਇਕੱਤਰਤਾ ਵਾਲੀ ਇਸ ਪਹਿਲਕਦਮੀ ਦਾ ਉਦੇਸ਼ ਮਨੋਵਿਗਿਆਨਕ ਤੰਦਰੁਸਤੀ ਨੂੰ ਵਧਾਉਣ ਅਤੇ ਸੂਬੇ ਵਿੱਚ ਨਸ਼ੇ ਦੇ ਖ਼ਤਰੇ ਨੂੰ ਠੱਲ੍ਹਣ ਲਈ ਪ੍ਰਭਾਵਸ਼ਾਲੀ ਰਣਨੀਤੀਆਂ ਬਣਾਉਣਾ ਸੀ। ਮੀਟਿੰਗ ਦੇ ਪਲੈਨਰੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨਸ਼ਿਆਂ ਦੀ ਸਮੱਸਿਆ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਇੱਕ ਬਹੁ-ਪੱਖੀ ਅਤੇ ਬਹੁ-ਅਨੁਸ਼ਾਸਨੀ ਪਹੁੰਚ ਬਣਾਉਣ ਨੂੰ ਤਰਜੀਹ ਦੇ ਰਹੀ ਹੈ। ਡਾ. ਬਲਬੀਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਨਸ਼ਾ ਛੁਡਾਊ ਟੀਚੇ ਨੂੰ ਪ੍ਰਾਪਤ ਕਰਨ ਲਈ ਸਮਾਜ ਦੇ ਹਰੇਕ ਵਿਅਕਤੀ ਦੀ ਮਨੋਵਿਗਿਆਨਕ ਤੰਦਰੁਸਤੀ ਜ਼ਰੂਰੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਕੂਲੀ ਬੱਚੇ, ਕਿਸਾਨ, ਹਾਲ ਹੀ ਪ੍ਰਵਾਸ ਕੀਤੇ ਪੰਜਾਬੀਆਂ ਅਤੇ ਮਜ਼ਦੂਰਾਂ ਸਮੇਤ ਸਮਾਜ ਦੇ ਸਾਰੇ ਵਰਗਾਂ ਨੂੰ ਮਨੋਵਿਗਿਆਨਕ ਤੰਦਰੁਸਤੀ 'ਤੇ ਕੇਂਦ੍ਰਿਤ ਸਲਾਹ ਦਿੱਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਨਸ਼ਾ ਕਰਨ ਵਾਲੇ ਕਿਸੇ ਵੀ ਰੁਝਾਨ ਨੂੰ ਰੋਕਿਆ ਜਾ ਸਕੇ। ਨਸ਼ਿਆਂ ਦੀ ਸਪਲਾਈ ਨੂੰ ਕੰਟਰੋਲ ਕਰਨ ਵਿੱਚ ਪੰਜਾਬ ਪੁਲਿਸ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਾ. ਬਲਬੀਰ ਸਿੰਘ ਨੇ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਕਰਨ ਵਾਲੇ ਵਿਅਕਤੀਆਂ ਲਈ ਪੁਨਰਵਾਸ ਉਪਬੰਧਾਂ (ਧਾਰਾ 64-ਏ ਦੇ ਤਹਿਤ) ਦੀ ਵਧੇਰੇ ਵਰਤੋਂ ਕਰਨ ਦੀ ਅਪੀਲ ਕੀਤੀ। ਇਸ ਪਹੁੰਚ ਦਾ ਉਦੇਸ਼ ਸਮਾਜ ਵਿੱਚ ਉਨ੍ਹਾਂ ਦੇ ਮੁੜ ਏਕੀਕਰਨ ਨੂੰ ਸੁਖਾਲਾ ਬਣਾਉਣਾ ਹੈ। ਡਾ. ਬਲਬੀਰ ਸਿੰਘ ਨੇ ਧਾਰਮਿਕ ਸੰਗਠਨਾਂ ਨਾਲ ਜੁੜਨ ਦਾ ਵਾਅਦਾ ਕਰਦੇ ਹੋਏ ਕਿਹਾ ਕਿ ਸਰਕਾਰ ਇਨ੍ਹਾਂ ਸੰਗਠਨਾਂ ਦੇ ਸਹਿਯੋਗ ਨਾਲ 4-5 ਨਵੇਂ ਪੁਨਰਵਾਸ ਕੇਂਦਰ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਇਸ ਤੋਂ ਇਲਾਵਾ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਬਿਹਤਰ ਸਲਾਹ ਪ੍ਰਦਾਨ ਕਰਨ ਵਾਸਤੇ 'ਕਮਿਊਨਿਟੀ ਸਹਾਇਤਾ ਸਮੂਹ' ਬਣਾਏ ਜਾਣਗੇ। ਸਿਹਤ ਮੰਤਰੀ ਨੇ ਕਿਹਾ ਕਿ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਨਾਲ ਹਮਦਰਦੀ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਹ ਚੁਣੌਤੀਆਂ ਨੂੰ ਦੂਰ ਕਰਨ ਲਈ ਸਮਾਜ ਵੱਲੋਂ ਸਮਰਥਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਕੰਟਰੋਲ ਕਰਨ ਲਈ ਪੇਸ਼ ਕੀਤੀ ਇਹ ਨਵੀਂ ਨੀਤੀ ਨਸ਼ਿਆਂ ਵਿਰੁੱਧ ਜੰਗ ਵਿੱਚ ਪੰਜਾਬ ਨੂੰ ਇੱਕ ਮਸਾਲੀ ਸੂਬੇ ਵਜੋਂ ਸਥਾਪਿਤ ਕਰੇਗੀ। ਹੁਨਰ ਵਿਕਾਸ ਰਾਹੀਂ ਨਸ਼ਾ ਕਰਨ ਵਾਲੇ ਵਿਅਕਤੀਆਂ ਦਾ ਸਸ਼ਕਤੀਕਰਨ ਕਰਨਾ ਸੂਬਾ ਸਰਕਾਰ ਦਾ ਮੁੱਖ ਉਦੇਸ਼ ਹੈ। ਸਿਹਤ ਮੰਤਰੀ ਵੱਲੋਂ ਨਿਰਦੇਸ਼ ਦਿੱਤੇ ਹਨ ਕਿ ਹਰੇਕ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਹੁਨਰ ਨਾਲ ਲੈਸ ਕਰਕੇ ਅਤੇ ਵੱਖ-ਵੱਖ ਰੋਜ਼ਗਾਰ ਪੈਦਾ ਕਰਨ ਵਾਲੀਆਂ ਯੋਜਨਾਵਾਂ ਰਾਹੀਂ ਉਹਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾ ਕੇ ਕੇਂਦਰਾਂ ਵਿੱਚ ਮੁੜ ਵਸੇਬਾ ਕੀਤਾ ਜਾਣਾ ਚਾਹੀਦਾ ਹੈ। ਇਸ ਪਹੁੰਚ ਦਾ ਉਦੇਸ਼ ਉਨ੍ਹਾਂ ਦੀ ਰਿਕਵਰੀ ਅਤੇ ਸਮਾਜ ਵਿੱਚ ਮੁੜ ਏਕੀਕਰਨ ਲਈ ਸਥਾਈ ਸਹਾਇਤਾ ਪ੍ਰਦਾਨ ਕਰਨਾ ਹੈ। ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਨੇ ਸਿਹਤ ਮੰਤਰੀ ਨੂੰ ਸਰਕਾਰ ਦੀਆਂ ਸਿਹਤ ਨੀਤੀਆਂ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਦਾ ਭਰੋਸਾ ਦਿੱਤਾ। ਇਸ ਸਬੰਧੀ ਮਾਨਸਿਕ ਸਿਹਤ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨ ਲਈ ਚਾਰ ਪੈਨਲ ਚਰਚਾਵਾਂ ਕੀਤੀਆਂ ਗਈਆਂ, ਜਿਸ ਵਿੱਚ ਪੰਜਾਬ ਵਿੱਚ ਨਸ਼ਾ ਛੁਡਾਊ ਪ੍ਰੋਗਰਾਮ: ਕੀ ਸਾਨੂੰ ਸੁਧਾਰ ਕਰਨ ਦੀ ਲੋੜ ਹੈ?, ਮਾਨਸਿਕ ਸਿਹਤ ਅਤੇ ਨਸ਼ਾ ਛੁਡਾਊ ਇਲਾਜ ਦੇ ਹਿੱਸੇ ਵਜੋਂ ਹੁਨਰ ਵਿਕਾਸ, ਪੰਜਾਬ ਮਾਨਸਿਕ ਸਿਹਤ ਨੀਤੀ (ਖਰੜੇ 'ਤੇ ਚਰਚਾ) ਅਤੇ ਤਣਾਅ ਪ੍ਰਬੰਧਨ ਅਤੇ ਖੁਦਕੁਸ਼ੀ ਰੋਕਥਾਮ ਸ਼ਾਮਲ ਹਨ। ਇਸ ਮੀਟਿੰਗ ਵਿੱਚ ਪ੍ਰੋਜੈਕਟ ਡਾਇਰੈਕਟਰ ਪੀਐਸਏਸੀਐਸ ਵਰਿੰਦਰ ਕੁਮਾਰ ਸ਼ਰਮਾ, ਐਮਡੀ ਐਨਐਚਐਮ ਘਨਸ਼ਿਆਮ ਥੋਰੀ, ਏਡੀਜੀਪੀ ਨੀਲਾਭ ਕਿਸ਼ੋਰ, ਮੈਂਬਰ ਪੰਜਾਬ ਵਿਕਾਸ ਕਮਿਸ਼ਨ ਅਨੁਰਾਗ ਕੁੰਡੂ, ਏਮਜ਼ ਦਿੱਲੀ ਦੇ ਪ੍ਰੋਫੈਸਰ ਡਾ. ਅਤੁਲ ਅੰਬੇਕਰ, ਪੀਜੀਆਈ ਦੇ ਮਨੋਵਿਗਿਆਨ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਦੇਬਾਸੀਸ ਬਾਸੂ, ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟਰ ਡਾ. ਹਿਤਿੰਦਰ ਕੌਰ, ਡਾਇਰੈਕਟਰ (ਈਐਸਆਈ) ਡਾ. ਜਸਪ੍ਰੀਤ ਕੌਰ, ਡਾਇਰੈਕਟਰ ਮੈਡੀਕਲ ਸਿੱਖਿਆ ਡਾ. ਅਵਨੀਤ ਕੁਮਾਰ, ਏਪੀਡੀ ਡਾ. ਬੌਬੀ ਗੁਲਾਟੀ, ਏਡੀ (ਮਾਨਸਿਕ ਸਿਹਤ) ਡਾ. ਸੰਦੀਪ ਭੋਲਾ, ਐਡਵੋਕੇਟ ਜਸਤੇਜ ਸਿੰਘ (ਏਜੀ ਪੰਜਾਬ ਦੇ ਪ੍ਰਤੀਨਿਧੀ), ਕਰਨਲ ਰਾਜਿੰਦਰ ਸਿੰਘ (ਪ੍ਰਤੀਨਿਧੀ ਬਾਰੂ ਸਾਹਿਬ ਧਾਰਮਿਕ ਸੰਗਠਨ), ਨਾਰਕੋਟਿਕਸ ਅਨਾਮਿਸ ਦੇ ਨੁਮਾਇੰਦੇ ਅਤੇ ਐਸੋਸੀਏਸ਼ਨ ਆਫ਼ ਸਾਈਕਿਆਟ੍ਰਿਸਟਸ ਦੇ ਨੁਮਾਇੰਦੇ ਵੀ ਮੌਜੂਦ ਸਨ।
Dr-Balbir-Singh-Health-Minister-Punjab-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)