- ਡੇਂਗੂ ਨਾਲ ਲੜਨ ਲਈ ਜ਼ਿਲ੍ਹੇ ਦੇ ਸਾਰੇ ਵਿਭਾਗ ਮਿਲ ਕੇ ਕੰਮ ਕਰਨਗੇ :- ਡੀ.ਸੀ ਜਤਿੰਦਰ ਜੋਰਵਾਲ
- ਵੱਧ ਤੋਂ ਵੱਧ ਫੋਗਿੰਗ ਕਰਵਾਉਣ ਦੇ ਆਦੇਸ਼
- ਲੋਕਾਂ ਨੂੰ ਅਪੀਲ: ਕੂਲਰਾਂ, ਫੁੱਲਾਂ ਦੇ ਬਰਤਨ, ਫਰਿੱਜ ਦੀਆਂ ਟਰੇਆਂ, ਪੁਰਾਣੇ ਟਾਇਰਾਂ ਆਦਿ ਵਿੱਚ ਪਾਣੀ ਖੜ੍ਹਾ ਨਾ ਹੋਣ ਦਿਓ
ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਸ਼ਨੀਵਾਰ ਨੂੰ ਸਥਾਨਕ ਬੱਚਤ ਭਵਨ ਵਿਖੇ ਡੇਂਗੂ ਵਿਰੁੱਧ ਮੁਹਿੰਮ ’ਚ ਭਾਗੀਦਾਰ ਸਾਰੇ ਵਿਭਾਗਾਂ ਦੇ ਨਾਲ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਪੰਜਾਬ ਵਾਸੀਆਂ ਨੂੰ ਸਿਹਤਮੰਦ ਬਣਾਉਣ ਦੀ ਵਚਨਬੱਧਤਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਡੇਂਗੂ ਮੱਛਰ ਦੇ ਲਾਰਵੇ ਦੀ ਉਤਪਤੀ ਅਤੇ ਇਸ ਨੂੰ ਕਿਵੇਂ ਨਸ਼ਟ ਕਰਨਾ ਹੈ, ਬਾਰੇ ਜਾਗਰੂਕ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਰਜੀਤ ਬੈਂਸ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਆਪਣੇ ਅਧੀਨ ਪੈਂਦੇ ਖੇਤਰ ਵਿੱਚ ਵੱਧ ਤੋਂ ਵੱਧ ਫੋਗਿੰਗ ਕਰਵਾਉਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ, ਸਰਕਾਰੀ ਦਫ਼ਤਰਾਂ ਵਿੱਚ ਸ਼ਨੀਵਾਰ/ਐਤਵਾਰ ਫੋਗਿੰਗ ਕਰਵਾਈ ਜਾਵੇ ਇਸ ਤੋਂ ਇਲਾਵਾ ਜ਼ਿਆਦਾ ਆਵਾਜਾਈ ਵਾਲੇ ਸਥਾਨ ਜਿਵੇਂ ਕਿ ਮੁੱਖ ਮਾਰਕੀਟ/ਬਜ਼ਾਰ, ਸਬਜ਼ੀ ਮੰਡੀਆਂ ਸਮੇਤ ਪਿਛਲੇ ਸਾਲ ਡੇਂਗੂ ਫੈਲਣ ਵਾਲੇ ਖੇਤਰਾਂ ਨੂੰ ਵਿਸ਼ੇਸ਼ ਮਹੱਤਵ ਦੇਣ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੇਂਗੂ ਤੋਂ ਬਚਾਅ ਸਬੰਧੀ ਰੋਜ਼ਾਨਾ ਐਡਵਾਈਜਰੀ ਜਾਰੀ ਕੀਤੀ ਜਾਵੇ ਅਤੇ ਡੇਂਗੂ ਤੋਂ ਬਚਾਅ ਦੀਆਂ ਦਵਾਈਆਂ ਆਦਿ ਦਾ ਉਚਿੱਤ ਸਟਾਕ ਉਪਲੱਭਦ ਬਣਾਈ ਰੱਖਣ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਆਮ ਆਦਮੀ ਕਲੀਨਿਕਾਂ ਵਿਚ ਆਉਣ ਵਾਲੇ ਮਰੀਜ਼ਾਂ ਦਾ ਡੇਂਗੂ ਟੈਸਟ ਕਰਨਾ ਯਕੀਨੀ ਬਣਾਉਣ ਤਾਂ ਜ਼ੋ ਸਮੇਂ ਸਿਰ ਡੇਂਗੂ ਪ੍ਰਭਾਵਿਤ ਵਿਅਕਤੀਆਂ ਦਾ ਇਲਾਜ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਲੁਧਿਆਣਾ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਸ਼ੁੱਕਰਵਾਰ ਨੂੰ ‘ਡਰਾਈ ਡੇਅ’ (ਹਰ ਸ਼ੁਕਰਵਾਰ ਡੇਂਗੂ ’ਤੇ ਵਾਰ) ਗਤੀਵਿਧੀ ਵਜੋਂ ਇੱਕ ਸੌਖਾ ਜਿਹਾ ਕੰਮ ਖੜ੍ਹੇ ਪਾਣੀ ਵਹਾਉਣ/ ਸਾਫ਼ ਕਰਨ ਦਾ ਕਰਨ। ਉਨ੍ਹਾਂ ਕਿਹਾ ਕਿ ਇਹ ਹਵਾ ਵਾਲੇ ਕੂਲਰ ਦੇ ਟੈਂਕ, ਫੁੱਲਾਂ ਦੇ ਗਮਲਿਆਂ, ਫਰਿੱਜ ਦੀਆਂ ਪਿਛਲੀਆਂ ਟਰੇਆਂ ਅਤੇ ਪੁਰਾਣੇ ਟਾਇਰ ਜਾਂ ਉਨ੍ਹਾਂ ਦੇ ਘਰਾਂ ਅੰਦਰ ਅਤੇ ਆਲੇ ਦੁਆਲੇ ਕੋਈ ਹੋਰ ਥਾਂ ਹੋ ’ਚ ਵੀ ਹੋ ਸਕਦਾ ਹੈ, ਜਿਸ ਨੂੰ ਅਸੀਂ ਸ਼ੁੱਕਰਵਾਰ ਨੂੰ ਡੋਲ੍ਹ ਕੇ ਖਾਲੀ ਕਰ ਦੇਣਾ ਹੈ।
ਸ੍ਰੀ ਜਤਿੰਦਰ ਜੋਰਵਾਲ ਨੇ ਸ਼ਹਿਰੀ ਖੇਤਰਾਂ ਵਿੱਚ ਸਥਾਨਕ ਸੰਸਥਾਵਾਂ, ਪੇਂਡੂ ਵਿਕਾਸ ਅਤੇ ਪੇਂਡੂ ਖੇਤਰਾਂ ਦੀਆਂ ਪੰਚਾਇਤਾਂ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗਾਂ ਵਰਗੇ ਸਾਰੇ ਹਿੱਸੇਦਾਰਾਂ ਨਾਲ ਤਾਲਮੇਲ ਕਰਕੇ ਵਧੇਰੇ ਸਰਗਰਮੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਡੇਂਗੂ ਦੇ ਲਾਰਵੇ ਨੂੰ ਨਸ਼ਟ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਘਰ-ਘਰ ਜਾ ਕੇ ਬਰੀਡਿੰਗ ਚੈਕਿੰਗ ਗਤੀਵਿਧੀਆਂ ਨੂੰ ਤੇਜ਼ ਕਰਨ। ਉਨ੍ਹਾਂ ਕਿਹਾ ਕਿ ਡੇਂਗੂ ਨਾਲ ਲੜਨ ਲਈ ਜ਼ਿਲ੍ਹੇ ਦੇ ਸਾਰੇ ਵਿਭਾਗ ਮਿਲ ਕੇ ਕੰਮ ਕਰਨਗੇ।
ਡੇਂਗੂ ਦੇ ਲੱਛਣ:
ਅਚਾਨਕ ਤੇਜ਼ ਬੁਖਾਰ
ਤੇਜ਼ ਸਿਰ ਦਰਦ
ਅੱਖਾਂ ਦੇ ਪਿੱਛੇ ਦਰਦ
ਗੰਭੀਰ ਜੋੜਾਂ ਅਤੇ ਮਾਸਪੇਸ਼ੀਆਂ ਵਿੱਚ ਦਰਦ
ਚਮੜੀ ’ਤੇ ਧੱਫੜ
ਥਕਾਵਟ
ਜੀਅ ਘਬਰਾਉਣਾ
ਉਲਟੀਆਂ
ਕੀ ਕੀਤਾ ਜਾਵੇ:
ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਕੂਲਰਾਂ ਅਤੇ ਹੋਰ ਛੋਟੇ ਕੰਟੇਨਰਾਂ ਵਿੱਚੋਂ ਪਾਣੀ ਕੱਢੋ,
ਓਵਰਹੈੱਡ ਟੈਂਕਾਂ ਨੂੰ ਢੱਕ ਕੇ ਰੱਖੋ,
ਹਰ ਹਫ਼ਤੇ ਫਰਿੱਜ ਦੀ ਪਿਛਲੀ ਟਰੇਅ ਚੋਂ ਪਾਣੀ ਕੱਢ ਦਿਓ,
ਦਿਨ ਵੇਲੇ ਸੌਂਦੇ ਸਮੇਂ ਮੱਛਰਦਾਨੀ ਜਾਂ ਮੱਛਰ ਭਜਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕਰੋ,
ਹਫਤਾਵਾਰੀ ਆਧਾਰ ’ਤੇ ਪਾਣੀ ਦੇ ਸਟੋਰੇਜ ਦੇ ਭਾਂਡਿਆਂ ਨੂੰ ਖਾਲੀ ਕਰਨਾ ਅਤੇ ਸੁਕਾਉਣਾ,
ਮੱਛਰ ਪੈਦਾ ਹੋਣ ਤੋਂ ਰੋਕਣ ਲਈ ਆਲੇ-ਦੁਆਲੇ ਨੂੰ ਸਾਫ਼ ਅਤੇ ਸੁੱਕਾ ਰੱਖੋ,
ਪਲਾਸਟਿਕ, ਨਾਰੀਅਲ ਦੇ ਛਿਲਕਿਆਂ ਅਤੇ ਖਾਲੀ ਟੀਨਾਂ ਅਤੇ ਡੱਬਿਆਂ ’ਚ ਪਾਣੀ ਨਾ ਖੜ੍ਹਨ ਦਿਓ,
ਆਪਣੇ ਘਰ ਦੇ ਅੰਦਰ ਅਤੇ ਆਲੇ-ਦੁਆਲੇ ਬਾਹਰੀ ਕੰਟੇਨਰਾਂ ਅਤੇ ਪਾਣੀ ਦੇ ਛੱਪੜਾਂ ’ਤੇ ਕੀਟਨਾਸ਼ਕਾਂ ਦਾ ਛਿੜਕਾਅ ਕਰੋ
-ਇਹ ਨਾ ਕਰੋ-
ਅਜਿਹੇ ਕੱਪੜੇ ਨਾ ਪਾਓ ਜੋ ਤੁਹਾਡੀਆਂ ਬਾਹਾਂ ਅਤੇ ਲੱਤਾਂ ਨੂੰ ਨੰਗਾ ਰੱਖਦੇੇ ਹਨ,
ਬੱਚਿਆਂ ਨੂੰ ਸ਼ਾਰਟਸ ਅਤੇ ਅੱਧੀ ਬਾਹਾਂ ਵਾਲੇ ਕੱਪੜਿਆਂ ਵਿੱਚ ਖੇਡਣ ਨਾ ਦਿਓ,
ਪੰਛੀਆਂ ਦੇ ਖਾਣ/ਪੀਣ ਵਾਲੇ ਬਰਤਨਾਂ ਵਿੱਚ ਪਾਣੀ ਨੂੰ ਖੜ੍ਹਾ ਨਾ ਹੋਣ ਦਿਓ,
ਘਰ ਤੋਂ ਬਾਹਰ ਜਾਣ ਵੇਲੇ ਟਾਇਲਟ ਨੂੰ ਢੱਕ ਕੇ ਜਾਓ,
ਇਨ੍ਹਾਂ ਮਹੀਨਿਆਂ ਦੌਰਾਨ ਫੁੱਲਾਂ ਦੇ ਬਰਤਨਾਂ ਦੇ ਹੇਠਾਂ ਹੋਰ ਬਰਤਨਾਂ ਦੀ ਵਰਤੋਂ ਨਾ ਕਰੋ ਕਿਉਂਕਿ ਖ੍ਹੜਾ ਪਾਣੀ ਮੱਛਰ ਦਾ ਘਰ ਬਣਦਾ ਹੈ,
ਡੇਂਗੂ ਦੇ ਮਰੀਜ਼ਾਂ ਨੂੰ ਸਟੀਰੌਇਡ ਜਾਂ ਐਂਟੀਬਾਇਓਟਿਕਸ ਨਾ ਦਿਓ,
ਜਦੋਂ ਤੱਕ ਨਿਰੰਤਰ ਖੂਨ ਨਹੀਂ ਆਉਂਦਾ ਜਾਂ ਪਲੇਟਲੇਟ ਦੀ ਗਿਣਤੀ 10,000 ਤੋਂ ਘੱਟ ਹੈ, ਉਦੋਂ ਤੱਕ ਪਲੇਟਲੇਟਸ ਟਰਾਂਸਫਿਊਜ਼ਨ ਤੋਂ ਪਰਹੇਜ਼ ਕਰੋ।