ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ ਵਿੱਚ ਚੁੱਕਿਆ ਸ਼ਹੀਦ-ਏ-ਆਜ਼ਮ ਭਗਤ ਸਿੰਘ ਪ੍ਰਤੀ ਲਾਹੌਰ ਹਾਈਕੋਰਟ ਚ ਕੀਤੀ ਗਈ ਟਿੱਪਣੀ ਦਾ ਮਾਮਲਾ
Dec7,2024
| Jagrati Lahar Bureau | New Delhi
ਵਿਦੇਸ਼ ਮੰਤਰੀ ਨੂੰ ਸਵਾਲ ਪਾ ਕੇ ਮੰਗਿਆ ਮਾਮਲੇ ਵਿੱਚ ਚੁੱਕੇ ਗਏ ਕਦਮਾਂ ਪ੍ਰਤੀ ਜਵਾਬ
ਨਵੀਂ ਦਿੱਲੀ, 7 ਦਸੰਬਰ: ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਪਾਕਿਸਤਾਨ ਦੇ ਲਾਹੌਰ ਹਾਈਕੋਰਟ ਵਿੱਚ ਲਾਹੌਰ ਦੇ ਸ਼ਦਨਾਮ ਚੌਂਕ ਨੂੰ ਭਗਤ ਸਿੰਘ ਚੌਂਕ ਵਜੋਂ ਨਾਮ ਦੇਣ ਸਬੰਧੀ ਅਪੀਲ ਪਟੀਸ਼ਨ ਦੇ ਜਵਾਬ ਵਿੱਚ ਲਾਹੌਰ ਮਿਊਨਸੀਪਲ ਕਾਰਪੋਰੇਸ਼ਨ ਵੱਲੋਂ ਕੀਤੀ ਗਈ ਮੰਦਭਾਗੀ ਅਤੇ ਇਤਰਾਜਯੋਗ ਟਿੱਪਣੀ ਦਾ ਮੁੱਦਾ ਚੁੱਕਦੇ ਹੋਏ, ਲੋਕ ਸਭਾ ਵਿੱਚ ਵਿਦੇਸ਼ ਮੰਤਰੀ ਨੂੰ ਇਸ ਸਬੰਧ ਵਿੱਚ ਪਾਕਿਸਤਾਨ ਕੋਲ ਵਿਰੋਧ ਜਾਹਿਰ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਪੁੱਛਿਆ ਹੈ।
ਤਿਵਾੜੀ ਨੇ ਇਹ ਵੀ ਪੁੱਛਿਆ ਹੈ ਕਿ ਪਾਕਿਸਤਾਨ ਵਿੱਚ ਵੱਧ ਰਹੀ ਅਸਹਿਣਸ਼ੀਲਤਾ ਅਤੇ ਭਾਰਤ ਵਿਰੋਧੀ ਵਿਚਾਰਾਂ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਕੀ ਕਦਮ ਚੁੱਕੇ ਗਏ ਹਨ, ਜਿਸਦਾ ਖੁਲਾਸਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਰਗੀਆਂ ਮਹਾਨ ਸ਼ਖਸੀਅਤਾਂ ਨਾਲ ਕੀਤੇ ਜਾ ਰਹੇ ਵਤੀਰੇ ਤੋਂ ਹੁੰਦਾ ਹੈ। ਇਸਦੇ ਨਾਲ ਹੀ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਦੀ ਵਿਰਾਸਤ ਨੂੰ ਸੰਭਾਲਣ ਅਤੇ ਉਹਨਾਂ ਵੱਲੋਂ ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਪਾਏ ਗਏ ਯੋਗਦਾਨ ਨੂੰ ਵਿਸ਼ਵ ਪੱਧਰ ਤੇ ਮਾਨਤਾ ਦਵਾਉਣ ਲਈ ਕੀ ਕਦਮ ਚੁੱਕੇ ਗਏ ਹਨ।
ਜਿਨਾਂ ਸਵਾਲਾਂ ਦਾ ਜਵਾਬ ਦਿੰਦੇ ਹੋਏ, ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਦੱਸਿਆ ਹੈ ਕਿ ਭਾਰਤ ਸਰਕਾਰ ਨੇ ਪਾਕਿਸਤਾਨ ਵਿੱਚ ਸ਼ਹੀਦ ਭਗਤ ਸਿੰਘ ਪ੍ਰਤੀ ਇਤਰਾਜ਼ਯੋਗ ਟਿੱਪਣੀਆਂ ਕਰਨ ਸੰਬੰਧੀ ਖਬਰਾਂ ਦਾ ਸਖਤ ਨੋਟਿਸ ਲੈਂਦਿਆਂ ਹੋਇਆਂ, ਕੂਟਨੀਤਕ ਤੌਰ ਤੇ ਉਥੋਂ ਦੀ ਸਰਕਾਰ ਕੋਲ ਕਰੜਾ ਵਿਰੋਧ ਜਾਹਿਰ ਕੀਤਾ ਹੈ। ਭਾਰਤ ਸਰਕਾਰ ਵੱਲੋਂ ਪਾਕਿਸਤਾਨ ਵਿੱਚ ਸਭਿਆਚਾਰਕ ਵਿਰਾਸਤਾ ਉੱਪਰ ਹਮਲੇ ਅਤੇ ਉਥੋਂ ਦੀਆਂ ਘੱਟ ਗਿਣਤੀਆਂ ਖਿਲਾਫ ਵੱਧ ਰਹੀ ਅਸਹਿਣਸ਼ੀਲਤਾ ਅਤੇ ਸਨਮਾਨ ਦੇ ਘਾਟ ਦਾ ਮੁੱਦਾ ਵੀ ਚੁੱਕਿਆ ਗਿਆ ਹੈ।
ਮੰਤਰੀ ਨੇ ਦੱਸਿਆ ਹੈ ਕਿ ਸਰਕਾਰ ਅਤੇ ਪੂਰਾ ਦੇਸ਼ ਸ਼ਹੀਦ ਭਗਤ ਸਿੰਘ ਵੱਲੋਂ ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਦਿੱਤੇ ਗਏ ਵਡਮੁੱਲੇ ਯੋਗਦਾਨ ਦਾ ਸਤਿਕਾਰ ਕਰਦਾ ਹੈ। ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ ਹਰ ਸਾਲ ਭਾਰਤ ਅਤੇ ਵਿਦੇਸ਼ਾਂ ਦੀ ਧਰਤੀ ਤੇ ਉਥੋਂ ਦੇ ਭਾਰਤੀ ਦੂਤਾਵਾਸਾਂ ਵਿੱਚ ਸ਼ਰਧਾ ਅਤੇ ਸਤਿਕਾਰ ਦੇ ਫੁੱਲ ਭੇਟ ਕਰਦਿਆਂ ਹੋਇਆਂ ਮਨਾਇਆ ਜਾਂਦਾ ਹੈ।
Powered by Froala Editor
Mp-Manish-Tewari-Raised-Issue-Of-Derogatory-Remarks-Made-Against-Shaheed-e-azam-Bhagat-Singh-In-Lahore-High-Court