ਗੋਲੀ ਮਾਰਨ ਤੋਂ ਪਹਿਲਾਂ ਕਰਨ ਅਤੇ ਸ਼ੁਭਮ ਦੀ ਆਪਸ ਵਿੱਚ ਹੋਈ ਸੀ ਹੱਥੋਪਾਈ
ਸਥਾਨਕ ਫੇਜ਼ 4 ਵਿੱਚ ਮਦਨਪੁਰ ਚੌਂਕ ਦੇ ਨਾਲ ਲੱਗਦੇ ਪਾਰਕ ਵਿੱਚ ਬੀਤੀ ਦੇਰ ਰਾਤ ਕਰਨ ਅਤੇ ਸ਼ੁਭਮ ਨਾਮ ਦੇ ਦੋ ਨੌਜਵਾਨਾਂ ਵਿੱਚ ਇਕ ਲੜਕੀ ਨਾਲ ਦੋਸਤੀ ਨੂੰ ਲੈ ਕੇ ਪਹਿਲਾਂ ਹੋਈ ਹੱਥੋਪਾਈ ਤੋਂ ਬਾਅਦ ਕਰਨ ਨਾਮ ਦੇ ਨੌਜਵਾਨ ਵਲੋਂ ਦੂਜੇ ਨੌਜਵਾਨ ਸ਼ੁਭਮ ਤੇ ਗੋਲੀ ਚਲਾ ਦਿੱਤੀ ਗਈ, ਜਿਸ ਕਾਰਨ ਸ਼ੁਭਮ ਜਖਮੀ ਹੋ ਗਿਆ। ਸ਼ੁਭਮ ਇਸ ਸਮੇਂ ਸੈਕਟਰ 32 ਚੰਡੀਗੜ੍ਹ ਦੇ ਜੀ.ਐਮ.ਸੀ ਹਸਪਤਾਲ ਵਿਚ ਜੇਰੇ ਇਲਾਜ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਦੇਰ ਰਾਤ ਸ਼ੁਭਮ ਆਪਣੀ ਇੱਕ ਮਹਿਲਾ ਦੋਸਤ ਨਾਲ ਫੇਜ਼ 4 ਵਿਚਲੇ ਪਾਰਕ ਵਿਚ ਬੈਠਾ ਸੀ। ਇਸ ਦੌਰਾਨ ਕਰਨ ਸ਼ਰਮਾ ਨਾਂ ਦਾ ਨੌਜਵਾਨ ਪਾਰਕ ਵਿਚ ਆਇਆ ਅਤੇ ਉਕਤ ਲੜਕੀ ਨੂੰ ਕਹਿਣ ਲੱਗਾ ਕਿ ਉਹ ਸ਼ੁਭਮ ਨਾਲ ਕਿਉਂ ਬੈਠੀ ਹੈ । ਲੜਕੀ ਨੇ ਕਰਨ ਨੂੰ ਕਿਹਾ ਕਿ ਉਸ ਦਾ ਹੁਣ ਉਸ (ਕਰਨ) ਨਾਲ ਕੋਈ ਰਿਸ਼ਤਾ ਨਹੀਂ ਹੈ ਅਤੇ ਉਹ ਆਪਣੀ ਮਰਜੀ ਨਾਲ ਕਿਸੇ ਨਾਲ ਕਿਤੇ ਵੀ ਆ ਜਾ ਸਕਦੀ ਹੈ। ਇਸ ਦੌਰਾਨ ਦੂਜੇ ਨੌਜਵਾਨ ਸ਼ੁਭਮ ਨੇ ਵੀ ਕਰਨ ਨੂੰ ਕਿਹਾ ਕਿ ਉਹ ਉੱਥੋਂ ਚਲਾ ਜਾਏ।
ਸ਼ੁਭਮ ਵਲੋਂ ਕਰਨ ਨੂੰ ਜਾਣ ਲਈ ਕਹਿਣ ਤੇ ਕਰਨ ਅਤੇ ਸ਼ੁਭਮ ਵਿਚ ਤੂੰ ਤੂੰ ਮੈਂ ਮੈਂ ਹੋ ਗਈ ਜਿਹੜੀ ਹੱਥੋਪਾਈ ਵਿੱਚ ਬਦਲ ਗਈ। ਇਸ ਦੌਰਾਨ ਉਕਤ ਲੜਕੀ ਵਲੋਂ ਦੋਵਾਂ ਨੂੰ ਸ਼ਾਂਤ ਕੀਤਾ ਗਿਆ ਅਤੇ ਫਿਰ ਲੜਕੀ ਸ਼ਭਮ ਨੰ ਲੈ ਕੇ ਪਾਰਕ ਵਿੱਚੋਂ ਬਾਹਰ ਵੱਲ ਤਰ ਪਈ। ਇਸ ਦੌਰਾਨ ਸ਼ੁਭਮ ਅਤੇ ਲੜਕੀ ਜਿਵੇਂ ਹੀ ਪਾਰਕ ਦੇ ਗੇਟ ਕੋਲ ਪਹੁੰਚੇ ਤਾਂ ਇਨਾਂ ਦੇ ਪਿੱਛੇ ਪਿੱਛੇ ਆ ਰਹੇ ਕਰਨ ਨੇ ਸ਼ੁਭਮ ਤੇ ਦੋ ਗੋਲੀਆਂ ਚਲਾਈਆਂ, ਜਿਨਾਂ ਵਿੱਚੋਂ ਇਕ ਗੋਲੀ ਸ਼ੁਭਮ ਦੇ ਗਰਦਨ ਅਤੇ ਮੋਢੇ ਦੇ ਵਿਚਕਾਰ ਵੱਜੀ। ਗੋਲੀ ਲੱਗਣ ਕਾਰਨ ਸ਼ੁਭਮ ਹੇਠਾਂ ਡਿੱਗ ਪਿਆ ਜਦੋਂਕਿ ਕਰਨ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਸਬੰਧੀ ਪੁਲੀਸ ਕੰਟਰੂਲ ਰੂਮ ਤੇ ਸੂਚਨਾ ਦਿੱਤੀ ਗਈ ਅਤੇ ਮੌਕੇ ਤੇ ਪਹੁੰਚੀ ਪੀ. ਸੀ. ਆਰ ਪਾਰਟੀ ਨੇ ਜਖਮੀ ਸ਼ੁਭਮ ਨੂੰ ਫੇਜ਼ 6 ਵਿਚਲੇ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਸ਼ੁਭਮ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸੈਕਟਰ 32 ਚੰਡੀਗੜ੍ਹ ਦੇ ਹਸਪਤਾਲ ਰੈਫਰ ਕਰ ਦਿੱਤਾ।
ਪੁਲੀਸ ਦੇ ਦੱਸਣ ਮੁਤਾਬਕ ਜਿਸ ਪਿਸਤੋਲ ਵਿੱਚੋਂ ਗੋਲੀ ਚੱਲੀ ਹੈ, ਉਹ ਲਾਇਸੰਸੀ ਹੈ ਅਤੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਕਤ ਪਿਸਤੋਲ ਦਾ ਲਾਇਸੰਸ ਕਿਸ ਦੇ ਨਾਮ ਤੇ ਰਜਿਸਟਰਡ ਹੈ। ਪੁਲੀਸ ਨੂੰ ਮੌਕੇ ਤੋਂ ਦੋ ਖੋਲ ਵੀ ਮਿਲੇ ਹਨ, ਜਿਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ।
ਪੁਲੀਸ ਦੇ ਦੱਸਣ ਮੁਤਾਬਕ ਜਿਸ ਪਿਸਤੋਲ ਵਿੱਚੋਂ ਗੋਲੀ ਚੱਲੀ ਹੈ, ਉਹ ਲਾਇਸੰਸੀ ਹੈ ਅਤੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਕਤ ਪਿਸਤੋਲ ਦਾ ਲਾਇਸੰਸ ਕਿਸ ਦੇ ਨਾਮ ਤੇ ਰਜਿਸਟਰਡ ਹੈ। ਪੁਲੀਸ ਨੂੰ ਮੌਕੇ ਤੋਂ ਦੋ ਖੋਲ ਵੀ ਮਿਲੇ ਹਨ, ਜਿਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਉਕਤ ਲੜਕੀ ਦੀ ਪਹਿਲਾਂ ਕਰਨ ਸ਼ਰਮਾ ਨਾਲ ਦੋਸਤੀ ਸੀ, ਪ੍ਰੰਤੂ ਕੁੱਝ ਸਮਾਂ ਪਹਿਲਾਂ ਉਕਤ ਲੜਕੀ ਨੇ ਕਰਨ ਨੂੰ ਛੱਡ ਕੇ ਸ਼ੁਭਮ ਨਾਲ ਦੋਸਤੀ ਕਰ ਲਈ ਸੀ। ਉਸ ਤੋਂ ਬਾਅਦ ਹੀ ਕਰਨ ਨੂੰ ਇਹ ਗੱਲ ਖਟਕ ਰਹੀ ਸੀ, ਜਿਸ ਦੀ ਵਜਾ ਕਾਰਨ ਬੁਧਵਾਰ ਦੀ ਰਾਤ ਉਸ ਨੇ ਉਕਤ ਘਟਨਾ ਨੂੰ ਅੰਜਾਮ ਦਿੱਤਾ। ਇਸ ਸਬੰਧੀ ਐਸ.ਪੀ ਸਿਟੀ ਹਰਵੀਰ ਸਿੰਘ ਅਟਵਾਲ ਨੇ ਦੱਸਿਆ ਕਿ ਪੁਲੀਸ ਨੇ ਕਰਨ ਸ਼ਰਮਾ ਵਿਰੁਧ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।