- ਆਮ ਆਦਮੀ ਕਲੀਨਿਕ ਵਿੱਚ ਰੋਜ਼ਾਨਾ 58 ਹਜ਼ਾਰ ਤੋਂ ਵੱਧ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ ਸਿਹਤ ਸੇਵਵਾਂ, ਲੋਕਾਂ ਲਈ ਸਿਹਤ ਸਹੂਲਤਾਂ ਦੇ ਖ਼ਰਚਿਆਂ ਵਿੱਚ 1030 ਕਰੋੜ ਰੁਪਏ ਦੀ ਕਟੌਤੀ ਆਈ : ਡਾ. ਬਲਬੀਰ ਸਿੰਘ
— ਓ.ਪੀ.ਡੀ. ਸੇਵਾਵਾਂ ਲੈਣ ਵਾਲਿਆਂ ’ਚ ਔਰਤਾਂ ਦੀ 55 ਫੀਸਦ ਆਮਦ, Çਲੰਗ- ਨਿਰਪੱਖ ਸਿਹਤ ਸਹੂਲਤਾਂ ਦਾ ਸੰਕੇਤ: ਸਿਹਤ ਮੰਤਰੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਮੁੱਢਲੀਆਂ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਸ਼ੁਰੂ ਕੀਤੇ ਗਏ ‘ਆਮ ਆਦਮੀ ਕਲੀਨਿਕ’ ਪ੍ਰੋਜੈਕਟ ਨੇ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕੀਤਾ ਹੈ, ਕਿਉਂਕਿ ਮਹਿਜ਼ ਦੋ ਸਾਲਾਂ ਵਿੱਚ ਆਊਟਪੇਸ਼ੈਂਟ ਵਿਭਾਗ (ਓ.ਪੀ.ਡੀ.) ’ਚ ਮਰੀਜ਼ਾਂ ਦੀ ਆਮਦ ਹੁਣ ਦੋ ਕਰੋੜ ਦਾ ਅੰਕੜਾ ਪਾਰ ਕਰ ਗਈ ਹੈ।
ਅੱਜ ਇਸ ਅਹਿਮ ਪ੍ਰਾਪਤੀ ਨੂੰ ਸਾਂਝਾ ਕਰਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਖੁਲਾਸਾ ਕੀਤਾ ਕਿ 15 ਅਗਸਤ, 2022 ਤੋਂ ਹੁਣ ਤੱਕ ਸੂਬੇ ਵਿੱਚ 2 ਕਰੋੜ ਤੋਂ ਵੱਧ ਮਰੀਜ਼ਾਂ ਨੇ 842 ਆਮ ਆਦਮੀ ਕਲੀਨਿਕਾਂ ਤੋਂ ਮੁਫ਼ਤ ਇਲਾਜ ਪ੍ਰਾਪਤ ਕੀਤਾ ਹੈ। ਜ਼ਿਕਰਯੋਗ ਹੈ ਕਿ ਸੂਬੇ ’ਚ ਮੌਜੂਦ ਕੁੱਲ 842 ਆਮ ਆਦਮੀ ਕਲੀਨਿਕ ਚੋਂ 312 ਸ਼ਹਿਰੀ ਖੇਤਰਾਂ ਵਿੱਚ ਅਤੇ 530 ਦਿਹਾਤੀ ਖੇਤਰਾਂ ਵਿੱਚ ਕਾਰਜਸ਼ੀਲ ਹਨ, ਜਿੱਥੇ ਮੁਫਤ ਇਲਾਜ ਤੋਂ ਇਲਾਵਾ 80 ਕਿਸਮਾਂ ਦੀਆਂ ਮੁਫਤ ਦਵਾਈਆਂ ਦੀ ਉਪਲਬਧਤਾ ਅਤੇ 38 ਕਿਸਮਾਂ ਦੀ ਮੁਫਤ ਤਸਖ਼ੀਸੀ ਜਾਂਚ (ਡਾਇਗਨੌਸਟਿਕ ਟੈਸਟ) ਦੀ ਸਹੂਲਤ ਦਿੱਤੀ ਜਾਂਦੀ ਹੈ ।
ਆਮ ਆਦਮੀ ਕਲੀਨਿਕਾਂ ਵਿੱਚ ਲੋਕਾਂ ਦੀ ਆਮਦ ਬਾਰੇ ਜਾਣਕਾਰੀ ਦਿੰਦੇ ਹੋਏ, ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਕਲੀਨਿਕ ਰੋਜ਼ਾਨਾ ਲਗਭਗ 58,900 ਮਰੀਜ਼ਾਂ ਨੂੰ ਸੇਵਾਵਾਂ ਪ੍ਰਦਾਨ ਕਰਦੇ ਹਨ ਜਿਸਦਾ ਮਤਲਬ ਹੈ ਕਿ ਔਸਤਨ, ਹਰੇਕ ਕਲੀਨਿਕ ਵਿੱਚ ਰੋਜ਼ਾਨਾ 70 ਮਰੀਜ਼ ਆਉਂਦੇ ਹਨ। ਇਹ ਅੰਕੜਾ ਬੜਾ ਮਹੱਤਵਪੂਰਨ ਹੈ ਕਿਉਂਕਿ ਇਹ ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਕਲੀਨਿਕਾਂ ਦੀ ਕੁਸ਼ਲਤਾ ਅਤੇ ਸੁਚੱਜੇ ਪ੍ਰਬੰਧਨ ਨੂੰ ਦਰਸਾਉਂਦਾ ਹੈ।
ਸਿਹਤ ਮੰਤਰੀ ਨੇ ਕਿਹਾ, “ਕਲੀਨਿਕਾਂ ਵਿੱਚ ਆਉਣ ਵਾਲੇ 2 ਕਰੋੜ ਲੋਕਾਂ ਵਿੱਚੋਂ, 90 ਲੱਖ ਦੀ ਆਮਦ ਨਵੀਂ ਤੇ ਪਲੇਠੀ ਹੈ, ਜੋ ਕਲੀਨਿਕਾਂ ਦੀ ਵਿਆਪਕ ਪਹੁੰਚ ਨੂੰ ਦਰਸਾਉਂਦੀ ਹੈ, ਜਦੋਂ ਕਿ 1.10 ਕਰੋੜ ਲੋਕਾਂ ਨੇ ਰੀਵਿਜ਼ਟ (ਦੁਬਾਰਾ ਪਹੁੰਚ) ਕੀਤੀਆਂ ਹਨ, ਜੋ ਮਰੀਜ਼ਾਂ ਦੇ ਵਿਸ਼ਵਾਸ ਅਤੇ ਸੰਤੁਸ਼ਟੀ ਨੂੰ ਦਰਸਾਉਂਦਾ ਹੈ।’’ ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਕਲੀਨਿਕਾਂ ਸਦਕਾ ਸੂਬੇ ਦੇ ਲੋਕਾਂ ਲਈ ਵਿੱਤ ਤੋਂ ਬਾਹਰ ਦੇ ਸਿਹਤ ਸੰਭਾਲ ਖਰਚਿਆਂ ਨੂੰ 1030 ਕਰੋੜ ਰੁਪਏ ਦੀ ਵੱਡੀ ਰਾਸ਼ੀ ਤੱਕ ਘਟਾਉਣ ਵਿੱਚ ਸਫ਼ਲਤਾ ਹਾਸਲ ਹੋਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਓ.ਪੀ.ਡੀ. ਦੀਆਂ 55 ਫੀਸਦ ਫੇਰੀਆਂ ਔਰਤਾਂ ਦੀਆਂ ਹਨ, ਜੋ ਕਿ ਲਿੰਗ-ਨਿਰਪੱਖ ਸਿਹਤ ਸੰਭਾਲ ਵੱਲ ਇੱਕ ਮਹੱਤਵਪੂਰਨ ਤਬਦੀਲੀ ਨੂੰ ਦਰਸਾਉਂਦਾ ਹੈ। ਇਹ ਕਲੀਨਿਕ ਬੜੀ ਸਰਗਰਮੀ ਨਾਲ ਰਵਾਇਤੀ ਅੜਿੱਕਿਆਂ ਨੂੰ ਉਲੰਘਦਿਆਂ ਸਭ ਲਈ ਬਰਾਬਰ ਪਹੁੰਚ ਨੂੰ ਯਕੀਨੀ ਬਣਾ ਰਹੇ ਹਨ। ਇਸ ਤੋਂ ਇਲਾਵਾ, 11.20 ਫੀਸਦ ਫੇਰੀਆਂ ਬੱਚਿਆਂ ਅਤੇ ਕਿਸ਼ੋਰਾਂ (0-12 ਉਮਰ ਵਰਗ) ਦੀਆਂ ਹਨ, ਜਦੋਂ ਕਿ ਮਹੱਤਵਪੂਰਨ 68.86 ਫੀਸਦ ਬਾਲਗਾਂ (13-60 ਉਮਰ ਵਰਗ) ਦੀਆਂ ਹਨ। ਇਸ ਤੋਂ ਇਲਾਵਾ, 19.94 ਫੀਸਦ ਸਿਹਤ ਸਬੰਧੀ ਫੇਰੀਆਂ ਸੀਨੀਅਰ ਨਾਗਰਿਕਾਂ (60 ਤੋਂ ਵੱਧ) ਵੱਲੋਂ ਕੀਤੀਆਂ ਜਾਂਦੀਆਂ ਹਨ। ਇਹ ਉਮਰ ਵੰਨ-ਸੁਵੰਨਤਾ , ਹਰ ਉਮਰ ਦੀ ਆਬਾਦੀ ਦੀਆਂ ਸਿਹਤ ਸੰਭਾਲ ਲੋੜਾਂ ਨੂੰ ਪੂਰਾ ਕਰਨ ਲਈ ਆਮ ਆਦਮੀ ਕਲੀਨਿਕ ਦੇ ਸਮਰਪਣ ਤੇ ਕੁਸ਼ਲਤਾ ਨੂੰ ਦਰਸਾਉਂਦੀ ਹੈ।
ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਹਰੇਕ ਕਲੀਨਿਕ ਆਈ.ਟੀ. ਬੁਨਿਆਦੀ ਢਾਂਚੇ ਨਾਲ ਲੈਸ ਹੈ, ਜਿਸ ਨਾਲ ਰਜਿਸਟਰੇਸ਼ਨ, ਡਾਕਟਰੀ ਸਲਾਹ-ਮਸ਼ਵਰੇ, ਜਾਂਚ ਅਤੇ ਡਾਕਟਰੀ ਤਜਵੀਜ਼ (ਪ੍ਰਿਸਕ੍ਰਿਪਸ਼ਨ) ਦੇ ਮੁਕੰਮਲ ਤੌਰ ’ਤੇ ਡਿਜੀਟਾਈਜ਼ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ।