ਬੀਤੇ ਦਿਨੀਂ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਇੱਕ ਸਿਖਾਂਦਰੂ ਡਾਕਟਰ ਨਾਲ ਹੋਈ ਬਲਾਤਕਾਰ ਅਤੇ ਕਤਲ ਦੀ ਵਾਰਦਾਤ ਤੋਂ ਬਾਅਦ ਜਿਲ੍ਹਾ ਮੁਹਾਲੀ ਦੀ ਪੁਲੀਸ ਵਲੋਂ ਹਸਪਤਾਲਾਂ ਵਿੱਚ ਅਜਿਹੀ ਕਿਸੇ ਵਾਰਦਾਤ ਨੂੰ ਵਾਪਰਨ ਤੋਂ ਰੋਕਣ ਲਈ ਅਗਾਉਂ ਕਾਰਵਾਈ ਆਰੰਭ ਦਿੱਤੀ ਹੈ। ਇਸਦੇ ਤਹਿਤ ਜਿਲ੍ਹੇ ਦੇ ਐਸ ਐਸ ਪੀ ਸ੍ਰੀ ਦੀਪਕ ਪਾਰਿਕ ਵਲੋਂ ਸ਼ਹਿਰ ਵਿਚਲੇ ਵੱਖ ਵੱਖ ਹਸਪਤਾਲਾਂ ਦਾ ਦੌਰਾ ਕਰਕੇ ਉੱਥੇ ਸੁਰੱਖਿਆ ਵਿਵਸਥਾ ਦੀ ਜਾਂਚ ਕੀਤੀ ਗਈ ਅਤੇ ਹਸਪਤਾਲਾਂ ਦੀ ਸੁਰਖਿਆ ਟੀਮ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਹਿਦਾਇਤਾਂ ਦਿੱਤੀਆਂ ਗਈਆਂ।
ਇਸ ਮੌਕੇ ਉਹਨਾਂ ਵਲੋਂ ਹਸਪਤਾਲਾਂ ਦੇ ਸੀ ਸੀਟੀ ਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਗਈ ਅਤੇ ਸੁਰਖਿਆ ਵਿਵਸਥਾ ਦੀਆਂ ਖਾਮੀਆਂ ਨੂੰ ਦੂਰ ਕਰਨ ਲਈ ਤੁਰੰਤ ਕਾਰਵਾਈ ਬਾਰੇ ਕਿਹਾ ਗਿਆ। ਸਥਾਨਕ ਫੋਰਟਿਸ ਹਸਪਤਾਲ ਵਿੱਚ ਪਹੁੰਚੇ ਐਸ ਐਸ ਪੀ ਨੇ ਦੱਸਿਆ ਕਿ ਪੁਲੀਸ ਵਲੋਂ ਹਸਪਤਾਲਾਂ ਵਿੱਚ ਕੰਮ ਕਰਦੇ ਸਟਾਫ ਅਤੇ ਉੱਥੇ ਆਉਣ ਵਾਲੇ ਲੋਕਾਂ ਦੀ ਸੁਰਖਿਆ ਵਿਵਸਥਾ ਨੂੰ ਮੁੱਖ ਰੱਖਦਿਆਂ ਵੱਖ ਵੱਖ ਹਸਪਤਾਲਾਂ ਦੀ ਸੁਰੱਖਿਆ ਵਿਵਸਥਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੁਰਖਿਆ ਸਟਾਫ ਨੂੰ ਸੁਰਖਿਆ ਵਿਵਸਥਾ ਦੀਆਂ ਖਾਮੀਆਂ ਦੂਰ ਕਰਨ ਲਈ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਭਾਵੇਂ ਇਸ ਕਾਰਵਾਈ ਦਾ ਕੋਲਕਾਤਾ ਵਿਖੇ ਸਿਖਾਂਦਰੂ ਡਾਕਟਰ ਦੇ ਕਤਲ ਅਤੇ ਬਲਾਤਕਾਰ ਦੀ ਵਾਰਦਾਤ ਨਾਲ ਕੋਈ ਸੰਬੰਧ ਨਹੀਂ ਹੈ ਪਰੰਤੂ ਪੁਲੀਸ ਵਲੋਂ ਇੱਥੇ ਅਜਿਹੀ ਕਿਸੇ ਵਾਰਦਾਤ ਨੂੰ ਵਾਪਰਨ ਤੋਂ ਰੋਕਣ ਲਈ ਅਗਾਉਂ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਜਿਲ੍ਹਾ ਪੁਲੀਸ ਕਪਤਾਨ ਦੀਆਂ ਹਿਦਾਇਤਾਂ ਤੇ ਪੁਲੀਸ ਵਲੋਂ ਹਸਪਤਾਲਾਂ ਦੀ ਸੁਰਖਿਆ ਵਿਵਸਥਾ ਦੀ ਜਾਂਚ ਦੇ ਨਾਲ ਨਾਲ ਹਸਪਤਾਲਾਂ ਨੇੜੇ ਪੁਲੀਸ ਗਸ਼ਤ ਵੀ ਵਧਾਈ ਜਾ ਰਹੀ ਹੈ।