ਬਠਿੰਡਾ(ਪਰਵਿੰਦਰ ਜੀਤ ਸਿੰਘ)ਬਠਿੰਡਾ ਫਿਲਮ ਫਾਉਂਡੇਸ਼ਨ ਵੱਲੋਂ ਹਰੇਕ ਸਾਲ ਕਰਵਾਏ ਜਾਂਦੇ ਬਠਿੰਡਾ ਫਿਲਮ ਫੈਸਟੀਵਲ ਦਾ ਪੰਜਵਾਂ ਐਡੀਸ਼ਨ ਨਵੰਬਰ 2025 ਵਿੱਚ ਹੋਵੇਗਾ, ਇਸ ਵਾਰ ਇਹ ਫਿਲਮ ਫੈਸਟੀਵਲ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਉਪਰਾਲਿਆਂ ਨਾਲ ਸੰਬੰਧਿਤ ਫਿਲਮਾਂ ਅਤੇ ਸਮਾਜ ਵਿੱਚ ਫੈਲੀਆਂ ਹੋਈਆਂ ਵੱਖ-ਵੱਖ ਤਰ੍ਹਾਂ ਦੀਆਂ ਬੁਰਾਈਆਂ ਅਤੇ ਕੁਰੀਤੀਆਂ ਨੂੰ ਦੂਰ ਕਰਨ ਅਤੇ ਦੂਸਰੇ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਹੋਵੇਗਾ. ਪੰਜਵੇਂ ਬਠਿੰਡਾ ਫਿਲਮ ਫੈਸਟੀਵਲ 2025 ਦਾ ਥੀਮ ਅਸਲੀ ਹੀਰੋ ਨਸ਼ਾ ਨਹੀਂ ਕਰਦੇ (Real Heroes are Drug Free) ਰੱਖਿਆ ਗਿਆ ਹੈ. ਪ੍ਰੈਸ ਕਲੱਬ ਬਠਿੰਡਾ ਵਿਖੇ ਫੈਸਟੀਵਲ ਬਾਰੇ ਜਾਣਕਾਰੀ ਦਿੰਦਿਆਂ ਫੈਸਟੀਵਲ ਡਾਇਰੈਕਟਰ ਰਣਜੀਤ ਸਿੰਘ ਸੰਧੂ ਨੇ ਦੱਸਿਆ ਕਿ ਬਠਿੰਡਾ ਫਿਲਮ ਫੈਸਟੀਵਲ ਦੇ ਚਾਰ ਐਡੀਸ਼ਨ ਪਿਛਲੇ ਸਾਲਾਂ ਦੌਰਾਨ ਸਫਲਤਾ ਪੂਰਵਕ ਕਰਵਾਏ ਜਾ ਚੁੱਕੇ ਹਨ. ਇਹ ਫਿਲਮ ਫੈਸਟੀਵਲ ਪੰਜਾਬ ਵਿੱਚ ਹੋਣ ਵਾਲਾ ਆਪਣੀ ਤਰ੍ਹਾਂ ਦਾ ਪਹਿਲਾ ਫਿਲਮ ਫੈਸਟੀਵਲ ਹੈ ਜਿਸ ਵਿੱਚ ਸ਼ਾਰਟ ਫਿਲਮਾਂ, ਫੀਚਰ ਫਿਲਮਾਂ, ਵੈੱਬ ਸੀਰੀਜ਼ ਅਤੇ ਮਿਊਜ਼ਿਕ ਵੀਡੀਓਜ਼ ਵੀ ਭੇਜੀਆਂ ਜਾ ਸਕਦੀਆਂ ਹਨ। ਇਸ ਫੈਸਟੀਵਲ ਵਿੱਚ ਕਿਸੇ ਵੀ ਜੋਨਰ ਦੀਆਂ ਫਿਲਮਾਂ ਭੇਜੀਆਂ ਜਾ ਸਕਦੀਆਂ ਹਨ, ਇਸ ਫੈਸਟੀਵਲ ਵਿੱਚ ਫਿਲਮਾਂ ਭੇਜਣ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਂਟਰੀ ਫੀਸ ਜਾਂ ਰਜਿਸਟਰੇਸ਼ਨ ਚਾਰਜਸ ਨਹੀਂ ਹਨ. ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਰਾਜੀਵ ਅਰੋੜਾ ਨੇ ਦੱਸਿਆ ਕਿ ਸ਼ਾਰਟ ਫਿਲਮਾਂ ਦੀ ਕੈਟੇਗਰੀ ਵਿੱਚ ਦੋਵੇਂ ਤਰ੍ਹਾਂ ਦੀਆਂ ਪਹਿਲਾਂ ਤੋਂ ਰਿਲੀਜ਼ ਹੋ ਚੁੱਕੀਆਂ ਅਤੇ ਬਿਲਕੁਲ ਨਵੀਆਂ ਸ਼ਾਰਟ ਫਿਲਮਾਂ ਜਿਨ੍ਹਾਂ ਦੀ ਲੰਬਾਈ ਇੱਕ ਮਿੰਟ ਤੋਂ 30 ਮਿੰਟ ਤੱਕ ਹੋਵੇ ਉਹਨਾਂ ਨੂੰ ਭੇਜਿਆ ਜਾ ਸਕਦਾ ਹੈ, ਫੀਚਰ ਫਿਲਮਾਂ ਦੀ ਕੈਟੇਗਰੀ ਵਿੱਚ ਪਹਿਲਾਂ ਤੋਂ ਰਿਲੀਜ਼ ਹੋ ਚੁੱਕੀਆਂ ਅਤੇ ਬਿਲਕੁਲ ਨਵੀਆਂ ਫੀਚਰ ਫਿਲਮਾਂ ਜਿਨਾਂ ਦੀ ਲੰਬਾਈ 31 ਮਿੰਟ ਤੋਂ ਤਿੰਨ ਘੰਟੇ ਦੇ ਵਿੱਚ ਹੋਵੇ ਉਹ ਭੇਜੀਆਂ ਜਾ ਸਕਦੀਆਂ ਹਨ. ਇਸੇ ਤਰ੍ਹਾਂ ਵੱਖ-ਵੱਖ ਓਟੀਟੀ ਪਲੈਟਫਾਰਮ ਜਾਂ ਯੂਟਿਊਬ ਤੇ ਰਿਲੀਜ਼ ਹੋ ਚੁੱਕੀਆਂ ਜਾਂ ਬਿਲਕੁਲ ਨਵੀਆਂ ਵੈਬ ਸੀਰੀਜ ਜਿਨਾਂ ਦੀ ਘੱਟੋ ਘੱਟ ਲੰਬਾਈ 100 ਮਿੰਟ ਅਤੇ ਘੱਟੋ ਘੱਟ ਤਿੰਨ ਐਪੀਸੋਡ ਹੋਣ ਉਹ ਭੇਜੀਆਂ ਜਾ ਸਕਦੀਆਂ ਹਨ, ਇਸ ਦੇ ਨਾਲ ਹੀ 2 ਮਿੰਟ ਤੋਂ ਲੈ ਕੇ 6 ਮਿੰਟ ਤੱਕ ਦੀਆਂ ਮਿਊਜ਼ਿਕ ਵੀਡੀਓਜ਼ ਭੇਜੀਆਂ ਜਾ ਸਕਦੀਆਂ ਹਨ, ਫਿਲਮਾਂ ਅਤੇ ਵੈੱਬ ਸੀਰੀਜ ਭਾਰਤੀ ਸੰਵਿਧਾਨ ਵਿੱਚ ਦਰਜ 22 ਭਾਸ਼ਾਵਾਂ ਅਤੇ ਯੂਨਾਈਟਡ ਨੇਸ਼ਨਜ਼ ਦੀਆਂ ਛੇ ਇੰਟਰਨੈਸ਼ਨਲ ਭਾਸ਼ਾਵਾਂ ਵਿੱਚ ਭੇਜੀਆਂ ਜਾ ਸਕਦੀਆਂ ਹਨ ਪਰ ਪੰਜਾਬੀ ਅਤੇ ਹਿੰਦੀ ਤੋਂ ਬਿਨਾਂ ਦੂਸਰੀ ਭਾਸ਼ਾਵਾਂ ਦੀਆਂ ਫਿਲਮਾਂ ਦੇ ਲਈ ਪੰਜਾਬੀ ਵਿੱਚ ਸਬ-ਟਾਈਟਲ ਹੋਣੇ ਜਰੂਰੀ ਹਨ. ਸਾਰੀਆਂ ਹੀ ਕੈਟੇਗਰੀਆਂ ਵਿੱਚ ਫਿਲਮਾਂ ਭੇਜਣ ਦੀ ਆਖਰੀ ਮਿਤੀ 10 ਅਕਤੂਬਰ 2025 ਹੈ. ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਕੋਈ ਵੀ ਫਿਲਮ ਮੇਕਰ ਬਠਿੰਡਾ ਫਿਲਮ ਫੈਸਟੀਵਲ ਦੀ ਵੈਬਸਾਈਟ ਤੇ ਜਾ ਕੇ ਮੁਫ਼ਤ ਵਿੱਚ ਆਪਣੀਆਂ ਫਿਲਮਾਂ ਭੇਜ ਸਕਦਾ ਹੈ. ਵਧੇਰੇ ਜਾਣਕਾਰੀ ਲਈ ਫੈਸਟੀਵਲ ਦੀ ਵੈੱਬਸਾਈਟ
www.bathindafilmfestival.com ਤੇ ਵਿਜਿਟ ਕੀਤਾ ਜਾ ਸਕਦਾ ਹੈ ,ਇਸ ਸਮੇਂ ਬਠਿੰਡਾ ਫਿਲਮ ਫਾਉਂਡੇਸ਼ਨ ਦੇ ਪ੍ਰੈਜੀਡੈਂਟ ਦੀਪਕ ਸੈਣੀ, ਖਜਾਨਚੀ ਮਹਿੰਦਰ ਠਾਕੁਰ, ਸਲਾਹਕਾਰ ਬੋਰਡ ਤੋਂ ਹਰਦਰਸ਼ਨ ਸਿੰਘ ਸੋਹਲ, ਮਨੀਸ਼ ਪਾਂਧੀ ਹਾਜ਼ਰ ਸਨ।