ਸੰਗਰੂਰ, 23 ਜਨਵਰੀ (ਜਗਸੀਰ ਸਿੰਘ)- ਕੁਰੁਕਸ਼ੇਤਰ ਯੂਨੀਵਰਸਿਟੀ ਦੇ ਕੁਲਗੁਰੂ ਪ੍ਰੋ. ਸੋਮਨਾਥ ਸਚਦੇਵਾ ਦੇ ਨਿਰਦੇਸ਼ਾਂ ਅਨੁਸਾਰ ਕਾਰਜਕਾਰਨੀ ਪਰਿਸ਼ਦ ਲਈ ਹੋਈਆਂ ਚੋਣਾਂ ਵੀਰਵਾਰ ਨੂੰ ਯੂਨੀਵਰਸਿਟੀ ਦੇ ਡਾ. ਆਰ. ਕੇ. ਸਦਨ ਵਿੱਚ ਸਪੰਨ ਹੋਈਆਂ, ਜਿਨ੍ਹਾਂ ਵਿੱਚ ਕੁੱਲ 89 ਮਤਦਾਤਿਆਂ ਨੇ ਆਪਣੇ ਵੋਟ ਦਾ ਪ੍ਰਯੋਗ ਕੀਤਾ। ਇਸ ਚੋਣ ਵਿੱਚ ਡਾ. ਹਰਵਿੰਦਰ ਸਿੰਘ ਲੌਂਗੋਵਾਲ ਨੂੰ 67 ਵੋਟਾਂ ਪ੍ਰਾਪਤ ਹੋਏ ਜਦਕਿ ਉਨ੍ਹਾਂ ਦੀ ਵਿਰੋਧੀ ਡਾ. ਮੀਨਾਕਸ਼ੀ ਸੁਹਾਗ ਨੂੰ ਸਿਰਫ਼ 20 ਵੋਟ ਮਿਲੇ ਅਤੇ 2 ਵੋਟ ਰੱਦ ਘੋਸ਼ਿਤ ਕੀਤੇ ਗਏ। ਵੋਟਰਾਂ ਨੇ ਚੋਣ ਪ੍ਰਕਿਰਿਆ ਵਿੱਚ ਵੱਧ-ਚੜ੍ਹ ਕੇ ਭਾਗ ਲਿਆ।
ਚੋਣ ਵਿੱਚ ਜਿੱਤ ਪ੍ਰਾਪਤ ਕਰਨ ਉਪਰੰਤ ਡਾ. ਹਰਵਿੰਦਰ ਸਿੰਘ ਲੌਂਗੋਵਾਲ ਨੇ ਸਭ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਹੀ। ਉਨ੍ਹਾਂ ਨੇ ਅਧਿਆਪਕ ਹਿੱਤਾਂ ਦੀ ਰੱਖਿਆ ਲਈ ਹਰ ਸੰਭਵ ਯਤਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ।
ਚੋਣਾਂ ਦੇ ਰਿਟਰਨਿੰਗ ਅਧਿਕਾਰੀ ਅਤੇ ਯੂਨੀਵਰਸਿਟੀ ਦੇ ਉਪ-ਕੁਲਸਚਿਵ ਡਾ. ਪੰਕਜ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰਜਕਾਰਿਣੀ ਪਰਿਸ਼ਦ ਵਿੱਚ ਐਸੋਸੀਏਟ ਪ੍ਰੋਫੈਸਰ ਕੋਟੇ ਤੋਂ ਡਾ. ਮਨੀਸ਼ਾ ਸੰਧੂ ਦਾ ਸਰਬਸੰਮਤੀ ਨਾਲ ਚੋਣ ਹੋ ਚੁੱਕਾ ਹੈ। ਇਸਦੇ ਨਾਲ ਹੀ ਕੋਰਟ ਮੈਂਬਰਾਂ ਵਜੋਂ ਡਾ. ਪੂਜਾ, ਡਾ. ਰਾਮ ਬਿਚਾਰ, ਡਾ. ਰਮੇਸ਼ ਕੁਮਾਰ, ਡਾ. ਸੰਦੀਪ ਕੁਮਾਰ ਅਤੇ ਡਾ. ਸੁਮਨ ਬਾਲਾ ਬਿਨ੍ਹਾਂ ਮੁਕਾਬਲੇ ਚੁਣੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਅੱਜ ਹੋਏ ਚੋਣ ਵਿੱਚ ਅਸਿਸਟੈਂਟ ਪ੍ਰੋਫ਼ੈਸਰ ਕੋਟੇ ਤੋਂ ਡਾ. ਹਰਵਿੰਦਰ ਸਿੰਘ ਲੌਂਗੋਵਾਲ ਨੇ ਜਿੱਤ ਦਰਜ ਕੀਤੀ। ਇਸ ਮੌਕੇ ਡਾ. ਗੁਰਚਰਨ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਵੀਰ ਵਿਕਾਸ ਅਤੇ ਡਾ. ਸੋਹਨ ਲਾਲ ਵੀ ਹਾਜ਼ਰ ਰਹੇ।